ਪੈਟਰੋਲ ਪੰਪ ਤੋਂ ਨੌਸ਼ਰਬਾਜ਼ ਨੇ 7 ਡਰੰਮਾਂ ‘ਚ ਡੀਜ਼ਲ ਪੁਆ ਮਾਰੀ 91 ਹਜ਼ਾਰ ਦੀ ਠੱਗੀ

12/04/2019 3:34:56 PM

ਤਪਾ ਮੰਡੀ (ਸ਼ਾਮ, ਗਰਗ) - ਸਥਾਨਕ ਮੰਡੀ ਦੀ ਸੰਘਣੀ ਆਬਾਦੀ ‘ਚ ਲੱਗੇ ਇਕ ਪੈਟਰੋਲ ਪੰਪ ਤੋਂ ਇਕ ਨੌਸ਼ਰਬਾਜ਼ ਵਲੋਂ 7 ਡਰੰਮਾਂ ‘ਚ ਡੀਜ਼ਲ ਤੇਲ ਪੁਆ ਕਰੀਬ 91 ਹਜ਼ਾਰ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਮਗਰੋਂ ਪੈਟਰੋਲ ਪੰਪ ਮਾਲਕਾਂ ਅਤੇ ਆਮ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਬਾਂਸਲ ਪੈਟਰੋਲ ਪੰਪ ਦੇ ਮਾਲਕ ਮਿਠੁਨ ਲਾਲ ਬਾਂਸਲ, ਚਰਨ ਦਾਸ ਬਾਂਸਲ ਅਤੇ ਸੁਭਾਸ ਬਾਂਸਲ ਨੇ ਕਿਹਾ ਕਿ ਇਕ ਨੋਸ਼ਰਬਾਜ਼, ਜੋ ਛੇਟੇ ਕੱਦ ਦਾ ਹੈ, ਸਵੇਰ ਦੇ ਸਮੇਂ ਉਨ੍ਹਾਂ ਕੋਲ ਆਇਆ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਘੌਨੇ ਫਾਟਕਾਂ ‘ਤੇ ਟਿੱਬੇ ਤੋਂ ਮਿੱਟੀ ਚੁੱਕਣ ਲਈ 16 ਟਰੈਕਟਰ ਲੱਗੇ ਹੋਏ ਹਨ, ਜਿਸ ਦੇ ਲਈ ਕਾਫੀ ਮਾਤਰਾ ‘ਚ ਡੀਜ਼ਲ ਲੱਗੇਗਾ। ਜੇਕਰ ਕੁਝ ਰੁਪਏ ਰਹਿ ਜਾਣ ਤਾਂ ਉਹ ਉਧਾਰ ਕਰ ਲੈਣ ਤਾਂ ਮਾਲਕਾਂ ਨੇ ਕਿਹਾ ਕਿ ਉਹ ਜਾਣ-ਪਛਾਣ ਤੋਂ ਬਿਨ੍ਹਾਂ ਕਿਸੇ ਨੂੰ ਡੀਜ਼ਲ ਨਹੀਂ ਦਿੰਦੇ। ਉਸ ਨੇ 7 ਡਰੰਮ ਨਗਦ ਰੁਪਏ ਲੈ ਕੇ ਆਉਣ ਦੀ ਗੱਲ ਕਹਿ ਕੇ ਚਲਾ ਗਿਆ। 

ਉਨ੍ਹਾਂ ਕਿਹਾ ਕਿ ਸ਼ਾਮ 6 ਕੁ ਵਜੇ ਦੇ ਕਰੀਬ ਨੌਸ਼ਰਬਾਜ਼ ਇਕ ਛੋਟਾ ਹਾਥੀ ਲਿਆਇਆ, ਜਿਸ ‘ਚ 7 ਡਰੰਮ ਲੱਦੇ ਹੋਏ ਸਨ। ਡਰੰਮਾਂ ’ਚ 200-200 ਲੀਟਰ ਡੀਜ਼ਲ ਪੁਆ ਕੇ ਕਹਿਣ ਲੱਗਾ ਕਿ ਉਥੇ ਮੇਰੀ ਕਾਰ ਖੜ੍ਹੀ ਹੈ ਅਤੇ ਮੈਂ ਇਨ੍ਹਾਂ ਨੂੰ ਲੁਹਾਕੇ ਹੋਰ ਡਰੰਮ ਲੈਕੇ ਆਉਂਦਾਂ ਹਾਂ। 10-15 ਮਿੰਟ ਨੌਸ਼ਰਬਾਜ ਨਾ ਆਇਆ ਤਾਂ ਕਾਰ ਡਰਾਇਵਰ ਨੂੰ ਪੁਛਿਆਂ ਤਾਂ ਉਸ ਨੇ ਕਿਹਾ ਮੈਨੂੰ ਉਹ ਇਥੇ ਖੜ੍ਹਾ ਕਰਕੇ ਗਿਆ ਹੈ, ਆ ਜਾਵੇਗਾ। ਕਾਫੀ ਸਮਾਂ ਉਸ ਦੇ ਨਾ ਆਉਣ ’ਤੇ ਪੰਪ ਮਾਲਕਾਂ ਨੂੰ ਸ਼ੱਕ ਪੈ ਗਿਆ ਕਿ ਉਨ੍ਹਾਂ ਨਾਲ ਠੱਗੀ ਵੱਜੀ ਹੈ। ਉਨ੍ਹਾਂ ਕਾਰ ਚਾਲਕ ਨੂੰ ਕਾਰ ਸਣੇ ਕਬਜ਼ੇ ’ਚ ਲੈ ਕੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਕਾਰ ਚਾਲਕ ਤੋਂ ਪੁੱਛ-ਗਿੱਛ ਕਰਕੇ ਚੈਂਪੂ ਮਾਲਕ ਨੂੰ ਕਬਜ਼ੇ ’ਚ ਲੈ ਲਿਆ, ਜਿਨਾਂ ਨੇ ਦੱਸਿਆ ਕਿ ਉਸ ਨੇ ਸਾਡੇ ਤੋਂ ਦੋਵੇਂ ਗੱਡੀਆਂ ਕਿਰਾਏ ’ਤੇ ਲਈਆਂ ਸਨ।

ਠੱਗੀ ਦਾ ਪਰਦਾਫਾਸ਼ ਕਰਨ ਲਈ ਤਪਾ ਪੁਲਸ ਨੇ ਰਾਮਪੁਰਾ ਪੁਲਸ ਨੂੰ ਨਾਲ ਲੈ ਕੇ ਕਈ ਥਾਂਵਾਂ ‘ਤੇ ਛਾਪਾਮਾਰੀ ਕੀਤੀ ਪਰ ਸਫਲਤਾ ਨਹੀਂ ਮਿਲ ਪਾਈ। ਇਸ ਠੱਗੀ ਬਾਰੇ ਜਦੋਂ ਮੰਡੀ ‘ਚ ਗੱਲ ਫੈਲੀ ਤਾਂ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਐੱਸ.ਐੱਚ.ਓ. ਤਪਾ ਨਰਾਇਣ ਸਿੰਘ ਨੇ ਦੱਸਿਆ ਕਿ ਪੁਲਸ ਜਾਂਚ ਕਰਨ ‘ਚ ਜੁੱਟੀ ਹੋਈ ਹੈ। ਸੀ.ਸੀ.ਟੀ.ਵੀ ਕੈਮਰੇ ਦੀਆਂ ਫੁਟੇਜ਼ਾਂ ਖੰਘਾਲ ਕੇ ਜਲਦੀ ਨੌਸ਼ਰਬਾਜ਼ ਨੂੰ ਕਾਬੂ ਕਰ ਲਿਆ ਜਾਵੇਗਾ।

rajwinder kaur

This news is Content Editor rajwinder kaur