ਭਾਖੜਾ ਤੋਂ ਪਾਣੀ ਛੱਡਣ ਪਿੱਛੋਂ ਸਤਲੁਜ ਦਰਿਆ ''ਚ ਪਾਣੀ ਦਾ ਪੱਧਰ ਵਧਿਆ

08/17/2019 6:33:42 PM

ਫਿਰੋਜ਼ਪੁਰ (ਕੁਮਾਰ, ਮਨਦੀਪ) : ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਨਾਲ ਫਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਦੀਆ ਚਿੰਤਾਵਾਂ ਵੱਧਣ ਲੱਗੀਆਂ ਹਨ। ਜਿਵੇਂ-ਜਿਵੇਂ ਪਿੱਛੋਂ ਤੇਜ਼ੀ ਨਾਲ ਪਾਣੀ ਛੱਡਿਆ ਜਾ ਰਿਹਾ ਹੈ, ਉਵੇਂ ਉਵੇਂ ਦਰਿਆ ਦੇ ਨਾਲ ਲੱਗਦੇ ਸਰਹੱਦੀ ਕਈ ਪਿੰਡਾਂ ਵਿਚ ਪਾਣੀ ਦਾਖਲ ਹੋਣ ਦੀਆਂ ਅਸ਼ੰਕਾਵਾਂ ਵੱਧਦੀਆਂ ਜਾ ਰਹੀਆਂ ਹਨ। ਮੌਸਮ ਵਿਭਾਗ ਵੱਲੋਂ ਪੰਜਾਬ ਵਿਚ 48 ਤੋਂ 72 ਘੰਟੇ ਤੱਕ ਤੇਜ਼ ਬਾਰਿਸ਼ ਹੋਣ ਦੀ ਦਿੱਤੀ ਚਿਤਾਵਨੀ ਤੋਂ ਬਾਅਦ ਦਰਿਆ ਦੇ ਕੋਲ ਰਹਿ ਰਹੇ ਲੋਕਾਂ ਵਿਚ ਚਿੰਤਾ ਦਾ ਮਾਹੌਲ ਹੈ। ਇਸ ਇਲਾਕੇ ਦੇ ਕਿਸਾਨ ਜਸਬੀਰ ਸਿੰਘ, ਮਲਕੀਤ ਸਿੰਘ, ਦਰਸ਼ਨ ਸਿੰਘ ਅਤੇ ਕਾਬੁਲ ਸਿੰਘ ਨੇ ਕਿਹਾ ਕਿ ਜ਼ਿਲਾ ਫਿਰੋਜ਼ਪੁਰ ਪ੍ਰਸ਼ਾਸਨ ਅਤੇ ਸਿੰਚਾਈ ਵਿਭਾਗ ਨੂੰ ਅਜਿਹੇ ਹਲਾਤ ਵਿਚ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਮਝਦੇ ਪਿੱਛੇ ਤੋਂ ਤੇਜ਼ ਆ ਰਿਹਾ ਪਾਣੀ ਨਾਲ ਦੀ ਨਾਲ ਪਾਕਿਸਤਾਨ ਵੱਲ ਛੱਡਣਾ ਚਾਹੀਦਾ ਹੈ ਕਿਉਂਕਿ ਜੇਕਰ ਪਾਣੀ ਪੂਰੇ ਬਹਾਅ ਨਾਲ ਅੱਗੇ ਨਹੀਂ ਛੱਡਿਆ ਗਿਆ ਤਾਂ ਦਰਿਆ ਦੇ ਨਾਲ ਲੱਗਦੇ ਪਿੰਡ ਪਾਣੀ ਵਿਚ ਡੁੱਬ ਸਕਦੇ ਹਨ ਅਤੇ ਕਿਸਾਨਾ ਦੇ ਖੇਤਾ ਵਿਚ ਖੜੀ ਫਸਲ ਤਬਾਅ ਹੋ ਸਕਦੀ ਹੈ।

ਦੂਸਰੇ ਪਾਸੇ ਸੰਪਰਕ ਕਰਨ 'ਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਚੰਦਰ ਗੈਂਦ ਨੇ ਦੱਸਿਆ ਕਿ ਜ਼ਿਲਾ ਫਿਰੋਜ਼ਪੁਰ ਪ੍ਰਸ਼ਾਸਨ ਵੱਲੋਂ ਪੰਜਾਬ ਵਿਚ ਭਾਰੀ ਬਾਰਿਸ਼ ਦੀ ਸੂਚਨਾ ਤੋਂ ਬਾਅਦ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਲੋਕ 1-2 ਦਿਨ ਆਪਣੇ ਘਰਾਂ ਨੂੰ ਛੱਡ ਕੇ ਨਾ ਜਾਣ, ਕਿਉਂਕਿ ਭਾਖੜਾ ਤੋਂ ਬੀਤੀ ਸ਼ਾਮ ਪਾਣੀ ਛੱਡਿਆ ਗਿਆ ਹੈ ਅਤੇ ਪਾਣੀ ਦਾ ਬਹਾਅ ਵੀ ਕਾਫੀ ਤੇਜ਼ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਾਰਿਸ਼ ਦੇ ਅਲਰਟ ਅਤੇ ਭਾਖੜਾ ਤੋਂ ਛੱਡੇ ਜਾ ਰਹੇ ਪਾਣੀ ਨੂੰ ਦੇਖਦੇ ਲੋਕ 1-2 ਦਿਨ ਆਪਣੇ ਘਰਾਂ ਦੇ ਕੋਲ ਰਹਿਣ। ਉਨ੍ਹਾਂ ਕਿਹਾ ਕਿ ਹੜ੍ਹ ਤੋਂ ਬਚਾਅ ਲਈ ਜ਼ਿਲਾ ਫਿਰੋਜਪੁਰ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। 

ਬੋਟਸ ਤੇ ਡਰਾਈਵਰਾਂ ਆਦਿ ਦੇ ਉਚਿਤ ਪ੍ਰਬੰਧ ਹਨ ਤੇ ਜ਼ਿਲਾ ਪ੍ਰਸ਼ਾਸਨ ਦੇ ਸਾਰੇ ਐੱਸ.ਡੀ.ਐਮਜ਼ ਪ੍ਰਬੰਧਾ ਦੀ ਨਿਗਰਾਨੀ ਕਰ ਰਹੇ ਹਨ। ਚੰਦਰ ਗੈਂਦ ਨੇ ਦੱਸਿਆ ਕਿ ਡੀ.ਸੀ. ਦਫਤਰ ਫਿਰੋਜ਼ਪੁਰ ਵਿਚ ਜ਼ਿਲਾ ਪੱਧਰ ਦਾ ਫਲੱਡ ਕੰਟਰੋਲ ਰੂਮ ਬਣਾਇਆ ਗਿਆ ਹੈ, ਜੋ 24 ਘੰਟੇ ਲਗਾਤਾਰ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਸ਼ੂਆਂ ਲਈ ਚਾਰਾ, ਦਵਾਹੀਆਂ, ਰਹਿਣ ਲਈ ਟੈਂਟ, ਲੋਕਾਂ ਲਈ ਐਮਰਜੈਂਸੀ ਵਿਚ ਰਾਸ਼ਨ ਆਦਿ ਦੇ ਉਚਿਤ ਪ੍ਰਬੰਧ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਕਿਹਾ ਕਿ ਲੋਕ ਅਫਵਾਹਾਂ 'ਤੇ ਵਿਸ਼ਵਾਸ ਨਾ ਕਰਨ ਅਤੇ ਝੂਠੀਆਂ ਅਫਵਾਹਾਂ ਨਾ ਫੈਲਾਉਣ।

Gurminder Singh

This news is Content Editor Gurminder Singh