ਚੰਡੀਗੜ੍ਹ ਦੇ ਮੁੰਡੇ ਦੀ ਮੋਰਨੀ ਰੋਡ ''ਤੇ ਮਿਲੀ ਸੀ ਲਾਸ਼, ਬਿਲਕਦੀ ਹੋਈ ਮਾਂ ਨੇ ਦੱਸੀ ਦਿਲ ਦੀ ਗੱਲ

11/18/2017 7:41:40 AM

ਪੰਚਕੂਲਾ/ਚੰਡੀਗੜ੍ਹ (ਮੁਕੇਸ਼) : ਚੰਡੀਗੜ੍ਹ ਦੇ ਰਹਿਣ ਵਾਲੇ ਬੀ. ਏ. ਦੇ ਵਿਦਿਆਰਥੀ ਤਨਿਸ਼ਕ ਭਸੀਨ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਤਨਿਸ਼ਕ ਦੀ ਰੋਂਦੀ-ਬਿਲਖਦੀ ਮਾਂ ਸਵੀਟੀ ਦਾ ਕਹਿਣਾ ਹੈ ਕਿ ਉਸ ਦਾ ਦਿਲ ਕਹਿੰਦਾ ਹੈ ਕਿ ਉਸ ਦਾ ਬੇਟਾ ਖੁਦਕੁਸ਼ੀ ਨਹੀਂ ਕਰ ਸਕਦਾ। ਉਸ ਨੇ ਦੱਸਿਆ ਕਿ ਤਨਿਸ਼ਕ ਦੀ ਮੌਤ ਤੋਂ ਪਹਿਲਾਂ ਉਸ ਕੋਲਕਰੀਬ 99 ਹਜ਼ਾਰ ਰੁਪਏ ਕੈਸ਼ ਸੀ, ਜਦੋਂ ਕਿ ਪੁਲਸ ਨੂੰ ਤਨਿਸ਼ਕ ਕੋਲੋਂ 2300 ਰੁਪਏ ਮਿਲੇ ਹਨ। ਉਨ੍ਹਾਂ ਨੇ ਦੱਸਿਆ ਕਿ ਤਨਿਸ਼ਕ ਆਈ. ਏ. ਐੱਸ. ਦੀ ਕੋਚਿੰਗ ਲੈਣਾ ਚਾਹੁੰਦਾ ਸੀ, ਜਿਸ ਲਈ ਉਸ ਨੇ ਕੋਚਿੰਗ ਸੈਂਟਰ 'ਚ ਜਮ੍ਹਾਂ ਕਰਵਾਉਣ ਲਈ ਪੈਸੇ ਪਰਿਵਾਰ ਵਾਲਿਆਂ ਕੋਲੋਂ ਲਏ ਸਨ। ਉਨ੍ਹਾਂ ਨੇ ਦੱਸਿਆ ਕਿ ਤਨਿਸ਼ਕ ਕਦੇ ਵੀ ਆਪਣੇ ਕੋਲ ਜ਼ਿਆਦਾ ਪੈਸੇ ਨਹੀਂ ਰੱਖਦਾ ਸੀ। ਜਿੰਨੇ ਪੈਸਿਆਂ ਦੀ ਲੋੜ ਹੁੰਦੀ ਸੀ, ਉਨੇ ਹੀ ਖਰਚ ਕਰਕੇ ਬਾਕੀ ਪੈਸੇ ਵਾਪਸ ਦੇ ਦਿੰਦਾ ਸੀ। ਇਸ ਲਈ ਉਨ੍ਹਾਂ ਦਾ ਬੇਟਾ ਖੁਦਕੁਸ਼ੀ ਨਹੀਂ ਕਰ ਸਕਦ ਕਿਉਂਕਿ ਉਸ ਨੂੰ ਕੋਈ ਪਰੇਸ਼ਾਨੀ ਨਹੀਂ ਸੀ।  ਜ਼ਿਕਰਯੋਗ ਹੈ ਕਿ 9 ਨਵੰਬਰ ਨੂੰ ਪੁਲਸ ਨੂੰ ਪੰਚਕੂਲਾ-ਮੋਰਨੀ ਰੋਡ 'ਤੇ ਤਨਿਸ਼ਕ ਦੀ ਲਾਸ਼ ਮਿਲੀ ਸੀ। ਤਨਿਸ਼ਕ ਸੀਟ 'ਤੇ ਖੂਨ ਨਾਲ ਲਥਪਥ ਪਿਆ ਸੀ ਅਤੇ ਉਸ ਦੀ ਗੋਦੀ 'ਚੋਂ ਇਕ ਜਰਮਨ ਮੇਡ ਪਿਸਤੌਲ ਬਰਾਮਦ ਕੀਤੀ ਗਈ ਸੀ, ਜਿਸ ਤੋਂ ਬਾਅਦ ਪੁਲਸ ਜਾਂਚ ਕਰਨ 'ਚ ਲੱਗੀ ਹੋਈ ਹੈ ਕਿ ਇਹ ਮਾਮਲਾ ਕਤਲ ਦਾ ਹੈ ਜਾਂ ਫਿਰ ਤਨਿਸ਼ਕ ਨੇ ਖੁਦਕੁਸ਼ੀ ਕੀਤੀ ਹੈ।