ਸਵਿਫਟ ਕਾਰ ਖੋਹਣ ਦਾ ਮਾਮਲਾ ਸੁਲਝਿਆ, 32 ਬੋਰ ਦੇ ਰਿਵਾਲਵਰ ਸਮੇਤ ਪੁਲਸ ਵਲੋਂ 2 ਕਾਬੂ

03/03/2021 9:09:06 PM

ਕਪੂਰਥਲਾ, (ਮਹਾਜਨ)- ਸੀ.ਆਈ.ਏ ਸਟਾਫ ਕਪੂਰਥਲਾ ਦੀ ਪੁਲਸ ਨੇ ਤੇਜਧਾਰ ਹਥਿਆਰਾਂ ਦੀ ਨੋਕ ‘ਤੇ ਇੱਕ ਵਿਅਕਤੀ ਤੋਂ ਸਵਿਫਟ ਕਾਰ ਖੋਹਣ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ 2 ਮੁਲਜਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਇੱਕ ਰਿਵਾਲਵਰ, ਤੇਜਧਾਰ ਹਥਿਆਰ ਅਤੇ ਇੱਕ ਸਵਿਫਟ ਗੱਡੀ ਬਰਾਮਦ ਕੀਤੀ ਹੈ। ਗ੍ਰਿਫਤਾਰ ਮੁਲਜਮਾਂ ਦੇ ਸਾਥੀਆਂ ਦੀ ਤਲਾਸ਼ ‘ਚ ਛਾਪਾਮਾਰੀ ਦਾ ਦੌਰ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਕਪੂਰਥਲਾ ਕੰਵਰਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਭਰ ‘ਚ ਚੱਲ ਰਹੀ ਅਪਰਾਧ ਵਿਰੋਧੀ ਮੁਹਿੰਮ ਦੇ ਤਹਿਤ ਐਸ.ਪੀ. (ਡੀ) ਵਿਸ਼ਾਲਜੀਤ ਸਿੰਘ ਅਤੇ ਡੀ.ਐਸ.ਪੀ (ਡੀ) ਸਰਬਜੀਤ ਰਾਏ ਦੀ ਨਿਗਰਾਨੀ ‘ਚ ਸੀ.ਆਈ.ਏ ਸਟਾਫ ਕਪੂਰਥਲਾ ਦੇ ਇੰਚਾਰਜ ਪਰਮਜੀਤ ਸਿੰਘ ਨੇ ਪੁਲਸ ਟੀਮ ਦੇ ਨਾਲ ਸੁਲਤਾਨਪੁਰ ਲੋਧੀ ਮਾਰਗ ‘ਤੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਇੱਕ ਮੁਖਬਰ ਖਾਸ ਨੇ ਪੁਲਸ ਟੀਮ ਨੂੰ ਸੂਚਨਾ ਦਿੱਤੀ ਕਿ ਸਾਗਰ ਪੁੱਤਰ ਮਨੋਹਰ ਵਾਸੀ ਮੁਹੱਲਾ ਮਹਿਤਾਬੜ੍ਹ ਕਪੂਰਥਲਾ ਜੋ ਕਿ ਮੋਟਰਸਾਇਕਲ ਨੰਬਰ ਪੀ.ਬੀ-08-ਏ.ਜੀ-4183 ‘ਤੇ ਔਜਲਾ ਫਾਟਕ ਨੇੜੇ ਘੁੰਮ ਰਿਹਾ ਹੈ ਤੇ ਉਸਦੇ ਕੋਲ ਇੱਕ 32 ਬੋਰ ਦਾ ਰਿਵਾਲਵਰ ਹੈ। ਜਿਸ ‘ਤੇ ਪੁਲਸ ਟੀਮ ਨੇ ਨਾਕਾਬੰਦੀ ਦੌਰਾਨ ਉਕਤ ਮੁਲਜਮ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇੱਕ 32 ਬੋਰ ਦਾ ਰਿਵਾਲਵਰ ਤੇ 4 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਪੁੱਛਗਿੱਛ ਦੌਰਾਨ ਮੁਲਜਮ ਸਾਗਰ ਨੇ ਖੁਲਾਸਾ ਕੀਤਾ ਕਿ ਉਸਨੇ 12 ਅਕਤੂਬਰ 2020 ਨੂੰ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਕੁਸ਼ਟ ਆਸ਼ਰਮ ਕਪੂਰਥਲਾ ਦੇ ਨੇੜੇ ਇੱਕ ਸਵਿਫਟ ਕਾਰ ਖੋਹੀ ਸੀ ਤੇ ਕਾਰ ਚਾਲਕ ਨੂੰ ਜਖਮੀ ਕਰ ਦਿੱਤਾ ਸੀ। ਜਿਸਦੇ ਬਾਅਦ ਕਪੂਰਥਲਾ ਪੁਲਸ ਵੱਲੋਂ ਪੂਰੇ ਸ਼ਹਿਰ ‘ਚ ਨਾਕਾਬੰਦੀ ਰਹਿਣ ਦੇ ਕਾਰਨ ਉਹ ਖੋਹੀ ਗਈ ਕਾਰ ਨੂੰ ਕਪੂਰਥਲਾ ਸ਼ਹਿਰ ‘ਚ ਇੱਕ ਸੁੰਨਸਾਨ ਥਾਂ ‘ਤੇ ਖੜੀ ਕਰਕੇ ਆਪਣੇ ਸਾਥੀਆਂ ਦੇ ਨਾਲ ਫਰਾਰ ਹੋ ਗਿਆ ਸੀ। ਮੁਲਜਮ ਦੀ ਨਿਸ਼ਾਨਦੇਹੀ ‘ਤੇ ਪੁਲਿਸ ਨੇ ਉਸ ਕੋਲੋਂ ਵਾਰਦਾਤ ਦੌਰਾਨ ਪ੍ਰਯੋਗ ‘ਚ ਲਿਆਂਦਾ ਗਿਆ ਦਾਤਰ ਵੀ ਬਰਾਮਦ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜਮ ਸਾਗਰ ਨੇ ਦੱਸਿਆ ਕਿ ਉਸਨੇ 9 ਫਰਵਰੀ 2021 ਨੂੰ ਕੁਲਦੀਪ ਸਿੰਘ ਉਰਫ ਕਾਕਾ ਵਾਸੀ ਪਿੰਡ ਤਲਵੰਡੀ ਪਾਈ, ਮਾਪੀ ਵਾਸੀ ਪਿੰਡ ਪੰਮਣਾ ਥਾਣਾ ਤਲਵੰਡੀ ਚੌਧਰੀਆਂ, ਵਿਜੈ ਵਾਸੀ ਹੁਸ਼ਿਆਰਪੁਰ ਤੇ ਨਿਸ਼ਾਨ ਸਿੰਘ ਉਰਫ ਗੋਲਡੀ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਹਬੀਬਵਾਲ ਥਾਣਾ ਬੇਗੋਵਾਲ ਜ਼ਿਲ੍ਹਾ ਕਪੂਰਥਲਾ ਦੇ ਨਾਲ ਮਿਲ ਕੇ ਪਿੰਡ ਰਾਏਪੁਰ ਅਰਾਈਆਂ ਕਪੂਰਥਲਾ ‘ਚ ਸ਼ਾਲੀ ਨਾਮ ਦੇ ਇੱਕ ਲੜਕੇ ਨੂੰ ਹਮਲਾ ਕਰਕੇ ਉਸਨੂੰ ਗੰਭੀਰ ਜਖਮੀ ਕਰ ਦਿੱਤਾ। ਇਸ ਘਟਨਾ ਨੂੰ ਲੈ ਕੇ ਥਾਣਾ ਸੁਭਾਨਪੁਰ ਦੀ ਪੁਲਿਸ ਨੇ ਐਫ.ਆਈ.ਆਰ ਨੰਬਰ 22 ਮਿਤੀ 9 ਫਰਵਰੀ 2021 ਨੂੰ ਧਾਰਾ 397 ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਜਿਸ ‘ਤੇ ਪੁਲਿਸ ਨੇ ਛਾਪਾਮਾਰੀ ਕਰਕੇ ਮੁਲਜਮ ਦੇ ਸਾਥੀ ਨਿਸ਼ਾਨ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ। ਮੁਲਜਮਾਂ ਦੀ ਨਿਸ਼ਾਨਦੇਹੀ ‘ਤੇ ਵਾਰਦਾਤ ਦੇ ਦੌਰਾਨ ਵਰਤੀ ਗਈ ਸਵਿਫਟ ਡਿਜਾਇਰ ਨੰਬਰ ਪੀ.ਬੀ-09-ਏ.ਸੀ-2963 ਬਰਾਮਦ ਕਰ ਲਈ ਹੈ। ਪੁੱਛਗਿੱਛ ਦੌਰਾਨ ਮੁਲਜਮ ਸਾਗਰ ਨੇ ਖੁਲਾਸਾ ਕੀਤਾ ਕਿ ਉਹ ਬਰਾਮਦ ਰਿਵਾਲਵਰ ਉੱਤਰ ਪ੍ਰਦੇਸ਼ ਤੋਂ ਲੈ ਕੇ ਆਇਆ ਸੀ। ਦੋਵੇੰ ਮੁਲਜਮਾਂ ਤੋਂ ਪੁੱਛਗਿੱਛ ਦਾ ਦੌਰ ਜਾਰੀ ਹੈ। ਪੁੱਛਗਿੱਛ ਦੌਰਾਨ ਕਈ ਸਨਸਨੀਖੇਜ ਖੁਲਾਸੇ ਹੋਣ ਦੀ ਸੰਭਾਵਨਾ ਹੈ।

Bharat Thapa

This news is Content Editor Bharat Thapa