ਸੋਸ਼ਲ ਮੀਡੀਆ ''ਤੇ ਧਾਰਮਿਕ ਤਸਵੀਰਾਂ ਨਾਲ ਛੇੜਛਾੜ ਕਰਕੇ ਪੋਸਟ ਪਾਉਣ ਵਾਲਿਆਂ ''ਤੇ ਹੋਵੇ ਕਾਰਵਾਈ – ਸ਼ਿਵ ਸੈਨਿਕ

02/17/2018 5:05:00 PM

ਗੁਰਦਾਸਪੁਰ (ਦੀਪਕ) –ਅੱਜ ਸ਼ਿਵ ਸੈਨਾ ਸਮਾਜਵਾਦੀ ਦੀ ਮੀਟਿੰਗ ਸਿਟੀ ਪ੍ਰਧਾਨ ਰਵਿੰਦਰ ਮੁੰਨਾ ਦੀ ਅਗਵਾਈ ਵਿਚ ਹੋਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਜ਼ਿਲਾ ਪ੍ਰਧਾਨ ਕਸ਼ਮੀਰ ਬੱਬੂ, ਜ਼ਿਲਾ ਵਾਈਸ ਪ੍ਰਧਾਨ ਅਸ਼ਵਨੀ ਕੁਮਾਰ, ਸੀਨੀਅਰ ਨੇਤਾ ਰਾਜ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੋ ਲੋਕ ਸੋਸ਼ਲ ਮੀਡੀਆ 'ਤੇ ਹਿੰਦੂ ਦੇਵੀ ਦੇਵਤੀਆਂ ਦੀਆਂ ਤਸਵੀਰਾਂ ਨਾਲ ਛੇੜਛਾੜ ਕਰਕੇ ਪੋਸਟ ਪਾ ਰਹੇ ਹਨ, ਉਹ ਇਕ ਮੰਦਭਾਗੀ ਗੱਲ ਹੈ।
ਉਨ੍ਹਾਂ ਕਿਹਾ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨਾਲ ਛੇੜਛਾੜ ਕਰਕੇ ਸੋਸ਼ਲ ਮੀਡੀਆ 'ਤੇ ਪਾਈ ਗਈ ਹੈ, ਜਿਸ ਕਾਰਨ ਸਾਰੇ ਧਰਮਾਂ ਦੇ ਲੋਕਾਂ ਦੇ ਦਿਲਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਸ਼ਿਵ ਸੈਨਾ ਸਮਾਜਵਾਦੀ ਸਰਕਾਰ ਤੋਂ ਮੰਗ ਕਰਦੀ ਹੈ ਕਿ ਜੋ ਲੋਕ ਧਾਰਮਿਕ ਫੋਟੋ ਅਪਮਾਨਜਨਕ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਉਂਦਾ ਹੈ, ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਸ਼ਿਵ ਸੈਨਾ ਸਮਾਜਵਾਦੀ ਰੋਸ ਪ੍ਰਦਰਸ਼ਨ ਕਰੇਗੀ। ਇਸ ਮੌਕੇ ਯੁਵਾ ਬਲਾਕ ਵਾਈਸ ਪ੍ਰਧਾਨ ਹਨੀ, ਸੰਦੀਪ, ਰਵੀ, ਸੋਨੂੰ, ਰਾਜੂ, ਸੰਨੀ, ਰੋਸ਼ਨ ਆਦਿ ਹਾਜ਼ਰ ਸਨ।