ਸੁਖਬੀਰ ਦੇ ਹਲਕੇ ਤੋਂ ਟਕਸਾਲੀ ਕਰਨਗੇ ''ਅਕਾਲੀ ਦਲ ਬਚਾਓ'' ਮੁਹਿੰਮ ਦਾ ਆਗਾਜ਼

11/17/2018 6:29:04 PM

ਅੰਮ੍ਰਿਤਸਰ : ਅਕਾਲੀ ਦਲ 'ਚੋਂ ਕੱਢੇ ਗਏ ਮਾਝੇ ਦੇ ਟਕਸਾਲੀ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਰਤਨ ਸਿੰਘ ਅਜਨਾਲਾ 'ਅਕਾਲੀ ਦਲ ਬਚਾਓ' ਮੁਹਿੰਮ ਦਾ ਐਗਾਜ਼ ਕਰਨ ਜਾ ਰਹੇ ਹਨ। ਇਸ ਮੁਹਿੰਮ ਦੀ ਸ਼ੁਰੂਆਤ 18 ਨਵੰਬਰ ਨੂੰ ਸੁਖਬੀਰ ਬਾਦਲ ਦੇ ਹਲਕੇ ਜਲਾਲਾਬਾਦ ਤੋਂ ਕੀਤੀ ਜਾਵੇਗੀ। ਸੁਖਬੀਰ ਬਾਦਲ ਖਿਲਾਫ ਝੰਡਾ ਚੁੱਕਣ ਵਾਲੇ ਮਾਝੇ ਦੇ ਤਿੰਨੇ ਲੀਡਰਾਂ ਨੂੰ ਬੀਤੇ ਦਿਨੀਂ ਪਾਰਟੀ ਵਲੋਂ ਬਾਹਰ ਦਾ ਰਸਤਾ ਵਿਖਾਇਆ ਗਿਆ ਸੀ। 


ਕਿਸੇ ਸਮੇਂ ਅਕਾਲੀ ਦਲ 'ਚ ਮੰਤਰੀ ਰਹੇ ਸੇਵਾ ਸਿੰਘ ਸੇਖਵਾਂ ਨੇ ਦੱਸਿਆ ਕਿ ਜਲਾਲਾਬਾਦ ਦੇ ਅਰਨੀਵਾਲਾ 'ਚ ਸ਼ੁੱਕਰਵਾਰ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ ਅਤੇ ਇਸ ਤੋਂ ਇਕ ਦਿਨ ਬਾਅਦ ਜ਼ਿਲੇ ਦੇ 15-20 ਅਕਾਲੀ ਲੀਡਰਾਂ ਨੇ ਸੁਖਬੀਰ ਦੀ ਪ੍ਰਧਾਨਗੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਿਚ ਅਸਤੀਫਾ ਦੇ ਦਿੱਤਾ। ਸੇਖਵਾਂ ਨੇ ਕਿਹਾ ਕਿ 18 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਹਿਬ ਦੇ ਭੋਗ ਪਾਏ ਜਾਣਗੇ ਅਤੇ ਇਸ ਉਪਰੰਤ ਅਕਾਲੀ ਦਲ 'ਚੋਂ ਅਸਤੀਫਾ ਦੇਣ ਵਾਲੇ ਆਗੂਆਂ ਅਤੇ ਵਰਕਰਾਂ ਨੂੰ ਸਨਮਾਨਤ ਵੀ ਕੀਤਾ ਜਾਵੇਗਾ। 


ਸੇਖਵਾਂ ਨੇ ਕਿਹਾ ਕਿ 18 ਨਵੰਬਰ ਨੂੰ ਸ਼ੁਰੂ ਕੀਤੀ ਜਾਣ ਵਾਲੀ ਇਸ ਮੁਹਿੰਮ ਰਾਹੀਂ ਮੁੜ ਪੁਰਾਣਾ ਅਕਾਲੀ ਦਲ ਸਿਰਜਣ ਦਾ ਯਤਨ ਕੀਤਾ ਜਾਵੇਗਾ। ਸੇਖਵਾਂ ਨੇ ਕਿਹਾ ਕਿ ਇਸ ਮੁਹਿੰਮ ਵਿਚ ਫਿਰੋਜ਼ਪੁਰ ਤੋਂ ਐੱਮ. ਪੀ. ਸ਼ੇਰ ਸਿੰਘ ਘੁਬਾਇਆ ਵੀ ਸ਼ਾਮਲ ਹੋਣਗੇ। ਦੱਸਣਯੋਗ ਹੈ ਕਿ ਦੋ ਵਾਰ ਐੱਮ. ਪੀ. ਰਹਿ ਚੁੱਕੇ ਸ਼ੇਰ ਸਿੰਘ ਘੁਬਾਇਆ ਪਹਿਲਾਂ ਹੀ ਅਕਾਲੀ ਦਲ ਖਿਲਾਫ ਵਿਦਰੋਹ ਕਰ ਚੁੱਕੇ ਹਨ। ਸੇਖਵਾਂ ਮੁਤਾਬਕ ਇਸ ਮੁਹਿੰਮ ਦੀ ਸ਼ੁਰੂਆਤ ਬ੍ਰਹਮਪੁਰਾ ਅਤੇ ਅਜਨਾਲਾ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਹੀ ਕੀਤੀ ਜਾ ਰਹੀ ਹੈ ਹਾਲਾਂਕਿ ਸ਼ਾਇਦ ਸਿਹਤ ਠੀਕ ਨਾ ਹੋਣ ਕਾਰਨ ਉਹ ਦੋਵੇਂ ਇਸ ਦਿਨ ਮੌਜੂਦ ਨਾ ਹੋਣ ਪਰ ਉਹ ਸਾਡੇ ਨਾਲ ਹਨ।