ਦਾਤਰ ਦੀ ਨੋਕ ''ਤੇ ਨਕਦੀ, ਸੋਨੇ ਦੀਆਂ ਵਾਲੀਆਂ ਤੇ ਮੋਬਾਇਲ ਖੋਹਿਆ

03/30/2018 6:36:24 AM

ਭੁਲੱਥ, (ਰਜਿੰਦਰ)- ਮੋਟਰ ਸਾਈਕਲ ਸਵਾਰ ਲੁਟੇਰਿਆਂ ਨੇ ਦਿਨ-ਦਿਹਾੜੇ ਥਾਣਾ ਭੁਲੱਥ ਦੇ ਇਲਾਕੇ ਵਿਚ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਦਾਤਰ ਦੀ ਨੋਕ 'ਤੇ ਮੋਟਰਸਾਈਕਲ ਸਵਾਰ ਪਤੀ-ਪਤਨੀ ਕੋਲੋਂ ਕਰੀਬ 2 ਲੱਖ 19 ਹਜ਼ਾਰ ਰੁਪਏ, ਸੋਨੇ ਦੀਆਂ ਵਾਲੀਆਂ ਤੇ ਮੋਬਾਇਲ ਖੋਹ ਲਿਆ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਜਮੇਰ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਪਿੰਡ ਜੋਗਿੰਦਰ ਨਗਰ ਨੇ ਦੱਸਿਆ ਕਿ ਆਪਣੀ ਦੋਹਤੀ ਦੇ ਵਿਆਹ ਦੇ ਸਬੰਧ ਵਿਚ ਸਲਾਹ ਮਸ਼ਵਰਾ ਕਰ ਕੇ ਜਦੋਂ ਮੈਂ ਤੇ ਮੇਰਾ ਪਤੀ ਪਿੰਡ ਨੂਰਪੁਰ ਲੁਬਾਣਾ ਤੋਂ ਵਾਪਸ ਭੁਲੱਥ ਸਾਈਡ ਆ ਰਹੇ ਸੀ ਤਾਂ ਰਸਤੇ ਵਿਚ ਲੱਖਣ-ਕੇ-ਪੱਡੇ ਕੋਲ ਮੇਰੀ ਦੂਸਰੀ ਲੜਕੀ ਮਿਲੀ, ਜਿਸ ਨੇ ਬੈਂਕ ਵਿਚੋਂ ਕਢਵਾਏ ਹੋਏ ਦੋ ਲੱਖ ਰੁਪਏ ਮੈਨੂੰ ਫੜਾਏ। ਜੋ ਮੈਂ ਆਪਣੇ ਪਰਸ ਵਿਚ ਰੱਖ ਲਏ। ਇਸ ਤੋਂ ਬਾਅਦ ਮੈਂ ਤੇ ਮੇਰਾ ਪਤੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਮੇਰੇ ਪੇਕੇ ਪਿੰਡ ਕਰਨੈਲਗੰਜ ਵਿਖੇ ਗਏ, ਜਿਥੋਂ ਅਸੀਂ ਦੁਪਹਿਰ ਵੇਲੇ ਵਾਪਸ ਪਿੰਡ ਜੋਗਿੰਦਰ ਨਗਰ ਲਈ ਚੱਲ ਪਏ। ਇਸ ਦੌਰਾਨ ਜਦੋਂ ਅਸੀਂ ਪਿੰਡ ਅਕਾਲਾ ਦੀ ਪੁਲੀ 'ਤੇ ਪੁੱਜੇ ਤਾਂ ਇਥੇ ਅਣਪਛਾਤੇ ਨੌਜਵਾਨਾਂ ਨੇ ਦਾਤਰ ਦੀ ਨੋਕ 'ਤੇ ਸੋਨੇ ਦੀਆਂ ਵਾਲੀਆਂ, ਮੋਬਾਈਲ ਤੇ ਪੈਸਿਆਂ ਵਾਲਾ ਪਰਸ ਖੋਹ ਲਿਆ। ਜਿਥੋਂ ਇਹ ਨੌਜਵਾਨ ਮੋਟਰਸਾਈਕਲ ਰਾਹੀਂ ਦੌੜ ਗਏ। ਅਜਮੇਰ ਕੌਰ ਨੇ ਦਸਿਆ ਕਿ ਪਰਸ ਵਿਚ ਕੁਲ 2 ਲੱਖ 19 ਹਜ਼ਾਰ ਰੁਪਏ ਸਨ। 
ਇਸ ਸਬੰਧ ਵਿਚ ਜਦੋਂ ਐੱਸ. ਐੱਚ. ਓ. ਭੁਲੱਥ ਬਲਵਿੰਦਰ ਸਿੰਘ ਰੰਧਾਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਦੇ ਸਬੰਧ ਵਿਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।