ਬਿਆਸ ਤੇ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧਿਆ, ਅਲਰਟ ਜਾਰੀ

08/17/2019 11:58:53 PM

ਕਪੂਰਥਲਾ : ਪੰਜਾਬ 'ਚ ਲਗਾਤਾਰ ਤੇ ਭਾਰੀ ਬਾਰਿਸ਼ ਕਾਰਨ ਬਿਆਸ ਤੇ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵੱਧ ਗਿਆ ਹੈ, ਜਿਸ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਅਲਰਟ ਜਾਰੀ ਕੀਤਾ ਗਿਆ ਹੈ। ਪ੍ਰਸ਼ਾਸਨ ਵਲੋਂ ਉਕਤ ਦਰਿਆਵਾਂ ਦੇ ਨੇੜਲੇ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਚੌਕਨਾ ਰਹਿਣ ਨੂੰ ਕਿਹਾ ਹੈ। ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਦੌਰਾਨ ਜਿਲੇ 'ਚ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਪੰਜਾਬ 'ਚ ਭਾਰੀ ਬਾਰਸ਼ ਦੀ ਭਵਿੱਖਵਾਣੀ ਤੋਂ ਬਾਅਦ ਲਗਾਤਾਰ ਮੀਂਹ ਜਾਰੀ ਹੈ। ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਨਾਲ ਅਤੇ ਪੌਂਗ ਡੈਮ ਤੋਂ ਪਾਣੀ ਛੱਡਣ ਨਾਲ ਜ਼ਿਲੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ । ਜਿਵੇਂ-ਜਿਵੇਂ ਪਿੱਛਿਓਂ ਤੇਜ਼ੀ ਨਾਲ ਪਾਣੀ ਛੱਡਿਆ ਜਾ ਰਿਹਾ, ਉਸ ਤਰ੍ਹਾਂ ਹੀ ਦਰਿਆ ਦੇ ਨਾਲ ਲੱਗਦੇ ਕਈ ਪਿੰਡਾਂ 'ਚ ਪਾਣੀ ਦਾਖਲ ਹੋਣ ਦੀਆਂ ਸੰਭਾਵਨਾਵਾਂ ਵੱਧਦੀਆਂ ਜਾ ਰਹੀਆਂ ਹਨ।

ਹੜ੍ਹ ਤੋਂ ਬਚਾਅ ਲਈ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੇ ਕੀਤੇ ਗਏ ਹਨ ਪ੍ਰਬੰਧ : ਡੀ. ਸੀ.
ਡੀ. ਸੀ. ਕਪੂਰਥਲਾ ਇੰਜੀ. ਡੀ. ਪੀ. ਐੱਸ. ਖਰਬੰਦਾ ਨੇ ਦੱਸਿਆ ਕਿ ਪੰਜਾਬ 'ਚ ਭਾਰੀ ਮੀਂਹ ਦੀ ਸੂਚਨਾ ਤੋਂ ਬਾਅਦ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਘਰਾਂ ਨੂੰ ਛੱਡ ਕੇ ਨਾ ਜਾਣ ਤੇ ਘਰਾਂ 'ਚ ਰਹਿਣ। ਉਨ੍ਹਾਂ ਕਿਹਾ ਕਿ ਹੜ੍ਹ ਤੋਂ ਬਚਾਅ ਦੇ ਲਈ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਕਿਸ਼ਤੀਆਂ ਤੇ ਡਰਾਈਵਰ ਆਦਿ ਦੇ ਯੋਗ ਪ੍ਰਬੰਧ ਹਨ। ਜ਼ਿਲਾ ਪ੍ਰਸ਼ਾਸਨ ਦੇ ਐੱਸ. ਡੀ. ਐੱਮ. ਸਾਰੇ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ। ਜ਼ਿਲਾ ਪੱਧਰ ਦਾ ਫਲੱਡ ਕੰਟਰੋਲ ਰੂਮ ਬਣਾਇਆ ਗਿਆ ਹੈ ਜੋ 24 ਘੰਟੇ ਲਗਾਤਾਰ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਸ਼ੂਆਂ ਦੇ ਲਈ ਚਾਰਾ, ਦਵਾਈਆਂ, ਰਹਿਣ ਦੇ ਲਈ ਟੈਂਟ, ਲੋਕਾਂ ਦੇ ਲਈ ਐਮਰਜੈਂਸੀ 'ਚ ਰਾਸ਼ਨ ਆਦਿ ਦੇ ਯੋਗ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕ ਅਫਵਾਹਾਂ ਤੋਂ ਸੁਚੇਤ ਰਹਿਣ।

ਇਹ ਪਿੰਡ ਹੁੰਦੇ ਹਨ ਹੜ੍ਹ ਤੋਂ ਪ੍ਰਭਾਵਿਤ
ਬਾਊਪੁਰ, ਰਾਮਪੁਰ ਹਿਮਦਵਾਲ, ਭੈਣੀ ਕਾਦਰ ਬਖਸ਼, ਮੰਡ ਗੁਜਰਪੁਰ, ਮੰਡ ਮੁਬਾਰਕਪੁਰ, ਬਾਊਪੁਰ ਜਦੀਦ, ਬਾਊਪੁਰ ਕਦੀਮ, ਸਾਂਗਰਾ, ਕਿਸ਼ਨ ਸਿੰਘ ਵਾਲਾ, ਬਾਗੂਵਾਲ, ਦੇਸਲ, ਮੰਡ ਸਾਬਕ ਦੇਸਲ, ਅੰਮ੍ਰਿਤਪੁਰ, ਕੰਮੇਵਾਲ, ਮੁੰਡੀ ਛੰਨਾ, ਸ਼ੇਰ ਸਿੰਘ ਵਾਲਾ, ਮੰਡ ਤਲਵੰਡੀ, ਆਹਲੀ ਕਲਾਂ, ਆਹਲੀ ਖੁਰਦ, ਭਰੋਆਣਾ, ਬਾਜਾ, ਪੱਸਣ ਕਦੀਮ, ਲੱਖਣ ਖੋਰੇ, ਭੀਮ ਕਦੀਮ ਆਦਿ ਹਾਜ਼ਰ ਸਨ।