ਸੁਵਿਧਾ ਕਰਮਚਾਰੀਆਂ ਨੇ ਡੀ. ਸੀ. ਨੂੰ ਦਿੱਤਾ ਮੰਗ-ਪੱਤਰ

12/06/2017 6:15:30 AM

ਕਪੂਰਥਲਾ, (ਗੁਰਵਿੰਦਰ ਕੌਰ)- ਸੁਵਿਧਾ ਕਰਮਚਾਰੀ ਯੂਨੀਅਨ ਕਪੂਰਥਲਾ ਵਲੋਂ ਆਗੂ ਵਿਜੇ ਕੁਮਾਰ ਤੇ ਅਮਰੀਕ ਸਿੰਘ ਦੀ ਅਗਵਾਈ 'ਚ ਆਪਣੀਆਂ ਮੰਗਾਂ ਸਬੰਧੀ ਇਕ ਮੰਗ-ਪੱਤਰ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਈਅਬ ਨੂੰ ਦਿੱਤਾ, ਜਿਸ 'ਚ ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਸੁਖਮਨੀ ਸੇਵਾ ਸੁਸਾਇਟੀ ਦੇ ਅਧੀਨ ਨੌਕਰੀ ਦਿੱਤੀ ਜਾਵੇ ਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਜਾਵੇ। ਇਸ ਮੌਕੇ ਸੁਵਿਧਾ ਕਰਮਚਾਰੀਆਂ ਨੇ ਕਿਹਾ ਕਿ ਪੰਜਾਬ ਦੀ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਸੁਵਿਧਾ ਕੇਂਦਰਾਂ ਨੂੰ ਬੰਦ ਕਰਵਾ ਕੇ ਤੇ ਉਸਦੀ ਜਗ੍ਹਾ 500 ਕਰੋੜ ਖਰਚ ਕੇ ਸੇਵਾ ਕੇਂਦਰ ਖੋਲ੍ਹੇ ਹਨ, ਜਿਹੜੇ ਕਿ ਲੋਕਾਂ ਨੂੰ ਕੋਈ ਸਹੂਲਤ ਨਹੀਂ ਦੇ ਸਕੇ ਹਨ ਤੇ ਇਨ੍ਹਾਂ ਸੇਵਾ ਕੇਂਦਰਾਂ 'ਚ ਲੋਕਾਂ ਨੂੰ ਖੱਜਲ-ਖੁਆਰੀ ਤੋਂ ਇਲਾਵਾ ਕੁਝ ਨਹੀਂ ਮਿਲਿਆ। 
1100 ਮੁਲਾਜ਼ਮ ਕੀਤੇ ਬੇਰੁਜ਼ਗਾਰ
ਉਨ੍ਹਾਂ ਕਿਹਾ ਕਿ ਸਰਕਾਰ ਦੀ ਕੱਚੇ ਮੁਲਾਜ਼ਮ ਵਿਰੋਧੀ ਨੀਤੀ ਨੇ ਸੁਵਿਧਾ ਸੈਂਟਰਾਂ 'ਚ ਚੰਗੇ ਪੜ੍ਹੇ-ਲਿਖੇ 1100 ਮੁਲਾਜ਼ਮਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਹੈ, ਜਿਸ ਕਾਰਨ 14 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਕਰਮਚਾਰੀਆਂ ਦਾ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ। ਕਰਮਚਾਰੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦੁਬਾਰਾ ਸੁਖਮਨੀ ਸੇਵਾ ਸੁਸਾਇਟੀਆਂ 'ਚ ਰੁਜ਼ਗਾਰ ਦੇ ਕੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਜਲਦ ਤੋਂ ਜਲਦ ਰੈਗੂਲਰ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀ ਉਪਰੋਕਤ ਮੰਗ ਮੰਨ ਲੈਂਦੀ ਹੈ ਤਾਂ ਸੁਵਿਧਾ ਸੈਂਟਰਾਂ ਦੇ ਤਜਰਬੇਕਾਰ ਕਰਮਚਾਰੀ ਲੋਕਾਂ ਨੂੰ ਫਿਰ ਤੋਂ ਇਕ ਛੱਤ ਹੇਠਾਂ ਸਾਰੀਆਂ ਸੁਵਿਧਾਵਾਂ ਦੇਣੀਆਂ ਸ਼ੁਰੂ ਕਰ ਦੇਣਗੇ। ਇਸ ਮੌਕੇ ਹਰਜਿੰਦਰ ਸਿੰਘ, ਹੇਮੰਤ ਜੋਸ਼ੀ, ਰਵੇਲ ਸਿੰਘ, ਦੀਪਕ ਗਿੱਲ, ਅਮਿਤ ਕੁਮਾਰ, ਲਖਵੀਰ ਸਿੰਘ, ਰਸ਼ਪਾਲ ਸਿੰਘ, ਅਮਰਦੀਪ ਸਿੰਘ ਚਾਹਲ, ਕਿਰਨ ਬਾਲਾ, ਨਰਿੰਦਰ ਕੌਰ, ਅੰਮ੍ਰਿਤਾ ਭੰਡਾਰੀ ਆਦਿ ਹਾਜ਼ਰ ਸਨ।