ਤਾਜ ਮਹੱਲ ਦੇਖਣਾ ਹੋਵੇਗਾ ਹੋਰ ਮਹਿੰਗਾ

01/14/2018 7:26:54 AM

ਜਲੰਧਰ  (ਧਵਨ) - ਤਾਜ ਮਹੱਲ ਦੇਖਣਾ ਹੁਣ ਹੋਰ ਮਹਿੰਗਾ ਹੋ ਜਾਵੇਗਾ ਕਿਉਂਕਿ ਭਾਰਤੀ ਪੁਰਾਤੱਤਵ ਵਿਭਾਗ ਵਲੋਂ ਤਾਜ ਮਹੱਲ ਦੇਖਣ ਲਈ ਦਿੱਤੀਆਂ ਜਾਣ ਵਾਲੀਆਂ ਟਿਕਟਾਂ ਦੀਆਂ ਕੀਮਤਾਂ 'ਚ ਵਾਧਾ ਕੀਤਾ ਜਾ ਰਿਹਾ ਹੈ। ਇਸ ਨੂੰ ਦੇਖਣ ਲਈ ਹਰ ਸਾਲ ਲੱਖਾਂ ਕੌਮਾਂਤਰੀ ਅਤੇ ਘਰੇਲੂ ਸੈਲਾਨੀ ਆਉਂਦੇ ਹਨ। 2 ਸਾਲ ਪਹਿਲਾਂ ਹੀ ਟਿਕਟਾਂ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਸੀ ਅਤੇ ਹੁਣ ਦੁਬਾਰਾ ਹੋਣ ਵਾਲੇ ਵਾਧੇ ਨਾਲ ਸੈਰ-ਸਪਾਟਾ ਉਦਯੋਗ ਵਿਚ ਹਾਹਾਕਾਰ ਮਚੀ ਹੋਈ ਹੈ। ਭਾਰਤੀ ਪੁਤਾਤੱਤਵ ਵਿਭਾਗ ਵਲੋਂ ਇਹ  ਵਾਧਾ ਘਰੇਲੂ ਸੈਲਾਨੀਆਂ ਤੋਂ ਇਲਾਵਾ 'ਸਾਰਕ' ਦੇਸ਼ਾਂ ਦੇ ਨਾਗਰਿਕਾਂ ਤੇ ਹੋਰ ਦੇਸ਼ਾਂ ਦੇ ਲੋਕਾਂ 'ਤੇ ਲਾਗੂ ਹੋਵੇਗਾ।  ਇਸ ਵੇਲੇ ਤਾਜ ਮਹੱਲ ਦੇਖਣ ਲਈ ਪ੍ਰਤੀ ਵਿਅਕਤੀ 40 ਰੁਪਏ ਵਸੂਲ ਕੀਤੇ ਜਾਂਦੇ ਹਨ, ਜਿਨ੍ਹਾਂ ਵਿਚੋਂ 30 ਰੁਪਏ ਭਾਰਤੀ ਪੁਰਾਤੱਤਵ ਸਰਵੇ ਵਿਭਾਗ ਤੇ 10 ਰੁਪਏ ਆਗਰਾ ਡਿਵੈੱਲਪਮੈਂਟ ਅਥਾਰਟੀ ਨੂੰ ਜਾਂਦੇ ਹਨ। ਹੁਣ ਭਾਰਤੀ ਪੁਰਾਤੱਤਵ ਸਰਵੇ ਵਿਭਾਗ ਨੇ ਟਿਕਟ ਦੀ ਕੀਮਤ ਵਧਾ ਕੇ 50 ਰੁਪਏ ਕਰਨ ਦੀ ਗੱਲ ਕਹੀ ਹੈ।
ਦੂਸਰੇ ਪਾਸੇ ਇਸ ਨੂੰ ਦੇਖਣ ਲਈ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਕੋਲੋਂ 1000 ਰੁਪਏ ਪ੍ਰਤੀ ਟਿਕਟ ਵਸੂਲੇ ਜਾਂਦੇ ਹਨ, ਜਿਸਦਾ ਅੱਧਾ ਹਿੱਸਾ ਸਰਵੇ ਵਿਭਾਗ ਅਤੇ ਅੱਧਾ ਹਿੱਸਾ ਆਗਰਾ ਡਿਵੈੱਲਪਮੈਂਟ ਅਥਾਰਟੀ ਨੂੰ ਜਾਂਦਾ ਹੈ। ਹੁਣ ਵਿਦੇਸ਼ੀ ਨਾਗਰਿਕਾਂ ਲਈ ਟਿਕਟ ਦੀ ਕੀਮਤ ਨੂੰ ਵਧਾ ਕੇ 1100 ਰੁਪਏ ਕਰਨ ਦੀ ਤਜਵੀਜ਼ ਹੈ। ਭਾਰਤੀ ਪੁਰਾਤੱਤਵ ਸਰਵੇ ਵਿਭਾਗ ਨੇ ਇਸ ਸਬੰਧ ਵਿਚ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ, ਜਿਸ 'ਤੇ ਅਗਲੇ 4-5 ਦਿਨਾਂ ਵਿਚ ਇਤਰਾਜ਼ ਮੰਗੇ ਜਾਣਗੇ।
ਫੈੱਡਰੇਸ਼ਨ ਆਫ ਟ੍ਰੈਵਲ ਐਸੋਸੀਏਸ਼ਨ ਫਾਰ ਆਗਰਾ ਦੇ ਪ੍ਰਧਾਨ ਰਾਜੀਵ ਤਿਵਾੜੀ ਨੇ ਕਿਹਾ ਕਿ ਅਸੀਂ ਇਤਰਾਜ਼ ਪ੍ਰਗਟਾਉਣ ਲਈ ਖਰੜਾ ਮਤਾ ਤਿਆਰ ਕਰ ਰਹੇ ਹਾਂ। ਉਨ੍ਹਾਂ ਦਾ ਕਹਿਣਾ ਸੀ ਕਿ ਤਾਜ ਮਹੱਲ 'ਚ ਵਧਦੀ ਭੀੜ 'ਤੇ ਰੋਕ ਲਾਉਣ ਲਈ ਟਿਕਟ ਦੀ ਕੀਮਤ ਵਧਾਉਣੀ ਕੋਈ ਉਪਾਅ ਨਹੀਂ ਹੈ, ਇੰਝ ਤਾਂ ਅਸੀਂ ਲੋਕਾਂ ਨੂੰ ਤਾਜ ਮਹੱਲ ਦੇਖਣ ਤੋਂ ਰੋਕਣਾ ਚਾਹੁੰਦੇ ਹਾਂ। ਉਨ੍ਹਾਂ ਕੇਂਦਰ ਅਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਕਿਹਾ ਕਿ ਉਹ ਅਜਿਹੇ ਟਿਕਟ ਵਾਧੇ ਦੀ ਤਜਵੀਜ਼ ਨੂੰ ਲਾਗੂ ਨਾ ਹੋਣ ਦੇਵੇ।
ਹੋਟਲ ਤੇ ਰੈਸਟੋਰੈਂਟ ਐਸੋਸੀਏਸ਼ਨ ਆਫ ਆਗਰਾ ਦੇ ਪ੍ਰਧਾਨ ਰਾਕੇਸ਼ ਚੌਹਾਨ ਨੇ ਕਿਹਾ ਕਿ ਅਸੀਂ ਟਿਕਟ ਦਰਾਂ 'ਚ ਵਾਧੇ ਦਾ ਸਖਤ ਵਿਰੋਧ ਕਰਾਂਗੇ।