ਆਰਥਕ ਤੰਗੀ ਕਰ ਕੇ 3 ਧੀਅਾਂ ਦੇ ਪਿਉ ਨੇ ਨਿਗਲਿਆ ਜ਼ਹਿਰ

06/24/2018 1:12:10 AM

ਨਵਾਂਸ਼ਹਿਰ, (ਮਨੋਰੰਜਨ)- ਨਵਾਂਸ਼ਹਿਰ ਦੇ ਗਡ਼੍ਹਸ਼ੰਕਰ ਰੋਡ ’ਤੇ ਰਹਿਣ ਵਾਲੇ  ਇਕ ਨੌਜਵਾਨ ਨੇ ਆਰਥਕ ਤੰਗੀ  ਕਾਰਨ ਸ਼ੁੱਕਰਵਾਰ ਦੇਰ ਰਾਤ  ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਜਦੋਂ ਉਸ ਨੂੰ ਇਲਾਜ  ਲਈ ਸਿਵਲ ਹਸਪਤਾਲ ਲਿਅਾਂਦਾ ਤਾਂ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਤਿੰਨ ਛੋਟੀਅਾਂ ਬੱਚੀਅਾਂ ਛੱਡ ਗਿਆ। ਜਦਕਿ ਘਰ ਵਿਚ ਹੁਣ ਕਮਾਉਣ ਵਾਲਾ ਕੋਈ ਵਿਅਕਤੀ ਨਹੀਂ ਰਿਹਾ। ਤਿੰਨਾਂ ਬੱਚੀਅਾਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਬਜ਼ੁਰਗ ਦਾਦੀ ’ਤੇ ਆ ਗਈ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ। ਦੂਸਰੇ ਪਾਸੇ ਐੱਸ.ਐੱਚ.ਓ. ਸਿਟੀ ਸ਼ਹਿਬਾਜ਼ ਸਿੰਘ ਦਾ ਕਹਿਣਾ ਹੈ ਕਿ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਦੇ ਆਉਣ ਦੇ ਬਾਅਦ ਲੱਗੇਗਾ। 
ਮੈਂ ਚੱਲਣ-ਫਿਰਨ ਤੋਂ ਵੀ ਅਸਮਰੱਥ, ਕਿਵੇਂ ਸੰਭਾਲਾਂਗੀ ਪੋਤੀਅਾਂ : ਦਾਦੀ
ਮ੍ਰਿਤਕ ਬਿੱਟੂ (30) ਦੀ ਮਾਤਾ ਕਮਲਾਵਤੀ ਨੇ ਦੱਸਿਆ ਕਿ ਪਰਿਵਾਰ ਦੇ ਪਿਛਲੇ ਕੁਝ ਮਹੀਨੇ ਤੋਂ ਆਰਥਕ ਹਾਲਤ ਬਹੁਤ ਕਮਜ਼ੋਰ ਸੀ,  ਜਿਸ  ਕਾਰਨ ਬਿੱਟੂ ਵੀ ਪ੍ਰੇਸ਼ਾਨ ਰਹਿੰਦਾ ਸੀ। ਬਿੱਟੂ ਮਜ਼ਦੂਰੀ ਕਰਦਾ ਸੀ। ਕੰਮ ਨਾ ਮਿਲਣ ਕਾਰਨ ਹੁਣ ਘਰ ਦੀ ਆਰਥਕ ਸਥਿਤੀ ਬਹੁਤ ਤਰਸਯੋਗ ਹੋ ਗਈ ਸੀ। ਇਸੇ ਕਾਰਨ ਪੰਜ ਮਹੀਨੇ ਪਹਿਲਾਂ ਉਸ ਦੀ ਪਤਨੀ ਵੀ ਤਿੰਨਾਂ  ਕੁੜੀਅਾਂ ਨੂੰ ਬਿੱਟੂ ਦੇ ਕੋਲ ਛੱਡ ਕੇ ਚਲੀ ਗਈ, ਜੋ ਅਜੇ ਤੱਕ ਵਾਪਸ ਨਹੀਂ ਆਈ। ਪਤਨੀ ਦੇ ਘਰ ਛੱਡ ਜਾਣ ਤੋਂ ਬਾਅਦ ਬਿੱਟੂ ਦੀ ਪ੍ਰੇਸ਼ਾਨੀ ਹੋਰ ਵੱਧ ਗਈ ਅਤੇ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗਾ। ਸ਼ੁੱਕਰਵਾਰ ਦੇਰ ਰਾਤ ਨੂੰ  ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ  ਦੀ ਮਾਂ ਦਾ ਕਹਿਣਾ ਹੈ ਕਿ ਉਸ ਦੀ ਉਮਰ 70 ਸਾਲ ਹੈ। ਉਹ ਚੱਲਣ ਵਿਚ ਅਸਮਰੱਥ ਹੈ। ਅਜਿਹੇ ਵਿਚ ਤਿੰਨ ਬੱਚੀਅਾਂ ਦਾ ਪਾਲਣ ਪੋਸ਼ਣ ਕਰਨਾ ਉਸ ਦੇ ਲਈ ਬਹੁਤ ਔਖਾ ਹੈ। ਉਸ ਨੇ ਪ੍ਰਸ਼ਾਸਨ ਤੋਂ ਗੁਹਾਰ ਲਾਈ ਹੈ ਕਿ ਉਸ ਦੀਅਾਂ ਪੋਤੀਅਾਂ ਦੇ ਪਾਲਣ  ਪੋਸ਼ਣ ਦੇ ਲਈ ਮਦਦ ਕੀਤੀ ਜਾਵੇ।