ਪੰਜਾਬ-ਹਰਿਆਣਾ ਸਰਹੱਦ ਹੋਵੇਗੀ ਸੀਲ, ਇਨੈਲੋ ਦੇ ਪੈਂਤੜੇ ਕਾਰਨ ਗਰਮਾਈ ਸਿਆਸਤ

02/22/2017 11:41:24 AM

ਪਟਿਆਲਾ— ਐੱਸ. ਵਾਈ. ਐੱਲ. (ਸਤਲੁਜ ਯਮੁਨਾ ਲਿੰਕ) ''ਤੇ ਹੋ ਰਹੀ ਰਾਜਨੀਤੀ ਇਕ ਵਾਰ ਫਿਰ ਗਰਮਾ ਗਈ ਹੈ। ਇਨੈਲੋ ਵੱਲੋਂ ਪੰਜਾਬ ''ਚ ਦਾਖਲ ਹੋ ਕੇ ਐੱਸ. ਵਾਈ. ਐੱਲ. ਨਹਿਰ ਪੁੱਟਣ ਦੇ ਐਲਾਨ ਦੇ ਮੱਦੇਨਜ਼ਰ ਮੰਗਲਵਾਰ ਤੋਂ ਹਰਿਆਣੇ ਨਾਲ ਲੱਗਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਜਾਣਗੀਆਂ। ਨਾਲ ਹੀ ਕਪੂਰੀ ਅਤੇ ਸ਼ੰਭੂ ''ਚ ਵਿਸ਼ੇਸ਼ ਨਾਕੇ ਲੱਗਣਗੇ ਅਤੇ ਇਨ੍ਹਾਂ ''ਤੇ ਪੁਲਸ ਤਾਇਨਾਤ ਰਹੇਗੀ। ਕੇਂਦਰ ਕੋਲੋਂ ਸੁਰੱਖਿਆ ਬਲਾਂ ਦੀਆਂ 20 ਕੰਪਨੀਆਂ ਮੰਗੀਆਂ ਗਈਆਂ ਹਨ। ਇਨ੍ਹਾਂ ਦੇ ਬੁੱਧਵਾਰ ਸ਼ਾਮ ਤਕ ਪਹੁੰਚਣ ਦੀ ਸੰਭਾਵਨਾ ਹੈ। ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਪੁਲਸ ਦੇ ਉੱਚ ਅਧਿਕਾਰੀਆਂ ਨੇ ਸਾਂਝੇ ਤੌਰ ''ਤੇ ਜ਼ਿਲਾ ਅੰਬਾਲਾ ਦੇ ਨਾਲ ਲੱਗਦੇ ਸਰਹੱਦੀ ਇਲਾਕਿਆਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜਾ ਲਿਆ।

ਐੱਸ. ਵਾਈ. ਐੱਲ. ''ਤੇ ਸਿਆਸੀ ਦਲ ਹੋਏ ਗਰਮ
ਐੱਸ. ਵਾਈ. ਐੱਲ. ''ਤੇ ਸਿਆਸੀ ਦਲ ਇਕ ਦੂਜੇ ''ਤੇ ਦੋਸ਼ ਲਾਉਣ ਲੱਗ ਪਏ ਹਨ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਕੁਝ ਵਿਰੋਧੀ ਪਾਰਟੀਆਂ ਵਲੋਂ ਐੱਸ. ਵਾਈ. ਐੱਲ. ਨਹਿਰ ਦੀ ਪੁਟਾਈ ਤਾਂ ਇਕ ਬਹਾਨਾ ਹੈ। ਅਸਲ ਨਿਸ਼ਾਨਾ ਸਿਰਫ ਫੋਟੋ ਖਿਚਵਾਉਣਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਕਾਲੀ ਅਤੇ ਹਰਿਆਣਾ ਵਿਚ ਇਨੈਲੋ ਇਕੋ ਸਿੱਕੇ ਦੇ ਦੋ ਪਾਸੇ ਹਨ। 
ਇਸੇ ਲਈ ਉਹ ਫਿਕਸ ਮੈਚ ਖੇਡ ਰਹੇ ਹਨ। ਇਨੈਲੋ ਡਰਾਮੇਬਾਜ਼ੀ ਕਰ ਰਹੀ ਹੈ। ਇਹ ਗੱਲ ਪਹਿਲਾਂ ਤੋਂ ਹੀ ਤੈਅ ਕੀਤੀ ਹੋਈ ਹੈ ਕਿ ਕਿਸ ਵਿਅਕਤੀ ਨੇ ਕਹੀ ਚਲਾਉਣੀ ਹੈ, ਕਿਸ ਨੇ ਡੰਡੇ ਮਾਰਨੇ ਹਨ, ਕਿਸ ਨੇ ਲਾਲ ਰੰਗ ਲਾਉਣਾ ਹੈ ਅਤੇ ਕਿਸ ਨੇ ਫੋਟੋ ਖਿਚਵਾਉਣੀ  ਹੈ। ਅਸੀਂ ਚਾਹੁੰਦੇ ਹਾਂ ਕਿ ਇਨੈਲੋ ਉਦੋਂ ਤਕ ਪੁਟਾਈ ਕਰੇ ਜਦੋਂ ਤਕ ਹਰਿਆਣਾ ਨੂੰ ਪਾਣੀ ਨਹੀਂ ਮਿਲ ਜਾਂਦਾ। ਜੇਕਰ ਇਨੈਲੋ ਐੱਸ. ਵਾਈ. ਐੱਲ. ਰਾਹੀਂ ਪਾਣੀ ਲਿਆਉਣ ਵਿਚ ਸਫਲ ਹੁੰਦੀ ਹੈ ਤਾਂ ਉਹ ਖੁਦ ਜਾ ਕੇ ਇਨੈਲੋ ਆਗੂਆਂ ਦੇ ਗਲੇ ਵਿਚ ਹਾਰ ਪਾਉਣਗੇ।
ਇਨੈਲੋ ਚੋਣ ਨਤੀਜਿਆਂ ਤੋਂ ਪਹਿਲਾਂ ਮਾਹੌਲ ਖਰਾਬ ਕਰਨਾ ਚਾਹੁੰਦੈ :  ਅਮਰਿੰਦਰ ਸਿੰਘ
ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਐੱਸ. ਵਾਈ. ਐੱਲ. ਦੇ ਮਾਮਲੇ ਵਿਚ ਪੰਜਾਬ ਦੇ ਲੋਕ ਚੌਟਾਲਾ ਦੀਆਂ ਧਮਕੀਆਂ ਨੂੰ ਸਹਿਣ ਨਹੀਂ ਕਰਨਗੇ। ਐੱਸ. ਵਾਈ. ਐੱਲ. ਦਾ ਮਾਮਲਾ ਇਕ ਗੰਭੀਰ ਮੁੱਦਾ ਹੈ, ਜਿਸ ''ਤੇ ਪੰਜਾਬੀਆਂ ਦਾ ਭਵਿੱਖ ਨਿਰਭਰ ਕਰਦਾ ਹੈ। ਉਨ੍ਹਾਂ ਨੇ ਇਨੈਲੋ ਨੂੰ ਇਸ ਮੁੱਦੇ ''ਤੇ ਕੋਈ ਵੀ ਗਲਤ ਕਦਮ ਚੁੱਕਣ ਖਿਲਾਫ ਚੁਣੌਤੀ ਦਿੰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਇਨੈਲੋ ਤੇ ਅਕਾਲੀ ਦਲ ਦੋਵੇਂ ਹੀ ਸੂਬੇ ਦਾ ਹਾਲਾਤ ਖਰਾਬ ਕਰਨਾ ਚਾਹੁੰਦੇ ਹਨ।
ਐੱਸ. ਵਾਈ. ਐੱਲ. ''ਤੇ ਜ਼ਿੰਮੇਵਾਰੀ ਤੋਂ ਦੌੜੇ ਦੋਵੇਂ ਬਾਦਲ : ਜਾਖੜ
ਕਾਂਗਰਸ ਨੇਤਾ ਸੁਨੀਲ ਜਾਖੜ ਨੇ ਕਿਹਾ ਹੈ ਕਿ ਐੱਸ. ਵਾਈ. ਐੱਲ. ''ਤੇ ਦੋਵੇਂ ਬਾਦਲ ਆਪਣੀ-ਆਪਣੀ ਜ਼ਿੰਮੇਵਾਰੀ ਤੋਂ ਦੌੜ ਰਹੇ ਹਨ। ਅਸਲ ਵਿਚ ਇਨੈਲੋ ਨੇ ਐੱਸ. ਵਾਈ. ਐੱਲ. ਦੇ ਮੁੱਦੇ ''ਤੇ ਪੰਜਾਬ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਬਾਦਲ ਐੱਸ. ਵਾਈ. ਐੱਲ. ਮੁੱਦੇ ਨੂੰ ਵਿਚਕਾਰ ਛੱਡ ਕੇ ਭੱਜਦੇ ਫਿਰ ਰਹੇ ਹਨ ਜਾਂ ਇਨੈਲੋ ਨਾਲ ਭਾਈਚਾਰਾ ਨਿਭਾਅ ਰਹੇ ਹਨ। ਇਸ ਕਾਰਨ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ। ਇਸ ਮਾਮਲੇ ''ਚ ਪ੍ਰਧਾਨ ਮੰਤਰੀ ਨੂੰ ਦਖਲ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਐੱਸ. ਵਾਈ. ਐੱਲ. ''ਤੇ ਸੁਪਰੀਮ ਕੋਰਟ ''ਚ ਪੰਜਾਬ ਨੂੰ ਆਪਣਾ ਜਵਾਬ ਦੇਣਾ ਹੈ, ਉਸ ਤੋਂ ਬਾਅਦ ਫੈਸਲਾ ਆਉਣਾ ਹੈ। ਸੁਖਬੀਰ ਇਹ ਨਹੀਂ ਕਹਿ ਸਕਦੇ ਕਿ ਉਹ ਚੋਣਾਂ ਤੋਂ ਬਾਅਦ ਛੁੱਟੀਆਂ ਮਨਾਉਣ ਚਲੇ ਗਏ। ਅਜਿਹੇ ਅਹਿਮ ਸਮੇਂ ''ਤੇ ਨਾ ਤਾਂ ਸਰਕਾਰ ਹੈ ਅਤੇ ਨਾ ਹੀ ਅਕਾਲੀ ਦਲ। ਸੁਖਬੀਰ ਨੂੰ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਮਿਲ ਕੇ ਗੱਲ ਕਰਨੀ ਚਾਹੀਦੀ ਸੀ ਕਿ ਇਨੈਲੋ ਸਮੱਸਿਆ ਖੜ੍ਹੀ ਕਰ ਰਿਹਾ ਹੈ ਪਰ ਉਹ ਇਸ ਤੋਂ ਭੱਜ ਰਹੇ ਹਨ। 
ਇਨੈਲੋ ਤੇ ਅਕਾਲੀ ਦਲ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ  : ਭਗਵੰਤ ਮਾਨ
ਬਾਦਲ ਆਪਣੇ ਪਰਿਵਾਰ ਨਾਲ ਅਮਰੀਕਾ ਚਲੇ ਗਏ ਹਨ। ਇੱਥੇ ਇਨੈਲੋ ਲੋਕਾਂ ਨੂੰ ਭੜਕਾ ਕੇ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੀ ਹੈ। ਇਨੈਲੋ ਨਾਲ ਅਕਾਲੀ ਦਲ ਦੇ ਰਿਸ਼ਤੇ ਕਿਸੇ ਤੋਂ ਲੁਕੇ ਨਹੀਂ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਬਾਦਲ ਨੇ ਭਾਜਪਾ ਦੀ ਥਾਂ ਹਰਿਆਣਾ ਵਿਚ ਇਲੈਨੋ ਦਾ ਸਮਰਥਨ ਕੀਤਾ ਸੀ। ਇਹ ਦੋਵੇਂ ਮਿਲੇ ਹੋਏ ਹਨ। ਇਨ੍ਹਾਂ ਦਾ ਇਕੋ-ਇਕ ਮਕਸਦ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਹੈ।