ਪੰਜਾਬ ’ਚ ‘ਕਾਲੀ ਨਾਗਣੀ’ ਦੀ ਸ਼ਰੇਆਮ ਮੰਗ!

07/18/2018 5:07:00 AM

ਲੁਧਿਆਣਾ(ਮੁੱਲਾਂਪੁਰੀ)-ਪੰਜਾਬ ’ਚ ਚਿੱਟੇ ਦੇ ਨਸ਼ੇ ਨਾਲ ਸੈਂਕਡ਼ੇ ਨੌਜਵਾਨ ਮੌਤ ਦੇ ਮੂੰਹ ਵਿਚ ਚਲੇ ਗਏ ਹਨ ਅਤੇ ਹਜ਼ਾਰਾਂ ਜ਼ਿੰਦਗੀਆਂ ਮੌਤ ਦੀ ਲਡ਼ਾਈ ਲਡ਼ ਰਹੀਆਂ ਹਨ। ਪੰਜਾਬ ’ਚ ਪਿਛਲੇ ਦਸ ਸਾਲਾਂ ਤੋਂ ਹੌਲੀ-ਹੌਲੀ ਵੱਖ- ਵੱਖ ਨਸ਼ਿਆਂ ਦੇ ਰੂਪ ਵਿਗਾਡ਼ਦਾ ਹੋਇਆ ਚਿੱਟਾ ਸਿੰਥੈਟਿਕ ਨਸ਼ਾ ਹੁਣ ਮਾਵਾਂ ਦੇ ਪੁੱਤਰਾਂ ਨੂੰ ਸਿੱਧੇ ਰੂਪ  ’ਚ ਮੌਤ ਦੇ ਮੂੰਹ ਵਿਚ ਲਿਜਾਣ ਲੱਗ ਪਿਆ ਹੈ, ਜਿਸ ਤਰੀਕੇ ਨਾਲ ਤੁਰ ਪਿਆ ਹੈ ਉਸ ਨੂੰ ਰੋਕਣ ਲਈ ਨੱਥ ਪਾਉਣ ਤੇ ਮਾਵਾਂ  ਦੇ ਪੁੱਤਰਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ, ਆਮ ਲੋਕ, ਸਮਾਜਿਕ, ਧਾਰਮਿਕ ਜਥੇਬੰਦੀਆਂ, ਪਿੰਡ ਦੇ ਲੋਕ ਕਾਫਲੇ ਬਣਾ ਕੇ ਇਸ ਦੇ ਪਿੱਟ ਸਿਆਪੇ ਵਿਚ ਨਿਕਲ ਚੁੱਕੇ ਹਨ। ਪਿਛਲੇ ਦਿਨਾਂ ਤੋਂ ਚੰਗੀਆਂ ਰਿਪੋਰਟਾਂ ਵੀ ਆ ਰਹੀਆਂ ਹਨ ਕਿ ਨਸ਼ੇ ਨੂੰ ਵੇਚਣ ਵਾਲੇ ਜਾਂ ਭਗੌਡ਼ੇ ਹੋ ਗਏ ਆਮ ਲੋਕਾਂ ਨੇ ਦਬੋਚ ਲਏ ਪਰ ਨੌਜਵਾਨਾਂ ਤੇ ਜਵਾਨੀ ਨੂੰ ਬਚਾਉਣ ਲਈ ਜੋ ਹੁਣ ਅੌਲਾਦ ਪੈਦਾ ਕਰਨ ਦੇ ਅਸਮਰੱਥ ਇਸ ਚਿੱਟੇ ਨੇ ਕਰ ਦਿੱਤੇ ਹਨ ਉਸ ਤੋਂ ਛੁਟਕਾਰਾ ਪਾਉਣ ਲਈ ਜੋ ਪੰਜਾਬ ਦਾ ਹਰ ਤੀਸਰਾ ਵਿਅਕਤੀ ਅਫੀਮ ਦੀਆਂ ਦੁਕਾਨਾਂ ਬਨਾਮ ਕਾਲੀ ਨਾਗਣੀ ਜਾਂ ਖਸ-ਖਸ ਦੀ ਖੇਤੀ ਕਰਨ ਦੀ ਮੰਗ ਕਰ ਰਿਹਾ ਹੈ। ਉਸ ’ਤੇ ਭਾਵੇਂ ਆਮ ਲੋਕਾਂ ਦਾ ਤਰਕ ਹੈ ਕਿ ਅਫੀਮ ਕਈ ਦਵਾਈਆਂ ਵਿਚ ਅਨਮੋਲ ਜ਼ਿੰਦਗੀਆਂ ਬਚਾਉਣ ਲਈ ਵਰਤੀ ਜਾਂਦੀ ਹੈ ਤੇ ਜੇਕਰ ਇਹ ਠੀਕ ਹੈ ਤਾਂ ਨੌਜਵਾਨਾਂ ਦੀ ਜ਼ਿੰਦਗੀ ਵੀ ਕਿਸੇ  ਨਾਲੋਂ ਘੱਟ ਨਹੀਂ।  ਇਸ ਲਈ ਪੰਜਾਬ ਵਿਚ ਅਫੀਮ ਤੇ ਹੋਰ ਰਵਾਇਤੀ ਨਸ਼ਿਆਂ ਨੂੰ ਖੋਲ੍ਹਣ ਲਈ ਸਰਕਾਰਾਂ ਵਿਚਾਰ ਕਰਨ, ਉਸ ’ਤੇ ਗੰਭੀਰਤਾ ਨਾਲ ਸੋਚੇ ਤਾਂ ਜੋ ਨੌਜਵਾਨ ਦੇਸ਼ ਦੇ ਰਾਖੇ, ਅੰਨਦਾਤੇ ਤੇ ਅਣਖੀਲੇ ਪੰਜਾਬੀ ਯੋਧੇ ਭਵਿੱਖ ਦੇ ਫਿਰ ਵਾਰਿਸ ਬਣ ਸਕਣ। ਭਾਵੇਂ ਅਫੀਮ ਵਰਗੇ ਨਸ਼ੇ ਨੂੰ ਹਰੀ ਝੰਡੀ ਦੇਣਾ ਸਰਕਾਰ ਲਈ ਵੱਡੀ ਚੁਣੌਤੀ ਹੋਵੇਗੀ ਪਰ ਜਿਸ ਤਰੀਕੇ ਨੌਜਵਾਨ ਮਾਰ ਰਹੇ ਹਨ ਉਸ ਲਈ ਸਰਕਾਰ ਨੂੰ ਸੋਚਣਾ ਤਾਂ ਪਵੇਗਾ ਹੀ।