ਸਸਪੈਂਡ ਕੀਤੇ ਐੱਸ. ਈਜ਼ ਨੂੰ ਨਵਜੋਤ ਸਿੱਧੂ ਨੇ ਚੰਡੀਗੜ੍ਹ ਬੁਲਾਇਆ

07/11/2017 7:26:24 AM

ਜਲੰਧਰ, (ਖੁਰਾਣਾ)- ਪੰਜਾਬ ਦੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਕਾਲੀ-ਭਾਜਪਾ ਦੇ ਕਾਰਜਕਾਲ ਦੌਰਾਨ ਪੀ. ਆਈ. ਡੀ. ਵਲੋਂ ਸ਼ਹਿਰੀ ਵਿਕਾਸ ਲਈ ਖਰਚ ਕੀਤੀ ਗਈ ਗ੍ਰਾਂਟ ਵਿਚ ਬੇਨਿਯਮੀਆਂ ਦੇ ਮਾਮਲੇ ਵਿਚ ਬੀਤੇ ਦਿਨੀਂ ਪੰਜਾਬ ਦੇ ਨਗਰ ਨਿਗਮਾਂ ਦੇ 4 ਐੱਸ. ਈਜ਼ ਨੂੰ ਸਸਪੈਂਡ ਕਰ ਦਿੱਤਾ ਸੀ, ਜਿਨ੍ਹਾਂ ਵਿਚ ਜਲੰਧਰ ਨਿਗਮ ਦੇ ਐੱਸ. ਈ. ਕੁਲਵਿੰਦਰ ਸਿੰਘ ਵੀ ਸ਼ਾਮਲ ਸਨ। ਹੁਣ ਪਤਾ ਲੱਗਾ ਹੈ ਕਿ ਮੰਤਰੀ ਨਵਜੋਤ ਸਿੱਧੂ ਨੇ 11 ਜੁਲਾਈ ਮੰਗਲਵਾਰ ਨੂੰ ਚਾਰੋਂ ਐੱਸ. ਈਜ਼ ਨੂੰ ਚੰਡੀਗੜ੍ਹ ਬੁਲਾਇਆ ਹੈ।
ਉਨ੍ਹਾਂ ਦੇ ਨਾਲ ਨਗਰ ਨਿਗਮਾਂ ਦੇ ਸਾਰੇ ਐਕਸੀਅਨਜ਼ ਨੂੰ ਵੀ ਚੰਡੀਗੜ੍ਹ ਆਉਣ ਲਈ ਕਿਹਾ ਗਿਆ ਹੈ। 
ਇਸ ਦੌਰਾਨ ਐੱਸ. ਈ. ਕੁਲਵਿੰਦਰ ਸਿੰਘ ਦੇ ਸਮਰਥਨ ਵਿਚ ਅੱਜ ਜਲੰਧਰ ਨਿਗਮ ਦੇ ਸਾਰੇ ਇੰਜੀਨੀਅਰਾਂ ਨੇ ਪ੍ਰੋਟੈਸਟ ਲੀਵ ਲੈ ਕੇ 2 ਘੰਟੇ ਲਈ ਗੇਟ ਰੈਲੀ ਕੀਤੀ, ਜਿਸ ਦੌਰਾਨ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ ਗਈ। ਇਸ ਰੋਸ ਪ੍ਰਦਰਸ਼ਨ ਵਿਚ ਬੀ. ਐਂਡ ਆਰ. ਤੋਂ ਇਲਾਵਾ ਓ. ਐਂਡ ਐੱਮ. ਅਤੇ ਹੋਰਨਾਂ ਬ੍ਰਾਂਚਾਂ ਦੇ ਅਧਿਕਾਰੀ ਵੀ ਸ਼ਾਮਲ ਹੋਏ। ਬਿਲਡਿੰਗ ਬ੍ਰਾਂਚ ਅਤੇ ਮਨਿਸਟ੍ਰੀਅਲ ਸਟਾਫ ਯੂਨੀਅਨ ਨੇ ਵੀ ਇਸ ਰੋਸ ਪ੍ਰਦਰਸ਼ਨ ਦਾ ਸਮਰਥਨ ਕੀਤਾ।
ਭਾਜਪਾ ਨੇ ਵੀ ਉਠਾਇਆ ਮੌਕੇ ਦਾ ਫਾਇਦਾ- ਕਾਂਗਰਸ ਸਰਕਾਰ ਆਉਣ ਤੋਂ ਬਾਅਦ ਰੋਜ਼ਾਨਾ ਹੋ ਰਹੇ ਘਟਨਾਕ੍ਰਮ ਦਾ ਸਿਆਸੀ ਫਾਇਦਾ ਉਠਾਉੁਣ ਤੋਂ ਅੱਜ ਜ਼ਿਲਾ ਭਾਜਪਾ ਵੀ ਨਹੀਂ ਖੁੰਝੀ। ਜ਼ਿਲਾ ਪ੍ਰਧਾਨ ਰਮੇਸ਼ ਸ਼ਰਮਾ ਦੀ ਅਗਵਾਈ ਵਿਚ ਭਾਜਪਾ ਨੇਤਾਵਾਂ ਨੇ ਅੱਜ ਨਿਗਮ ਕੰਪਲੈਕਸ ਆ ਕੇ ਗੇਟ ਰੈਲੀ ਕਰ ਰਹੇ ਨਿਗਮ ਦੇ ਇੰਜੀਨੀਅਰਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।
ਸਿੱਧੂ ਦਾ ਰਵੱਈਆ ਤੈਅ ਕਰੇਗਾ ਅਗਲੀ ਰਣਨੀਤੀ- ਲੋਕਲ ਬਾਡੀਜ਼ ਮੰਤਰੀ ਬਣਨ ਦੇ 3 ਤੋਂ 4 ਮਹੀਨਿਆਂ ਅੰਦਰ ਨਵਜੋਤ ਸਿੱਧੂ ਨੇ ਵਿਭਾਗ ਵਿਚ ਕਾਫੀ ਉਥਲ-ਪੁਥਲ ਕੀਤੀ ਹੈ। ਚਾਹੇ ਦਰਜਨਾਂ ਦੀ ਗਿਣਤੀ ਵਿਚ ਕੀਤੇ ਗਏ ਤਬਾਦਲਿਆਂ ਵਿਚ ਸਿੱਧੂ ਦੀ ਨੀਤੀ ਸਿਰੇ ਨਹੀਂ ਚੜ੍ਹੀ ਪਰ ਉਨ੍ਹਾਂ ਨੇ ਕਾਫੀ ਸਖਤੀ ਦਿਖਾਉਂਦੇ ਹੋਏ ਕਈ ਅਧਿਕਾਰੀਆਂ ਨੂੰ ਸਸਪੈਂਡ, ਟਰਮੀਨੇਟ ਅਤੇ ਡਿਮੋਟ ਆਦਿ ਕੀਤਾ ਹੈ। ਹਾਲ ਹੀ ਵਿਚ 4 ਐੱਸ. ਈਜ਼ ਨੂੰ ਸਸਪੈਂਡ ਕੀਤੇ ਜਾਣ ਦੀ ਘਟਨਾ ਵੀ ਕਾਫੀ ਵੱਡੀ ਮੰਨੀ ਜਾ ਰਹੀ ਹੈ ਪਰ ਮੰਗਲਵਾਰ ਨੂੰ ਇਨ੍ਹਾਂ ਐੱਸ. ਈਜ਼ ਦੀ ਸਿੱਧੂ ਦੇ ਨਾਲ ਹੋਣ ਜਾ ਰਹੀ ਮੀਟਿੰਗ ਵਿਚ ਸਿੱਧੂ ਦਾ ਰਵੱਈਆ ਵਿਭਾਗ ਦੀ ਅਗਲੀ ਰਣਨੀਤੀ ਤੈਅ ਕਰੇਗਾ।
ਕਾਂਗਰਸੀ ਵਿਧਾਇਕ ਦਾ ਸਾਲਾ ਵੀ ਸਿੱਧੂ ਦੇ ਨਾਲ- ਨਗਰ ਨਿਗਮ ਵਿਚ ਅੱਜ ਇੰਜੀਨੀਅਰਾਂ ਨੇ ਪੰਜਾਬ ਸਰਕਾਰ ਅਤੇ ਮੰਤਰੀ ਨਵਜੋਤ ਸਿੱਧੂ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ। ਖਾਸ ਗੱਲ ਇਹ ਰਹੀ ਕਿ ਇਸ ਰੋਸ ਪ੍ਰਦਰਸ਼ਨ ਵਿਚ ਮੁਕੇਰੀਆਂ ਤੋਂ ਕਾਂਗਰਸੀ ਵਿਧਾਇਕ ਰਜਨੀਸ਼ ਬੱਬੀ ਦੇ ਸਕੇ ਸਾਲੇ ਪ੍ਰਦੀਪ ਕੁਮਾਰ ਨੇ ਵੀ ਹਿੱਸਾ ਲਿਆ, ਜੋ ਜਲੰਧਰ ਨਗਰ ਨਿਗਮ ਵਿਚ ਕੰਮ ਕਰ ਰਹੇ ਹਨ। ਇਸ ਨੂੰ ਅੱਜ ਲੈ ਕੇ ਨਿਗਮ ਖੇਤਰਾਂ ਵਿਚ ਕਾਫੀ ਚਰਚਾ ਰਹੀ।