ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫਾ ਦੇਣ ਮਗਰੋਂ ਅੱਧਾ ਦਰਜਨ ਮੰਤਰੀਆਂ ’ਤੇ ਲਟਕੀ ਤਲਵਾਰ

09/18/2021 10:02:42 PM

ਪਟਿਆਲਾ (ਰਾਜੇਸ਼ ਪੰਜੌਲਾ)-ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਸਮੁੱਚੇ ਮੰਤਰੀਆਂ ਦਾ ਆਪਣੇ ਆਪ ਹੀ ਅਸਤੀਫਾ ਹੋ ਗਿਆ ਹੈ। ਅਜਿਹੇ 'ਚ ਕਾਂਗਰਸ ਪਾਰਟੀ ਜਿਸ ਨੂੰ ਵੀ ਨਵਾਂ ਮੁੱਖ ਮੰਤਰੀ ਬਣਾਵੇਗੀ, ਉਸ ਕੈਬਨਿਟ 'ਚ ਮੌਜੂਦਾ ਕੈਬਨਿਟ ਦੇ ਅੱਧਾ ਦਰਜ਼ਨ ਮੰਤਰੀਆਂ ਦੇ ਭਵਿੱਖ ’ਤੇ ਤਲਵਾਰ ਲਟਕ ਗਈ ਹੈ। ਜਿਹੜੇ ਮੰਤਰੀ ਹਾਈਕਮਾਂਡ ਦੇ ਹੁਕਮਾਂ ਤੋਂ ਬਾਅਦ ਵੀ ਡਟ ਕੇ ਕੈ. ਅਮਰਿੰਦਰ ਸਿੰਘ ਨਾਲ ਖੜ੍ਹੇ ਰਹੇ, ਉਨ੍ਹਾਂ ਨੂੰ ਨਵੇਂ ਮੁੱਖ ਮੰਤਰੀ ਦੀ ਕੈਬਨਿਟ 'ਚ ਜਗ੍ਹਾ ਮਿਲੇਗੀ ਜਾਂ ਨਹੀਂ, ਇਸ ਬਾਰੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਗਏ ਹਨ।

ਇਹ ਵੀ ਪੜ੍ਹੋ : ਵਿਧਾਇਕ ਦਲ ਦੀ ਮੀਟਿੰਗ ਦੌਰਾਨ ਪੜ੍ਹੋ ਕਿਨ੍ਹਾਂ ਦੋ ਮੁੱਦਿਆ 'ਤੇ ਬਣੀ ਸਹਿਮਤੀ, ਇਹ ਹੋ ਸਕਦੇ ਹਨ ਅਗਲੇ CM

ਸੀਨੀਅਰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਸਾਧੂ ਸਿੰਘ ਧਰਮਸੋਤ, ਗੁਰਪ੍ਰੀਤ ਸਿੰਘ ਕਾਂਗੜ, ਬਲਬੀਰ ਸਿੰਘ ਸਿੱਧੂ, ਭਾਰਤ ਭੂਸ਼ਣ ਆਸ਼ੂ, ਸੁੰਦਰ ਸ਼ਾਮ ਅਰੋੜਾ ਨੂੰ ਨਵੇਂ ਮੰਤਰੀ ਮੰਡਲ 'ਚ ਜਗ੍ਹਾ ਮਿਲਣੀ ਮੁਸ਼ਕਲ ਦਿਖਾਈ ਦੇ ਰਹੀ ਹੈ। ਜੇਕਰ ਕਾਂਗਰਸ ਹਾਈਕਮਾਂਡ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਾਂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਰਗੇ ਅਗਰੈਸਿਵ ਲੀਡਰ ਨੂੰ ਮੁੱਖ ਮੰਤਰੀ ਬਣਾਉਂਦੀ ਹੈ ਤਾਂ ਉਹ ਕਿਸੇ ਵੀ ਹਾਲਤ ਵਿਚ ਇਨ੍ਹਾਂ ਨੂੰ ਆਪਣੇ ਮੰਤਰੀ ਮੰਡਲ ਵਿਚ ਨਹੀਂ ਲੈਣਗੇ।

ਇਹ ਵੀ ਪੜ੍ਹੋ :ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਆਈ ਕਮੀ : WHO

ਜੇਕਰ ਸੁਨੀਲ ਜਾਖੜ ਜਾਂ ਕਿਸੇ ਹੋਰ ਨੂੰ ਮੁੱਖ ਮੰਤਰੀ ਬਣਾਉਂਦੇ ਹਨ ਤਾਂ ਕੈ. ਅਮਰਿੰਦਰ ਸਿੰਘ ਦੀ ਕੈਬਨਿਟ ਦਾ ਹਿੱਸਾ ਰਹੇ ਇਹ ਮੰਤਰੀ ਦਿੱਲੀ ਵਿਚ ਬੈਠੇ ਆਪਣੇ ਰਾਜਨੀਤਕ ਆਕਾਵਾਂ ਦਾ ਸਹਾਰਾ ਲੈ ਕੇ ਫਿਰ ਤੋਂ ਕੈਬਨਿਟ ਮੰਤਰੀ ਜਗ੍ਹਾ ਬਣਾ ਸਕਦੇ ਹਨ। ਪਰ ਇਕ ਗੱਲ ਸਪਸ਼ਟ ਹੈ ਕਿ ਮੌਜੂਦਾ ਕੈਬਨਿਟ ਦੇ ਅੱਧਾ ਦਰਜ਼ਨ ਦੇ ਲਗਭਗ ਮੰਤਰੀ ਨਵੀਂ ਕੈਬਨਿਟ ਦਾ ਹਿੱਸਾ ਨਹੀਂ ਹੋਣਗੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar