ਸਵਾਈਨ ਫਲੂ ਦੇ ਮਰੀਜ਼ਾਂ ਨੂੰ ਦਿੱਤੀ ਜਾ ਰਹੀ ਸੀ ਐਕਸਪਾਇਰਡ ਦਵਾਈ

08/24/2017 4:10:25 AM

ਲੁਧਿਆਣਾ(ਸਹਿਗਲ)-ਇਕ ਤਾਂ ਸੂਬੇ ਵਿਚ ਸਵਾਈਨ ਫਲੂ ਦਾ ਕਹਿਰ ਬਣਦਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਸਿਹਤ ਵਿਭਾਗ ਵੀ ਮਰੀਜ਼ਾਂ ਦੀਆਂ ਮੁਸ਼ਕਿਲਾਂ ਵਧਾਉਣ ਵਿਚ ਘੱਟ ਸਹਿਯੋਗ ਨਹੀਂ ਕਰ ਰਿਹਾ। ਕਈ ਜ਼ਿਲਿਆਂ ਵਿਚ ਸਵਾਈਨ ਫਲੂ ਦੀ ਦਵਾਈ ਐਕਸਪਾਇਰ ਹੋਣ 'ਤੇ ਵੀ ਮਰੀਜ਼ਾਂ ਨੂੰ ਦਿੱਤੀ ਜਾ ਰਹੀ ਹੈ। ਇਨ੍ਹਾਂ ਵਿਚ ਕਾਫੀ ਗਿਣਤੀ ਫਲੂਵੀਰ ਸਿਰਪ ਦੀ ਹੈ, ਜਿਸ ਦੀ ਮਿਆਦ ਅਗਸਤ 2017 ਨੂੰ ਖਤਮ ਹੋ ਚੁੱਕੀ ਹੈ ਪਰ ਮਰੀਜ਼ਾਂ ਨੂੰ ਦਿੱਤੀ ਜਾਣੀ ਜਾਰੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਆਖਰੀ ਮਹੀਨੇ ਵਿਚ ਐਕਸਪਾਇਰ ਹੋਣ ਵਾਲੀ ਦਵਾਈ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ ਪਰ ਕਥਿਤ ਤੌਰ 'ਤੇ ਇਕ ਪ੍ਰੋਗਰਾਮ ਅਫਸਰ ਦੀ ਦੇਖ-ਰੇਖ ਵਿਚ ਐਕਸਪਾਇਰ ਹੋਣ ਵਾਲੀ ਦਵਾਈ ਨੂੰ ਧੜੱਲੇ ਨਾਲ ਵੰਡਿਆ ਜਾ ਰਿਹਾ ਹੈ।
ਉਦਾਹਰਨ ਵਜੋਂ ਬਠਿੰਡਾ 'ਚ ਸਵਾਈਨ ਫਲੂ ਵਿਚ ਦਿੱਤੇ ਜਾਣ ਵਾਲੇ 75 ਐੱਮ. ਐੱਲ. ਦੇ ਫਲੂਵੀਰ ਸਿਰਪ ਦੀਆਂ 40 ਸ਼ੀਸ਼ੀਆਂ ਸਟਾਕ ਵਿਚ ਹਨ, ਵਿਚੋਂ 8 ਫਰਵਰੀ 2017 ਵਿਚ ਐਕਸਪਾਇਰ ਹੋ ਗਏ ਸਨ, ਨੂੰ ਮਰੀਜ਼ਾਂ ਵਿਚ ਵੰਡਿਆ ਜਾਂਦਾ ਰਿਹਾ। ਹੁਣ ਸਟਾਕ ਵਿਚ 7 ਸਿਰਪ ਬਾਕੀ ਬਚੇ। ਲੁਧਿਆਣਾ ਵਿਚ ਫਲੂਵੀਰ ਸਿਰਫ ਦੇ 36, ਹੁਸ਼ਿਆਰਪੁਰ ਵਿਚ 83, ਜਲੰਧਰ ਵਿਚ 11, ਪਟਿਆਲਾ ਵਿਚ 15, ਨਵਾਂਸ਼ਹਿਰ ਵਿਚ 33, ਸੰਗਰੂਰ ਵਿਚ 2 ਸਿਰਪ ਐਕਸਪਾਇਰ ਹੋ ਚੁੱਕੇ ਹਨ। ਮੋਗਾ ਦੇ ਐਕਸਪਾਇਰ ਸਟਾਕ ਕਲੀਅਰ ਹੋ ਚੁੱਕਾ ਦੱਸਿਆ ਜਾਂਦਾ ਹੈ। ਇਸੇ ਤਰ੍ਹਾਂ ਪਰਸਨਲ ਪ੍ਰੋਟੈਕਸ਼ਨ ਕਿੱਟ, ਜਿਸ ਨੂੰ ਪਹਿਨ ਕੇ ਡਾਕਟਰ ਅਤੇ ਸਟਾਫ ਮਰੀਜ਼ਾਂ ਦਾ ਇਲਾਜ ਕਰਦਾ ਹੈ, ਮੋਗਾ ਵਿਚ ਅਜਿਹੀਆਂ 25 ਕਿੱਟਾਂ ਐਕਸਪਾਇਰ ਹੋ ਚੁੱਕੀਆਂ ਹਨ। ਇਹੀ ਨਹੀਂ, ਵਾਇਰਲ ਐਜ਼ਿਟਮ ਮੀਡੀਅਮ ਬਾਇਰਲ ਦੀ ਮੋਹਾਲੀ ਵਿਚ ਪਈਆਂ 53 ਬਾਰਲ ਐਕਸਪਾਇਰ ਹੋ ਚੁੱਕੀਆਂ ਹਨ। ਇਨ੍ਹਾਂ 52 ਬਾਰਲ ਦੀ ਵਰਤੋਂ ਮਰੀਜ਼ ਦੇ ਸੈਂਪਲ ਲੈਣ ਲਈ ਕੀਤੀ ਜਾਂਦੀ ਹੈ। 
ਇਸ ਸਾਰੇ ਪ੍ਰੋਗਰਾਮ ਦੀ ਦੇਖ-ਰੇਖ ਕਰਨ ਵਾਲੇ ਚੰਡੀਗੜ੍ਹ ਦੇ ਪ੍ਰੋਗਰਾਮ ਅਫਸਰ ਡਾ. ਗਗਨਦੀਪ ਸਿੰਘ ਗਰੋਵਰ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਹ ਹਮੇਸ਼ਾ ਵਾਂਗ ਟਿੱਪਣੀ ਕਰਨ ਲਈ ਉਪਲਬੱਧ ਨਹੀਂ ਹੋਏ।