ਸਖਤ ਸੁਰੱਖਿਆ ਪ੍ਰਬੰਧਾਂ ''ਚ ਗੱਲਾ ਮੰਡੀ ਭਗਤਾਂਵਾਲਾ ਦੀ ਹੋਈ ਚੋਣ

01/16/2018 7:02:53 AM

ਅੰਮ੍ਰਿਤਸਰ,  (ਨੀਰਜ)-   ਗੱਲਾ ਮੰਡੀ ਭਗਤਾਂਵਾਲਾ ਦੇ ਆੜ੍ਹਤੀਆਂ ਦੀ ਚੋਣ ਅੱਜ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਹੋ ਗਈ ਹੈ ਜਿਸ ਵਿਚ ਸੁਖਦੇਵ ਸਿੰਘ ਸੋਹਲ 70 ਵੋਟਾਂ ਨਾਲ ਜੇਤੂ ਰਹੇ।  
ਜਾਣਕਾਰੀ ਅਨੁਸਾਰ ਗੱਲਾ ਮੰਡੀ ਭਗਤਾਂਵਾਲਾ ਆੜ੍ਹਤੀਆਂ ਦੀ ਪ੍ਰਧਾਨਗੀ ਅਹੁਦੇ ਲਈ ਮੁੱਖ ਮੁਕਾਬਲੇ ਮੌਜੂਦਾ ਪ੍ਰਧਾਨ ਨਰਿੰਦਰ ਕੁਮਾਰ ਬਹਿਲ ਅਤੇ ਸੁਖਦੇਵ ਸਿੰਘ ਸੋਹਲ ਵਿਚਕਾਰ ਸੀ ਜਿਸ ਲਈ ਬਕਾਇਦਾ ਵੋਟਿੰਗ ਕਰਵਾਈ ਗਈ ਅਤੇ ਇਸ ਦੌਰਾਨ ਭਗਤਾਂਵਾਲਾ ਅਨਾਜ ਮੰਡੀ ਵਿਚ ਭਾਰੀ ਪੁਲਸ ਬਲ ਵੀ ਤਾਇਨਾਤ ਕਰ ਦਿੱਤੇ ਗਏ ਤਾਂ ਕਿ ਕਿਸੇ ਤਰ੍ਹਾਂ ਦੀ ਹਿੰਸਕ ਘਟਨਾ ਨਾ ਹੋਵੇ ਸਕੇ। ਭਗਤਾਂਵਾਲਾ ਅਨਾਜ ਮੰਡੀ ਦੀਆਂ ਚੋਣਾਂ ਦੀ ਪਿਛਲੇ ਸਾਲਾਂ 'ਤੇ ਨਜ਼ਰ ਪਾਈਏ ਤਾਂ ਕਈ ਵਾਰ ਇਹ ਚੋਣਾਂ ਹਿੰਸਕ ਵੀ ਹੋ ਚੁੱਕੀਆਂ ਹਨ ਜਿਸ ਨੂੰ ਵੇਖਦੇ ਹੋਏ ਇਸ ਵਾਰ ਭਾਰੀ ਪੁਲਸ ਬਲ ਤਾਇਨਾਤ ਕੀਤਾ ਗਿਆ।  ਮੰਡੀ ਵਿਚ 720 ਵੋਟਾਂ ਪੋਲ ਹੋਈਆਂ ਜਿਸ ਵਿਚੋਂ ਸੁਖਦੇਵ ਸਿੰਘ ਸੋਹਲ ਨੂੰ 395 ਅਤੇ ਨਰਿੰਦਰ ਬਹਿਲ ਨੂੰ 325 ਵੋਟਾਂ ਮਿਲੀਆਂ ਵੋਟਾਂ ਦੀ ਗਿਣਤੀ ਕਰਨ ਦੇ ਬਾਅਦ ਸੁਖਦੇਵ ਸਿੰਘ ਸੋਹਲ ਨੂੰ ਜੇਤੂ ਕਰਾਰ ਦਿੱਤਾ ਗਿਆ। ਸੋਹਲ ਨੇ ਕਿਹਾ ਕਿ ਉਹ ਭਗਤਾਂਵਾਲਾ ਅਨਾਜ ਮੰਡੀ ਦੇ ਵਿਕਾਸ ਅਤੇ ਸਮੂਹ ਆੜ੍ਹਤੀਆਂ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਜੀਅ-ਜਾਨ ਲਾ ਦੇਣਗੇ ਅਤੇ ਕਿਸੇ ਤਰ੍ਹਾਂ ਦੀ ਕਮੀ ਨਹੀਂ ਰੱਖੀ ਜਾਵੇਗੀ।
ਸੁਖਦੇਵ ਸਿੰਘ ਸੋਹਲ ਦੀ ਗੱਲ ਕਰੀਏ ਤਾਂ ਸੋਹਲ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਅਜੀਤ ਸਿੰਘ ਸੋਹਲ ਦੇ ਬੇਟੇ ਹਨ ਜਿਨ੍ਹਾਂ ਨੂੰ ਆੜ੍ਹਤੀਆ ਐਸੋਸੀਏਸ਼ਨ ਦੀ ਪ੍ਰਧਾਨਗੀ ਵਿਰਾਸਤ ਵਿਚ ਮਿਲੀ ਹੈ। ਅਨਾਜ ਮੰਡੀ ਭਗਤਾਂਵਾਲਾ ਦੀ ਗੱਲ ਕਰੀਏ ਤਾਂ ਭਗਤਾਂਵਾਲਾ ਅਨਾਜ ਮੰਡੀ ਉੱਤਰ ਭਾਰਤ ਦੀ ਸਭ ਤੋਂ ਵੱਡੀ ਅਨਾਜ ਮੰਡੀਆਂ ਵਿਚੋਂ ਇਕ ਮੰਨੀ ਜਾਂਦੀ ਹੈ ਹਾਲਾਂਕਿ ਇਸ ਸਮੇਂ ਮੰਡੀ ਦੇ ਨਾਲ ਲੱਗਦੇ ਕੂੜੇ ਦੇ ਡੰਪ ਦੀ ਸਮੱਸਿਆ ਵੀ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ ਜਿਸ ਨੂੰ ਹਟਾਉਣ ਲਈ ਕਈ ਵੱਡੇ ਨੇਤਾ ਚੋਣਾਂ ਵਿਚ ਡੰਪ ਦੇ ਮੁਦੇ ਨੂੰ ਉਠਾ ਚੁੱਕੇ ਹਨ ।