ਪੰਜਾਬ ਦੀ ਸਿੱਖ ਸਿਆਸਤ ’ਚ ਵੱਡੀ ਹਲਚਲ, ਬਾਦਲਾਂ ਦੇ ਵਿਰੋਧੀ ਕਾਲਕਾ ਦੇ ਪ੍ਰੋਗਰਾਮ ’ਚ ਪਹੁੰਚੇ ਸੰਤ ਹਰਨਾਮ ਸਿੰਘ ਧੁੰਮਾ

07/18/2022 5:43:27 PM

ਜਲੰਧਰ— ਪੰਜਾਬ ਦੀ ਸਿੱਖ ਸਿਆਸਤ ’ਚ ਵੱਡੀ ਹਲਚਲ ਵੇਖਣ ਨੂੰ ਮਿਲ ਰਹੀ ਹੈ। ਇਕ ਦਹਾਕੇ ਤੋਂ ਵੱਧ ਸਮੇਂ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਸਹਿਯੋਗੀ ਰਹੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਸ਼ਨੀਵਾਰ ਨੂੰ ਬਾਦਲਾਂ ਦੇ ਵਿਰੋਧੀ ਹਰਮੀਤ ਸਿੰਘ ਕਾਲਕਾ ਦੇ ਦਿੱਲੀ ਵਿਖੇ ਇਕ ਪ੍ਰੋਗਰਾਮ ’ਚ ਸ਼ਿਰਕਤ ਕਰਨ ਪੁੱਜੇ। ਦਰਅਸਲ ਹਰਮੀਤ ਕਾਲਕਾ ਵੱਲੋਂ ਆਪਣਾ ਚੋਣ ਨਿਸ਼ਾਨ ‘ਟੋਕਰੀ’ ਜਾਰੀ ਕਰਨ ਲਈ ਸਮਾਗਮ ਆਯੋਜਿਤ ਕੀਤਾ ਗਿਆ ਸੀ, ਜਿਸ ’ਚ ਹਰਨਾਮ ਸਿੰਘ ਧੁੰਮਾ ਵੱਲੋਂ ਸ਼ਿਰਕਤ ਕੀਤੀ ਗਈ। ਇਸ ਦੇ ਇਲਾਵਾ ਬਾਦਲਾਂ ਨਾਲ ਨਾਤਾ ਤੋੜ ਚੁੱਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਅਤੇ ਬਾਦਲਾਂ ਦੇ ਕੱਟੜ ਵਿਰੋਧੀ ਮੰਨੇ ਜਾਂਦੇ ਹਰਿਆਣਾ ਗੁਰਦੁਆਰਾ ਕਮੇਟੀ ਦੇ ਮੁਖੀ ਬਲਜੀਤ ਸਿੰਘ ਦਾਦੂਵਾਲ ਸਮੇਤ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ, ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ, ਜੋਕਿ ਟਕਸਾਲ ਦਾ ਹਿੱਸਾ ਹਨ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਸੀ। 

ਇਹ ਵੀ ਪੜ੍ਹੋ: ਕਾਂਗਰਸੀ ਆਗੂ ਕੁਲਦੀਪ ਮਿੰਟੂ ਦੀ ਪਤਨੀ ਦੀ ਭਿਆਨਕ ਸੜਕ ਹਾਦਸੇ ’ਚ ਮੌਤ, ਵੈਸ਼ਣੋ ਦੇਵੀ ਤੋਂ ਪਰਤ ਰਿਹਾ ਸੀ ਪਰਿਵਾਰ

ਇਸ ਮੌਕੇ ਹਰਨਾਮ ਸਿੰਘ ਧੁੰਮਾ ਨੇ ਬਾਦਲਾਂ ਦਾ ਨਾਂ ਲਏ ਬਿਨਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅਕਾਲੀ ਦਲ ਨੇ ਜਿਹੜੇ ਸਿਧਾਂਤਾਂ ਲਈ ਪਾਰਟੀ ਦੀ ਸਥਾਪਨਾ ਕੀਤੀ ਸੀ, ਉਸ ਤੋਂ ਕਾਫ਼ੀ ਸਮੇਂ ਤੋਂ ਮੂੰਹ ਮੋੜ ਲਿਆ ਹੈ, ਜਿਸ ਕਰਕੇ ਪੰਥ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਧੁੰਮਾ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਸਿਰਫ਼ ਸੱਤਾ ਪ੍ਰਾਪਤੀ ਲਈ ਨਹੀਂ ਕੀਤਾ ਗਿਆ ਸੀ, ਸਗੋਂ ਉਨ੍ਹਾਂ ਦਾ ਮੁੱਖ ਮਕਸਦ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਨਾ, ਸਿੱਧਾਤਾਂ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰਨਾ ਸੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਤਾਕਤਾਂ ਅਤੇ ਹੋਰ ਸਰਕਾਰੀ ਏਜੰਸੀਆਂ ਵੱਲੋਂ ਸਿੱਖ ਨੌਜਵਾਨਾਂ ਨੂੰ ਧਰਮ-ਤਿਆਗ ਵੱਲ ਧੱਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਨਸ਼ੇ ਦੀ ਵਰਤੋਂ ਵੱਧ ਕੀਤੀ ਜਾਣ ਲੱਗੀ ਸੀ। ਅਕਾਲੀ ਦਲ ਨੂੰ ਇਸ ਸਭ ਦਾ ਮੁਕਾਬਲਾ ਕਰਨਾ ਚਾਹੀਦਾ ਸੀ ਪਰ ਅਜਿਹਾ ਨਹੀਂ ਹੋਇਆ ਅਤੇ ਹੁਣ ਬਹੁਤ ਵੱਡਾ ਨੁਕਸਾਨ ਹੋਇਆ ਹੈ। 

ਟਕਸਾਲ ਮੁਖੀ ਨੇ ਧਰਮ ਪਰਿਵਰਤਨ ਦੇ ਮੁੱਦੇ ’ਤੇ ਬੋਲਦੇ ਹੋਏ ਕਿਹਾ ਕਿ ਸਿੱਖਾਂ ਨੂੰ ਈਸਾਈ ਬਣਨ ਵੱਲ ਲੁਭਾਇਆ ਜਾ ਰਿਹਾ ਹੈ। ਉਨ੍ਹਾਂ ਕਾਲਕਾ ਨੂੰ ਸਿੱਖ ਕੈਦੀਆਂ ਦੀ ਰਿਹਾਈ ਲਈ ਕੰਮ ਕਰਨ ਅਤੇ ਇਸ ਦਾ ਸਿਹਰਾ ਲੈਣ ਦੀ ਅਪੀਲ ਕਰਦਿਆਂ ਧਰਮ ਪਰਿਵਰਤਨ ਵਿਰੁੱਧ ਕੰਮ ਕਰਨ ਲਈ ਕਿਹਾ। ਉਨ੍ਹਾਂ ਇਥੋਂ ਤੱਕ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਚੋਣਾਂ ਬੇਹੱਦ ਮਾਇਨੇ ਰੱਖਦੀਆਂ ਹਨ। ਇਸ ਦੌਰਾਨ ਉਨ੍ਹਾਂ ਨੇ ਕਾਲਕਾ ਦੀ ਪੰਥਕ ਕਾਰਜਾਂ ’ਚ ਪਾਏ ਯੋਗਦਾਨ ਲਈ ਪ੍ਰਸ਼ੰਸਾ ਵੀ ਕੀਤੀ। 

ਇਹ ਵੀ ਪੜ੍ਹੋ: ਰੋਜ਼ੀ-ਰੋਟੀ ਲਈ ਦੁਬਈ ਗਏ ਨੌਜਵਾਨਾਂ ਨੂੰ ਬਣਾਇਆ ਬੰਧਕ, ਪਰਿਵਾਰ ਨੂੰ ਵੀਡੀਓ ਭੇਜ ਸੁਣਾਈ ਦੁੱਖ਼ ਭਰੀ ਦਾਸਤਾਨ

ਟਕਸਾਲ-ਅਕਾਲੀ ਦਲ ਨੇ 2011 ’ਚ ਕੀਤਾ ਸੀ ਗਠਜੋੜ
ਦੱਸਣਯੋਗ ਹੈ ਕਿ ਦਮਦਮੀ ਟਕਸਾਲ ਸਿੱਖ ਸਮੂਹਾਂ ਨੂੰ ਇਕੱਠਾ ਕਰਨ ਲਈ ਇਕ ਬਦਲਵਾਂ ਪਲੇਟਫਾਰਮ ਸੀ ਅਤੇ ਲੰਬੇ ਸਮੇਂ ਤੋਂ ਬਾਦਲਾਂ ਦੀ ਅਗਵਾਈ ਵਾਲੇ ਅਕਾਲੀ ਦਲ ਦਾ ਵਿਰੋਧ ਕਰਦਾ ਸੀ ਪਰ 2010 ’ਚ ਇਹ ਸ਼੍ਰੋਮਣੀ ਅਕਾਲੀ ਦਲ ਦੇ ਨੇੜੇ ਹੋਣ ਲੱਗਾ। ਸਾਲ 2011 ’ਚ ਹੋਈਆਂ ਚੋਣਾਂ ’ਚ ਇਸ ਨੇ ਪਾਰਟੀ ਨਾਲ ਰਸਮੀ ਤੌਰ ’ਤੇ ਗਠਜੋੜ ਕੀਤਾ। ਬਰਗਾੜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲ਼ੀਕਾਂਡ ਤੋਂ ਬਾਅਦ ਜਦੋਂ ਅਕਾਲੀ ਦਲ ਨੂੰ ਸਿੱਖਾਂ ਦੀ ਭਾਰੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ। ਟਕਸਾਲ ਦੇ ਬਿਆਨਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਪਰ ਇਸ ਨੇ ਬਾਦਲਾਂ ਨਾਲ ਸੰਬੰਧ ਨਹੀਂ ਤੋੜੇ ਸਨ। 
ਹਾਲ ਹੀ ’ਚ ਹੋਈਆਂ ਪੰਜਾਬ ਚੋਣਾਂ ’ਚ ਵੀ ਟਕਸਾਲ ਦੀ ਅਗਵਾਈ ਵਾਲੇ ਸੰਤ ਸਮਾਜ ਨੇ ਮਾਰਚ ’ਚ ਕਾਲਕਾ ਨੇ ਇਕ ਤਖ਼ਤਾ ਪਲਟ ਦੀ ਅਗਵਾਈ ਕੀਤੀ ਸੀ, ਜਿਸ ਨਾਲ ਡੀ. ਐੱਸ. ਜੀ. ਐੈੱਮ. ਸੀ. ਮੈਂਬਰਾਂ ਨਾਲ ਪਾਰਟੀ ਤੋਂ ਵਾਕਆਊਟ ਕੀਤਾ ਸੀ ਅਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ ਸਟੇਟ) ਬਣਾਉਣ ਦਾ ਐਲਾਨ ਕੀਤਾ। ਅਜਿਹਾ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਡੀ. ਐੱਸ. ਜੀ. ਐੱਮ. ਸੀ. ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਸਮਰਥਨ ਨਾਲ ਇਹ ਸਭ ਕੀਤਾ ਹੈ। 

ਇਹ ਵੀ ਪੜ੍ਹੋ: ਫਗਵਾੜਾ 'ਚ ਸ਼ਰਮਨਾਕ ਘਟਨਾ, ਦੋਸਤ ਦੀ ਕੋਠੀ 'ਚ ਲਿਜਾ ਕੇ 15 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri