ਅੰਮ੍ਰਿਤਸਰ ਦੇ ਭੀੜ ਵਾਲੇ ਇਲਾਕੇ ''ਚ ਰਾਤ ਸਮੇਂ ਵੱਡੀ ਵਾਰਦਾਤ

12/22/2017 10:02:37 AM

ਅੰਮ੍ਰਿਤਸਰ : ਸਥਾਨਕ ਮਜੀਠਾ ਰੋਡ 'ਤੇ ਵੀਰਵਾਰ ਰਾਤ ਨੂੰ ਲੁਟੇਰਿਆਂ ਵਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਸਵਿੱਫਟ ਕਾਰ ਲੁੱਟ ਲਈ ਗਈ। ਜਾਣਕਾਰੀ ਮੁਤਾਬਕ ਇਹ ਵਾਰਦਾਤ ਉਸ ਸਮੇਂ ਹੋਈ, ਜਦੋਂ ਹਨੀ ਨਾਂ ਦਾ ਨੌਜਵਾਨ ਆਪਣੀ ਪਤਨੀ ਅਤੇ 7 ਮਹੀਨਿਆਂ ਦੇ ਬੱਚੇ ਨਾਲ ਆਪਣੀ ਮਾਂ ਦੇ ਜਨਮਦਿਨ ਦਾ ਕੇਕ ਲੈਣ ਲਈ ਬੇਕਰੀ 'ਚ ਗਿਆ। ਇਸ ਦੌਰਾਨ ਹਨੀ ਨੇ ਆਪਣੀ ਪਤਨੀ ਨੂੰ ਕਾਰ 'ਚ ਬੈਠਣ ਲਈ ਕਿਹਾ ਅਤੇ ਖੁਦ ਬੇਕਰੀ ਅੰਦਰ ਚਲਾ ਗਿਆ। ਬਸ ਫਿਰ ਕੀ ਸੀ, ਕਾਰ 'ਚ ਇਕੱਲੀ ਔਰਤ ਨੂੰ ਦੇਖ ਕੇ 2 ਨੌਜਵਾਨ ਆਏ ਅਤੇ ਉਨ੍ਹਾਂ ਨੇ ਬੱਚੇ ਦੀ ਕੰਨਪੱਟੀ 'ਤੇ ਪਿਸਤੌਲ ਰੱਖ ਕੇ ਹਨੀ ਦੀ ਪਤਨੀ ਨੂੰ ਬਾਹਰ ਆਉਣ ਲਈ ਕਿਹਾ। ਜਦੋਂ ਹਨੀ ਦੀ ਪਤਨੀ ਬੱਚੇ ਸਮੇਤ ਬਾਹਰ ਆਈ ਤਾਂ ਇਕ ਨੌਜਵਾਨ ਕਾਰ ਲੈ ਕੇ ਫਰਾਰ ਹੋ ਗਿਆ, ਜਦੋਂ ਕਿ ਦੂਜਾ ਮੋਟਰਸਾਈਕਲ 'ਤੇ ਫਰਾਰ ਹੋ ਗਿਆ। ਇਸ ਦੀ ਜਾਣਕਾਰੀ ਜਦੋਂ ਹਨੀ ਨੂੰ ਹੋਈ ਤਾਂ ਉਸ ਨੇ 100 ਨੰਬਰ 'ਤੇ ਫੋਨ ਕੀਤਾ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਉਸ ਤੋਂ ਬਾਅਦ ਉਸ ਨੇ ਪੁਲਸ ਥਾਣੇ 'ਚ ਸ਼ਿਕਾਇਤ ਦਿੱਤੀ ਅਤੇ ਇਨਸਾਫ ਦੀ ਮੰਗ ਕੀਤੀ। ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ ਜਿੱਥੇ ਵਾਰਦਾਤ ਹੋਈ, ਉਹ ਭੀੜ ਵਾਲਾ ਇਲਾਕਾ ਹੈ, ਜਿੱਥੇ ਪੁਲਸ ਸੁਰੱਖਿਆ ਦਾ ਕੋਈ ਇੰਤਜ਼ਾਮ ਨਹੀਂ ਸੀ। ਫਿਲਹਾਲ ਇਸ ਮਾਮਲੇ ਸਬੰਧੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਭੀੜ ਵਾਲੇ ਇਲਾਕੇ 'ਚ ਇਸ ਵਾਰਦਾਤ ਨੇ ਪੁਲਸ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।