ਡਿਊਟੀ ’ਚ ਲਾਪਰਵਾਹੀ ਵਰਤਣ ਦੇ ਦੋਸ਼ ’ਚ ਪੁਲਸ ਚੌਕੀ ਮੁਖੀ ਸਸਪੈਂਡ

08/05/2018 2:01:53 AM

ਬਠਿੰਡਾ(ਵਰਮਾ)-ਡਿਊਟੀ ’ਚ ਲਾਪਰਵਾਹੀ ਵਰਤਣ ਦੇ ਦੋਸ਼ ’ਚ ਐੱਸ. ਐੱਸ. ਪੀ. ਬਠਿੰਡਾ ਨਾਨਕ ਸਿੰਘ ਨੇ ਥਾਣਾ ਭੁੱਚੋ ਚੌਕੀ ਮੁਖੀ ਨੂੰ ਤੁਰੰਤ ਸਸਪੈਂਡ ਕਰ ਦਿੱਤਾ। ਉਸ ਵਿਰੁੱਧ ਸ਼ਿਕਾਇਤਾਂ ਦਾ ਲੰਬਾ ਪਿਟਾਰਾ ਵੀ ਪੁਲਸ ਦੀਆਂ ਫਾਇਲਾਂ ਨੂੰ ਚਿਡ਼ਾ ਰਿਹਾ ਸੀ। ਜਾਣਕਾਰੀ ਅਨੁਸਾਰ ਪਿੰਡ ਪਹੂਲੀ ਦੇ ਜਗਮੀਤ ਸਿੰਘ ਦਾ 25 ਜੁਲਾਈ ਨੂੰ ਮੋਟਰਸਾਈਕਲ ਚੋਰੀ ਹੋ ਗਿਆ ਸੀ ਜਿਸ ਦੀ ਉਹ ਵਾਰ-ਵਾਰ ਸ਼ਿਕਾਇਤ ਕਰ ਰਿਹਾ ਸੀ ਬਾਵਜੂਦ ਇਸਦੇ ਚੌਕੀ ਮੁਖੀ ਜਸਪਾਲ ਸਿੰਘ ਮਾਮਲਾ ਦਰਜ ਕਰਨ ’ਚ ਆਨਾਕਾਨੀ ਕਰ ਰਿਹਾ ਸੀ। ਪੀਡ਼੍ਹਤ ਨੇ ਕਈ ਚੱਕਰ ਚੌਕੀ ਦੇ ਲਾਏ ਪਰ ਉਸਦੀ ਇਕ ਨਹੀਂ ਸੁਣੀ ਅਤੇ ਕਿਹਾ ਕਿ ਉਹ ਕੁਝ ਦਿਨ ਇੰਤਜਾਰ ਕਰੇ। ਜ਼ਿਕਰਯੋਗ ਹੈ ਕਿ ਚੌਕੀ ਮੁਖੀ ਦੇ ਵਿਵਾਦਾਂ ਦੀ ਲੰਬੀ ਲਿਸਟ ਰਹੀ ਇਥੋਂ ਤੱਕ ਕਿ ਕੁਝ ਦਿਨ ਪਹਿਲਾਂ ਇਕ ਮਜ਼ਦੂਰ ਦੀ ਮੌਤ ਦੇ ਮਾਮਲੇ ’ਚ ਵੀ ਥਾਣਾ ਮੁਖੀ ਦੀ ਭੂਮਿਕਾ ਸ਼ੱਕੀ ਪਾਈ ਗਈ ਸੀ। ਇਥੋਂ ਤੱਕ ਕਿ ਬਠਿੰਡਾ ਜੋਨ ਦੇ ਆਈ. ਜੀ. ਐੱਮ. ਐੱਫ. ਫਾਰੂਕੀ ਨੇ ਵੀ ਇਸਦੀ ਪੁਸ਼ਟੀ ਕੀਤੀ ਹੈ।
 ਕੀ ਕਹਿਣਾ ਹੈ ਐੱਸ.ਐੱਸ.ਪੀ. ਦਾ
 ਜ਼ਿਲੇ ਦੇ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਦਾ ਕਹਿਣਾ ਹੈ ਕਿ ਥਾਣੇ ’ਚ ਕੋਈ ਵੀ ਸ਼ਿਕਾਇਤ ਆਉਂਦੀ ਹੈ ਤਾਂ ਉਸਦਾ ਮਾਮਲਾ ਜਾ ਉਸਦੀ ਪ੍ਰਾਥਮਿਕਤਾ ਰਿਪੋਰਟ ਦਰਜ ਕਰਨੀ ਜ਼ਰੂਰੀ ਹੈ। ਚੌਕੀ ਮੁਖੀ ਨੇ ਇਸਨੂੰ ਗੰਭੀਰਤਾ ਨਾਲ ਨਹੀਂ ਲਿਆ ਉਸਦੇ ਵਿਰੁੱਧ ਪਹਿਲਾ ਵੀ ਸ਼ਿਕਾਇਤਾਂ ਆਉਂਦੀਆਂ ਹਨ। ਲਾਪਰਵਾਹੀ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਹੋਵੇਗੀ ਅਤੇ ਇਸ ਲਈ ਪੁਲਸ ਚੌਕੀ ਇੰਚਾਰਜ ਭੁੱਚੋ ਨੂੰ ਸਸਪੈਂਡ ਕੀਤਾ ਗਿਆ ਹੈ।