ਆਵਾਰਾ ਕੁੱਤਿਆਂ ਦੀ ਵਧੀ ਭਰਮਾਰ, ਬੱਚੇ ਤੇ ਬਜ਼ੁਰਗਾਂ ''ਚ ਸਹਿਮ ਦਾ ਮਾਹੌਲ

05/08/2019 1:49:04 PM

ਤਰਨਤਾਰਨ (ਰਾਜੂ) : ਗੁਰੂ ਨਗਰੀ ਤਰਨ ਤਾਰਨ ਸ਼ਹਿਰ ਅਤੇ ਇਸ ਦੇ ਆਸ-ਪਾਸ ਪਿੰਡਾਂ 'ਚ ਆਵਾਰਾ ਕੁੱਤਿਆਂ ਦੀ ਭਰਮਾਰ ਲਗਾਤਾਰ ਵੱਧਦੀ ਜਾ ਰਹੀ ਹੈ। ਨਤੀਜਾ ਇਹ ਹੈ ਕਿ ਆਵਾਰਾ ਕੁੱਤਿਆਂ ਦੇ ਖੌਫ ਕਾਰਨ ਰਾਹਗੀਰ ਹੁਣ ਘਰਾਂ ਤੋਂ ਬਾਹਰ ਨਿਕਲਣ ਤੋਂ ਡਰਦੇ ਹਨ ਅਤੇ ਖਾਸ ਕਰ ਕੇ ਬੱਚੇ ਤੇ ਬਜ਼ੁਰਗਾਂ 'ਚ ਸਹਿਮ ਪਾਇਆ ਜਾ ਰਿਹਾ ਹੈ। ਤਰਨਤਾਰਨ ਦੀਆਂ ਕਈ ਅਜਿਹੀਆਂ ਵਾਰਡਾਂ ਅਤੇ ਇਲਾਕੇ ਹਨ, ਜਿੱਥੇ ਆਵਾਰਾ ਕੁੱਤੇ ਝੁੰਡ ਬਣਾ ਕੇ ਬੈਠੇ ਰਹਿੰਦੇ ਹਨ ਅਤੇ ਰਾਹਗੀਰ ਦੀ ਉਡੀਕ 'ਚ ਰਹਿੰਦੇ ਹਨ। ਇਨਾ ਹੀ ਨਹੀਂ ਸਵੇਰ ਦੇ ਸਮੇਂ ਜਦੋਂ ਸੰਗਤਾਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਨਤਮਸਤਕ ਹੋਣ ਜਾਂਦੀਆਂ ਹਨ ਤਾਂ ਇਹ ਕੁੱਤੇ ਸੰਗਤਾਂ ਦੇ ਪਿੱਛੇ ਦੌੜਦੇ ਹਨ ਅਤੇ ਸੰਗਤਾਂ ਨੂੰ ਇਨ੍ਹਾਂ ਤੋਂ ਬਚਣ ਲਈ ਡੰਡੇ (ਸੋਟੀ) ਆਦਿ ਦਾ ਸਹਾਰਾ ਲੈਣਾ ਪੈਂਦਾ ਹੈ। ਇਸ ਤੋਂ ਇਲਾਵਾ ਕਈ ਅਜਿਹੇ ਪਿੰਡ ਹਨ, ਜਿੱਥੇ ਕੁੱਤਿਆਂ ਦੀ ਦਹਿਸ਼ਤ ਇੰਨੀ ਜ਼ਿਆਦਾ ਹੈ ਕਿ ਰਾਤ ਸਮੇਂ ਜਾਂ ਫਿਰ ਸੁੰਨਸਾਨ ਰਸਤੇ ਉੱਪਰ ਲੋਕ ਇਕੱਲੇ ਘਰੋਂ ਨਿਕਲਣ ਤੋਂ ਡਰਦੇ ਹਨ ਕਿਉਂਕਿ ਖਾਸ ਕਰ ਕੇ ਜਦੋਂ ਕੋਈ ਵਿਅਕਤੀ ਦੋ-ਪਹੀਆ ਵਾਹਨ 'ਤੇ ਸਵਾਰ ਹੋ ਕੇ ਜਾਂਦਾ ਹੈ ਤਾਂ ਕੁੱਤਿਆਂ ਦਾ ਝੁੰਡ ਉਸ ਦੇ ਪਿੱਛੇ ਪੈ ਜਾਂਦਾ ਹੈ ਅਤੇ ਇਸ ਦੌਰਾਨ ਵਾਹਨ ਸੰਤੁਲਨ ਵਿਗੜ ਜਾਣ ਕਾਰਨ ਹਾਦਸਿਆਂ ਦਾ ਕਾਰਨ ਵੀ ਬਣ ਜਾਂਦਾ ਹੈ। ਇਨ੍ਹਾਂ ਆਵਾਰਾ ਕੁੱਤਿਆਂ ਦੀ ਦਹਿਸ਼ਤ ਸਬੰਧੀ ਪਿਛਲੇ ਲੰਮੇ ਸਮੇਂ ਤੋਂ ਆਵਾਜ਼ ਚੁੱਕੀ ਜਾ ਰਹੀ ਹੈ ਪਰ ਫਿਰ ਵੀ ਪ੍ਰਸ਼ਾਸਨ ਇਨ੍ਹਾਂ ਤੋਂ ਨਿਜਾਤ ਦਿਵਾਉਣ ਲਈ ਕੋਈ ਕੰਮ ਕਰਦਾ ਨਜ਼ਰ ਨਹੀਂ ਆ ਰਿਹਾ ਅਤੇ ਇਨ੍ਹਾਂ ਆਵਾਰਾ ਕੁੱਤਿਆਂ ਦੀ ਭਰਮਾਰ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ।

ਨਸਬੰਦੀ ਕਰਨ 'ਚ ਪ੍ਰਸ਼ਾਸਨ ਢਿੱਲਾ
ਆਵਾਰਾ ਕੁੱਤਿਆਂ ਦੀ ਰੋਕਥਾਮ ਸਬੰਧੀ ਪ੍ਰਸ਼ਾਸਨ ਅਵੇਸਲਾ ਬਣਿਆ ਹੋਇਆ ਹੈ ਕਿਉਂਕਿ ਨਾ ਤਾਂ ਇਨ੍ਹਾਂ ਤੋਂ ਨਿਜਾਤ ਪਾਉਣ ਦਾ ਹੱਲ ਕੀਤਾ ਜਾਂਦਾ ਹੈ ਸਗੋਂ ਨਸਬੰਦੀ ਦਾ ਟੀਕਾਕਰਨ ਵੀ ਸਮੇਂ-ਸਮੇਂ 'ਤੇ ਨਾ ਹੋਣ ਕਾਰਨ ਇਨ੍ਹਾਂ ਦੀ ਪੈਦਾਵਾਰ ਹੋ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਆਵਾਰਾ ਕੁੱਤਿਆਂ ਨੂੰ ਨਸਬੰਦੀ ਦੇ ਟੀਕੇ ਲਗਾਏ ਜਾਣ ਤਾਂ ਜੋ ਇਨ੍ਹਾਂ ਦੀ ਪੈਦਾਵਾਰ ਰੁਕ ਸਕੇ। -ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਕੌਮੀ ਪ੍ਰਧਾਨ ਬਾਬਾ ਦਰਸ਼ਨ ਸਿੰਘ

ਪ੍ਰਸ਼ਾਸਨ ਨੂੰ ਨਹੀਂ ਹੈ ਲੋਕਾਂ ਦੀ ਜਾਨ ਦੀ ਪ੍ਰਵਾਹ
ਆਵਾਰਾ ਕੁੱਤਿਆਂ ਦੀ ਲਪੇਟ 'ਚ ਆਉਣ ਕਾਰਨ ਪਹਿਲਾਂ ਵੀ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਫਿਰ ਵੀ ਪ੍ਰਸ਼ਾਸਨ ਨੇ ਕੋਈ ਸਬਕ ਨਹੀਂ ਸਿੱਖਿਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਸਿਰਫ ਫਾਈਲਾਂ 'ਚ ਹੀ ਖਾਨਾਪੂਰਤੀ ਕਰ ਕੇ ਸਮਾਂ ਲੰਘਾ ਰਹੇ ਹਨ ਅਤੇ ਪ੍ਰਸ਼ਾਸਨ ਨੂੰ ਲੋਕਾਂ ਦੀ ਜਾਨ ਦੀ ਕੋਈ ਪ੍ਰਵਾਹ ਨਹੀਂ। -ਸਮਾਜ ਸੇਵੀ ਹਰੀਕ੍ਰਿਸ਼ਨ ਲਾਲ ਅਰੋੜਾ

ਸਬੰਧਤ ਅਧਿਕਾਰੀਆਂ ਨੂੰ ਦਿੱਤੇ ਆਦੇਸ਼ : ਡੀ. ਸੀ.
ਇਸ ਸਬੰਧੀ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਦਾ ਕਹਿਣਾ ਹੈ ਕਿ ਆਵਾਰਾ ਕੁੱਤਿਆਂ ਨੂੰ ਨਕੇਲ ਪਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਅਤੇ ਇਸ ਸਬੰਧੀ ਜਲਦ ਉਹ ਰਿਪੋਰਟ ਲੈਣਗੇ। ਜੇਕਰ ਅਧਿਕਾਰੀਆਂ ਦੀ ਕੁਤਾਹੀ ਸਾਹਮਣੇ ਆਈ ਤਾਂ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।

Baljeet Kaur

This news is Content Editor Baljeet Kaur