ਢਿੱਲੋਂ ਬ੍ਰਦਰਜ਼ ਖ਼ੁਦਕੁਸ਼ੀ ਮਾਮਲੇ ''ਚ ਮੁਅੱਤਲ SHO ਨਵਦੀਪ ਸਿੰਘ ਗ੍ਰਿਫ਼ਤ ਤੋਂ ਕੋਹਾਂ ਦੂਰ, ਪਰਿਵਾਰ ਨੇ ਕੱਢੀ ਭੜਾਸ

09/25/2023 6:50:10 PM

ਸੁਲਤਾਨਪੁਰ ਲੋਧੀ (ਧੀਰ)-ਮਾਨਵਜੀਤ ਸਿੰਘ ਢਿੱਲੋਂ ਅਤੇ ਜਸ਼ਨਬੀਰ ਸਿੰਘ ਢਿੱਲੋਂ ਦੇ ਖ਼ੁਦਕੁਸ਼ੀ ਮਾਮਲੇ ’ਚ ਮੁਅੱਤਲ ਐੱਸ. ਐੱਚ. ਓ. ਨਵਦੀਪ ਸਿੰਘ, ਨਾਮਜ਼ਦ ਮਹਿਲਾ ਕਾਂਸਟੇਬਲ ਜਗਜੀਤ ਕੌਰ ਅਤੇ ਮੁਨਸ਼ੀ ਬਲਵਿੰਦਰ ਕੁਮਾਰ ਦੀ ਮਾਣਯੋਗ ਅਦਾਲਤ ਵੱਲੋਂ ਅਗਾਊਂ ਜ਼ਮਾਨਤ ਅਰਜ਼ੀ ਰੱਦ ਕਰਨ ਦੇ ਬਾਵਜੂਦ ਵੀ ਮੁਲਜ਼ਮ ਕਪੂਰਥਲਾ ਪੁਲਸ ਦੀ ਗ੍ਰਿਫ਼ਤ ਤੋਂ ਕੋਹਾਂ ਦੂਰ ਹਨ। ਇੰਨਾ ਸਮਾਂ ਬੀਤਣ ’ਤੇ ਮੁਲਜ਼ਮਾਂ ਦੀ ਗ੍ਰਿਫ਼ਤਾਰ ਨਾ ਹੋਣ ਕਾਰਨ ਲੋਕਾਂ ਦਾ ਹੁਣ ਪੁਲਸ ਪ੍ਰਸ਼ਾਸਨ ਤੋਂ ਭਰੋਸਾ ਉੱਠਣ ਲੱਗ ਪਿਆ ਹੈ।

ਮਾਨਵਜੀਤ ਸਿੰਘ ਢਿੱਲੋਂ ਅਤੇ ਜਸ਼ਨਬੀਰ ਸਿੰਘ ਢਿੱਲੋਂ ਦੇ ਪਰਿਵਾਰ ਮੈਂਬਰਾਂ ਨੇ ਪੁਲਸ ’ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰਾਂ ਦੇ ਖ਼ੁਦਕੁਸ਼ੀ ਮਾਮਲੇ ’ਚ ਕਪੂਰਥਲਾ ਪੁਲਸ ਦੀ ਕਾਰਵਾਈ ਬਹੁਤ ਢਿੱਲੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਾਮਲੇ ’ਚ ਪੁਲਸ ਮੁਲਾਜ਼ਮਾਂ ਦਾ ਨਾਂ ਆਉਣ ਕਰਕੇ ਕਪੂਰਥਲਾ ਪੁਲਸ ਕੋਈ ਦਿਲਚਸਪੀ ਨਹੀਂ ਵਿਖਾ ਰਹੀ। ਪਰਿਵਾਰ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਲੁੱਟ-ਖੋਹ, ਚੋਰੀ ਜਾਂ ਕੋਈ ਹੋ ਵਾਰਦਾਤ ਹੁੰਦੀ ਹੈ ਤਾਂ ਸਾਰੀ ਪੁਲਸ ਫੋਰਸ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ, ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਟਾਰਚਰ ਕਰਨ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਕੋਲੋਂ ਬਾਰ-ਬਾਰ ਜਾਣਕਾਰੀ ਪ੍ਰਾਪਤ ਕਰਨ ਅਤੇ ਉਨ੍ਹਾਂ ਦੇ ਮੋਬਾਇਲ ਫੋਨ ਦੀਆਂ ਕਾਲਾਂ ਖੰਘਾਲਣ ’ਚ ਲੱਗ ਜਾਂਦੀ ਹੈ ਪਰ ਸਾਡੀ ਵਾਰ ਇਹ ਪੁਲਸ ਫੋਰਸ ਕਿੱਥੇ ਚਲੀ ਗਈ? ਉਨ੍ਹਾਂ ਕਿਹਾ ਕਿ ਜਿੰਨਾ ਚਿਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਓਨਾ ਚਿਰ ਉਹ ਸ਼ਾਂਤ ਨਹੀਂ ਬੈਠਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵੀ ਪਤਾ ਲੱਗ ਗਿਆ ਹੈ ਕਿ ਆਮ ਲੋਕਾਂ ਦੀ ਪੁਲਸ ਥਾਣਿਆਂ ’ਚ ਕਿੰਨੀ ਕੁ ਸੁਣਵਾਈ ਹੁੰਦੀ ਹੈ।

ਇਹ ਵੀ ਪੜ੍ਹੋ-  'ਬਾਬਾ ਸੋਢਲ' ਜੀ ਦੇ ਮੇਲੇ ਨੂੰ ਲੈ ਕੇ ਰੌਣਕਾਂ ਲੱਗਣੀਆਂ ਹੋਈਆਂ ਸ਼ੁਰੂ, ਪ੍ਰਸ਼ਾਸਨ ਨੇ ਕੀਤੇ ਖ਼ਾਸ ਪ੍ਰਬੰਧ

ਜ਼ਿਕਰਯੋਗ ਹੈ ਕਿ 16 ਅਗਸਤ ਨੂੰ ਪਤੀ-ਪਤਨੀ ਦੇ ਘਰੇਲੂ ਝਗੜੇ ਨੂੰ ਹੱਲ ਕਰਨ ਲਈ ਦੋਵੇਂ ਧਿਰਾਂ ਜਲੰਧਰ ਦੇ ਥਾਣਾ ਨੰ. 1 ’ਚ ਇਕੱਠੀਆਂ ਹੋਈਆਂ ਸਨ। ਇਸ ਦੌਰਾਨ ਥਾਣੇ ’ਚ ਲੜਕੀ ਧਿਰ ਵੱਲੋਂ ਆਏ ਇਕ ਵਿਅਕਤੀ ਮਾਨਵਜੀਤ ਸਿੰਘ ਢਿੱਲੋਂ ’ਤੇ ਪੁਲਸ ਨੇ 107/51 ਦਾ ਕੇਸ ਦਰਜ ਕਰ ਦਿੱਤਾ। ਮਾਨਵਜੀਤ ਸਿੰਘ ਢਿੱਲੋਂ ਨੂੰ ਕਥਿਤ ਤੌਰ ’ਤੇ ਐੱਸ. ਐੱਚ. ਓ. ਨਵਦੀਪ ਸਿੰਘ, ਮਹਿਲਾ ਕਾਂਸਟੇਬਲ ਜਗਜੀਤ ਕੌਰ ਅਤੇ ਮੁਨਸ਼ੀ ਬਲਵਿੰਦਰ ਕੁਮਾਰ ਨੇ ਕਾਫ਼ੀ ਜ਼ਲੀਲ ਕੀਤਾ ਅਤੇ ਕੁੱਟਮਾਰ ਕਰਦੇ ਹੋਈ ਉਸ ਦੀ ਪੱਗ ਵੀ ਉਤਾਰ ਦਿੱਤੀ ਸੀ। ਇਸ ਬਾਰੇ ਜਦੋਂ ਮਾਨਵਜੀਤ ਸਿੰਘ ਢਿੱਲੋਂ ਦੇ ਭਰਾ ਜਸ਼ਨਬੀਰ ਸਿੰਘ ਢਿੱਲੋਂ ਨੂੰ ਪਤਾ ਚੱਲਦਾ ਹੈ ਤਾਂ ਉਹ ਇਹ ਸਭ ਕੁਝ ਨਾ ਸਹਾਰ ਸਕਿਆ ਅਤੇ ਉਸ ਨੇ ਗੋਇੰਦਵਾਲ ਸਾਹਿਬ ਪੁਲ ਤੋਂ ਦਰਿਆ ਬਿਆਸ ’ਚ ਛਾਲ ਮਾਰ ਦਿੱਤੀ, ਜਿਸ ਦੇ ਮਗਰ ਹੀ ਮਾਨਵਜੀਤ ਸਿੰਘ ਢਿੱਲੋਂ ਨੇ ਛਾਲ ਮਾਰ ਦਿੱਤੀ ਸੀ। ਪੁਲਸ ਨੇ ਕਾਫ਼ੀ ਦਿਨਾਂ ਬਾਅਦ ਜਸ਼ਨਬੀਰ ਸਿੰਘ ਢਿੱਲੋਂ ਦੀ ਲਾਸ਼ ਬਰਾਮਦ ਕੀਤੀ।

ਇਹ ਵੀ ਪੜ੍ਹੋ-  ਬਿਆਸ ਦਰਿਆ ਦੇ ਪਾਣੀ ’ਚ ਡੁੱਬੇ 2 ਮਾਸੂਮਾਂ ਦਾ ਇਕੱਠਿਆਂ ਹੋਇਆ ਸਸਕਾਰ, ਧਾਹਾਂ ਮਾਰ ਰੋਇਆ ਪਰਿਵਾਰ

ਇਸ ਦੌਰਾਨ ਜਸ਼ਨਬੀਰ ਸਿੰਘ ਢਿੱਲੋਂ ਦੀ ਲਾਸ਼ ਮਿਲਣ ਉਪਰੰਤ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਸ ਨੇ ਐੱਸ. ਐੱਚ. ਓ. ਨਵਦੀਪ ਸਿੰਘ, ਮਹਿਲਾ ਕਾਂਸਟੇਬਲ ਜਗਜੀਤ ਕੌਰ ਤੇ ਮੁਨਸ਼ੀ ਬਲਵਿੰਦਰ ਕੁਮਾਰ ਵਿਰੁੱਧ ਧਾਰਾ ਆਈ. ਪੀ. ਸੀ. 306, 506 ਅਤੇ 343 ਤਹਿਤ ਮਾਮਲਾ ਦਰਜ ਕਰ ਦਿੱਤਾ। ਜਿਸ ਤੋਂ ਬਾਅਦ ਮਾਮਲਾ ਸ਼ਾਂਤ ਨਾ ਹੁੰਦਾ ਹੋਇਆ ਵੇਖ ਕੇ ਪੁਲਸ ਕਮਿਸ਼ਨਰ ਜਲੰਧਰ ਨੇ ਐੱਸ. ਐੱਚ. ਓ. ਨਵਦੀਪ ਸਿੰਘ ਮੁਅੱਤਲ ਕਰ ਦਿੱਤਾ ਸੀ। ਜਿਸ ਉਪਰੰਤ ਮੁਅੱਤਲ ਐੱਸ. ਐੱਚ. ਓ. ਨਵਦੀਪ ਸਿੰਘ, ਨਾਮਜ਼ਦ ਮਹਿਲਾ ਕਾਂਸਟੇਬਲ ਜਗਜੀਤ ਕੌਰ ਅਤੇ ਮੁਨਸ਼ੀ ਬਲਵਿੰਦਰ ਕੁਮਾਰ ਵੱਲੋਂ ਮਾਣਯੋਗ ਅਦਾਲਤ ’ਚ ਅਗਾਊਂ ਜ਼ਮਾਨਤ ਲਈ ਅਰਜ਼ੀ ਲਾਈ ਗਈ ਸੀ, ਜੋ ਮਾਣਯੋਗ ਅਦਾਲਤ ਵੱਲੋਂ ਰੱਦ ਕਰ ਦਿੱਤੀ ਗਈ ਹੈ। ਹਾਲੇ ਤਕ ਮਾਨਵਜੀਤ ਸਿੰਘ ਢਿੱਲੋਂ ਦਾ ਵੀ ਕੁਝ ਪਤਾ ਨਹੀਂ ਲੱਗ ਸਕਿਆ ਹੈ। ਇਸ ਸੰਬੰਧੀ ਜਦੋਂ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ। ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ-  ਦੋਸਤੀ ਕਰਕੇ ਬਣਾਏ ਸਰੀਰਕ ਸੰਬੰਧ, ਫਿਰ ਵਿਦੇਸ਼ ਜਾ ਕੇ ਅਸ਼ਲੀਲ ਵੀਡੀਓ ਵਾਇਰਲ ਕਰ ਕੀਤਾ ਇਹ ਕਾਰਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri