ਹੈਰੀਟੇਜ ਸਟਰੀਟ ''ਤੇ ਲੱਗੇ ਬੁੱਤਾਂ ਨੂੰ ਤੋੜਨ ਵਾਲੇ ਨੌਜਵਾਨਾਂ ਦੇ ਹੱਕ ''ਚ ਆਏ ਦਾਦੂਵਾਲ

01/17/2020 12:31:14 PM

ਤਲਵੰਡੀ ਸਾਬੋ (ਮਨੀਸ਼) : ਸਰਬੱਤ ਖਾਲਸਾ ਵੱਲੋਂ ਥਾਪੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ 'ਤੇ ਲੱਗੇ ਬੁੱਤਾਂ ਤੋੜਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤੇ ਗਏ 8 ਸਿੱਖ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ 'ਚ ਪੰਜਾਬ ਨੇ ਸੱਭਿਆਚਾਰ ਨਾਲ ਸਬੰਧਤ ਗਿੱਧੇ ਅਤੇ ਭੰਗੜੇ ਦੇ ਬੁੱਤ ਬਣਾਉਣੇ ਸਿੱਖ ਮਰਿਆਦਾ ਦੇ ਉਲਟ ਹਨ। ਉਨ੍ਹਾਂ ਕਿਹਾ ਕਿ ਗਿੱਧਾਂ ਅਤੇ ਭੰਗੜਾ ਪੰਜਾਬ ਦਾ ਸੱਭਿਆਚਾਰ ਹੈ ਅਤੇ ਸੱਭਿਆਚਾਰਕ ਸਥਾਨਾਂ 'ਤੇ ਅਜਿਹੇ ਬੁੱਤ ਬਣਾਏ ਜਾਣ ਤਾਂ ਕੋਈ ਇਤਰਾਜ਼ ਨਹੀਂ ਹੈ ਪਰ ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ ਵਿਚ ਬੁੱਤ ਬਣਾਏ ਜਾਣ ਦਾ ਕੋਈ ਮਤਲਬ ਨਹੀਂ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਸਿੱਖ ਜਥੇਬੰਦੀਆਂ ਇਸ ਗੱਲ ਦਾ ਇਤਰਾਜ਼ ਜਤਾ ਰਹੀਆਂ ਸਨ।

ਇਸ ਮੌਕੇ ਦਾਦੂਵਾਲ ਨੇ ਪਿਛਲੀ ਅਕਾਲੀ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਜਿਹੜੇ ਖੁਦ ਨੂੰ ਪੰਥ ਦੀ ਸਰਕਾਰ ਕਹਿੰਦੇ ਸਨ ਉਨ੍ਹਾਂ ਨੂੰ ਅਜਿਹੇ ਬੁੱਤ ਰਸਤੇ ਵਿਚ ਬਣਾਉਣੇ ਨਹੀਂ ਸੀ ਚਾਹੀਦੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਸੀ ਕਿ ਉਨ੍ਹਾਂ ਵੱਲੋਂ ਬੁੱਤ ਹਟਾਏ ਜਾਂਦੇ ਪਰ ਉਨ੍ਹਾਂ ਨੇ ਕੋਈ ਯਤਨ ਨਹੀਂ ਕੀਤਾ ਅਤੇ ਸਰਕਾਰ ਵੀ ਬਦਲ ਗਈ ਅਤੇ ਸੰਗਤਾਂ ਦੀ ਮੰਗ ਉਸੇ ਤਰ੍ਹਾਂ ਬਰਕਰਾਰ ਰਹੀ, ਜਿਸ ਨੂੰ ਦੇਖਦੇ ਹੋਏ ਕੁੱਝ ਸਿੱਖ ਨੌਜਵਾਨਾਂ ਨੇ ਰੋਸ ਵਜੋਂ ਆ ਕੇ ਬੁੱਤ ਹਟਾਉਣ ਦਾ ਯਤਨ ਕੀਤਾ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦਾਦੂਵਾਲ ਨੇ ਕਿਹਾ ਕਿ ਉਹ ਨੌਜਵਾਨਾਂ ਦੇ ਨਾਲ ਹਨ ਅਤੇ ਉਨ੍ਹਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਵਿਚ ਬਣੇ ਵਿਰਾਸਤ-ਏ-ਖਾਲਸਾ ਵਿਚ ਵੀ ਅਜਿਹੀਆਂ ਤਸਵੀਰਾਂ ਲਗਾਈਆਂ ਗਈਆਂ ਹਨ ਜਿਨ੍ਹਾਂ ਦਾ ਵਿਰਾਸਤ-ਏ-ਖਾਲਸਾ ਨਾਲ ਕੋਈ ਸਬੰਧ ਨਹੀਂ ਹੈ ਪਰ ਉਹ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਜ਼ਰੂਰ ਹਨ। ਉਨ੍ਹਾਂ ਕਿਹਾ ਕਿ ਉਸ ਨੂੰ ਵਿਰਾਸਤ-ਏ-ਖਾਲਸਾ ਨਹੀਂ ਵਿਰਾਸਤ-ਏ-ਪੰਜਾਬ ਕਿਹਾ ਜਾ ਸਕਦਾ ਹੈ। ਦਾਦੂਵਾਲ ਨੇ ਬੁੱਤ ਅਤੇ ਵਿਰਾਸਤ-ਏ-ਖਾਲਸਾ ਵਿਚ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਲੱਗੀਆਂ ਤਸਵੀਰਾਂ ਹਟਾਉਣ ਦੀ ਮੰਗ ਕੀਤੀ ਹੈ।

cherry

This news is Content Editor cherry