ਸਵੱਛ ਭਾਰਤ ਮੁਹਿੰਮ ਦੀ ਪੋਲ ਖੋਲ੍ਹ ਰਹੇ ਨੇ ਰੇਲਵੇ ਸਟੇਸ਼ਨ ਦੇ ਬਾਥਰੂਮ

07/11/2018 12:48:18 AM

ਰੂਪਨਗਰ, (ਕੈਲਾਸ਼)- ਰੇਲਵੇ ਸਟੇਸ਼ਨ ਰੂਪਨਗਰ ’ਤੇ ਬਣੇ ਪੁਰਾਣੇ ਬਾਥਰੂਮ (ਪਖਾਨੇ) ਸਵੱਛ ਭਾਰਤ  ਮੁਹਿੰਮ ਦੀ ਪੋਲ ਖੋਲ੍ਹਦੇ ਨਜ਼ਰ ਆ ਰਹੇ ਹਨ। ਪੁਰਾਣੇ ਬਾਥਰੂਮਾਂ ’ਚ ਬਣੀਆਂ ਸੀਟਾਂ ਗੰਦਗੀ ਨਾਲ ਬਲਾਕ ਹੋਈਆਂ ਪਈਆਂ ਹਨ, ਜਿਸ ਕਾਰਨ ਯਾਤਰੀਆਂ ਦਾ ਬਾਥਰੂਮ ’ਚ ਜਾਣਾ ਤੱਕ ਮੁਸ਼ਕਿਲ ਹੋ ਗਿਆ ਹੈ। 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੇਲਵੇ ਸਟੇਸ਼ਨ ’ਤੇ ਮੌਜੂਦ ਯਾਤਰੀਆਂ ਨੇ ਦੱਸਿਆ ਕਿ ਉਕਤ ਪਖਾਨਿਆਂ ’ਚ ਗੰਦਗੀ ਦੀ ਭਰਮਾਰ ਹੋਣ ਕਾਰਨ ਲੋਕ ਤੇ ਯਾਤਰੀ ਬਾਹਰ ਜਾਣ ਲਈ ਮਜਬੂਰ ਹੁੰਦੇ ਹਨ ਜਿਸ ਕਾਰਨ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ।  ਭਾਵੇਂ  ਸਵੱਛ ਭਾਰਤ  ਮੁਹਿੰਮ ਦੇ ਤਹਿਤ ਰੇਲਵੇ ਸਟੇਸ਼ਨਾਂ ’ਤੇ ਸਫਾਈ ਰੱਖਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਤੇ ਸਫਾਈ ਸਬੰਧੀ ਫਲੈਕਸ ਬੋਰਡ ਵੀ ਲਾਏ ਗਏ। ਪਰ ਸਟੇਸ਼ਨ ਪ੍ਰਬੰਧਕਾਂ ਵੱਲੋਂ ਇਸ ਪਾਸੇ ਧਿਆਨ ਨਾ ਦਿੱਤੇ ਜਾਣ ਕਾਰਨ ਪਖਾਨਿਆਂ ਦੀ ਹਾਲਤ ਬਦ ਤੋਂ ਬਦਤਰ ਹੋਈ ਪਈ ਹੈ।
 ਇਸ ਦੇ ਸਬੰਧ ’ਚ ਸਮਾਜ ਸੇਵੀਅਾਂ ਤੇ ਸਟੇਸ਼ਨ ’ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਰੇਲਵੇ ਵਿਭਾਗ ਕੇਂਦਰ ਸਰਕਾਰ ਦੇ ਵਿਭਾਗਾਂ ’ਚੋਂ ਅਹਿਮ ਵਿਭਾਗ ਹੈ ਇਸ ਲਈ ਰੇਲਵੇ ਸਟੇਸ਼ਨਾਂ ’ਤੇ ਬਾਥਰੂਮਾਂ ਦਾ ਪਹਿਲ ਦੇ ਅਾਧਾਰ ’ਤੇ ਹੱਲ ਕਰਨਾ ਚਾਹੀਦਾ ਹੈ।
ਕੀ ਕਹਿਣੈ ਸਟੇਸ਼ਨ ਸੁਪਰਡੈਂਟ ਦਾ
ਇਸ ਸਬੰਧੀ ਜਦੋਂ ਸਟੇਸ਼ਨ ਸੁਪਰਡੈਂਟ ਤਜਿੰਦਰਪਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਰਾਣੇ ਬਾਥਰੂਮ ਬਲਾਕ ਹੋ ਚੁੱਕੇ ਹਨ, ਜਿਸ ਕਾਰਨ ਉਨ੍ਹਾਂ ਦੀ ਹੁਣ ਸਫਾਈ ਕਰਨ ’ਚ ਵੀ ਸਮੱਸਿਆ ਆ ਰਹੀ ਹੈ।  ਉਹ ਆਪਣੇ ਉੱਚ ਅਧਿਕਾਰੀਆਂ ਨੂੰ ਤੇ ਸੀਵਰੇਜ ਵਿਭਾਗ ਨੂੰ ਲਿਖਤੀ ਰੂਪ ’ਚ ਦੇ ਚੁੱਕੇ ਹਨ। ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਦੂਜੇ ਪਾਸੇ ਉਨ੍ਹਾਂ ਨਵੇੇਂ ਬਣੇ ਬਾਥਰੂਮਾਂ ਸਬੰਧੀ ਦੱਸਿਆ ਕਿ ਨਵੇਂ ਬਣੇ ਬਾਥਰੂਮਾਂ ਨੂੰ ਸ਼ੁਰੂ ਕਰਨਾ ਉੱਚ ਅਧਿਕਾਰੀਆਂ ’ਤੇ ਨਿਰਭਰ ਹੈ ਤੇ ਇਸ ਬਾਰੇ ਉਹ ਕੁਝ ਨਹੀਂ ਕਹਿ ਸਕਦੇ।