‘ਮੈਨੂੰ ਭਾਵੇਂ ਸਸਪੈਂਡ ਕਰ ਦਿਓ, ਮੈਂ ਵਾਧੂ ਚਾਰਜ ਨਹੀਂ ਸੰਭਾਲਾਂਗਾ’

07/13/2018 5:55:59 AM

ਜਲੰਧਰ(ਅਮਿਤ)¸-ਤਹਿਸੀਲ-2 ਅੰਦਰ ਇਕ ਪਟਵਾਰੀ ਵਲੋਂ ਆਪਣੇ ਅਧਿਕਾਰੀ ਵਲੋਂ  ਸੌਂਪੇ ਗਏ ਐਡੀਸ਼ਨਲ ਚਾਰਜ ਨੂੰ ਲੈਣ ਤੋਂ ਸਾਫ ਮਨ੍ਹਾ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ  ਵਿਚ ਤਹਿਸੀਲਦਾਰ ਵਲੋਂ ਜਾਰੀ ਹੁਕਮਾਂ ਨੂੰ ਸਾਫ ਤੌਰ ’ਤੇ ਅਣਡਿੱਠ ਕਰਦੇ ਹੋਏ ਇਕ  ਪਟਵਾਰੀ ਨੇ ਇਥੋਂ ਤਕ ਕਹਿ ਦਿੱਤਾ ਕਿ ਚਾਹੇ ਮੈਨੂੰ ਸਸਪੈਂਡ ਕਰ ਦਿਓ, ਮੈਂ ਵਾਧੂ ਚਾਰਜ  ਨਹੀਂ ਸੰਭਾਲਾਂਗਾ। ਇਸ ਮਾਮਲੇ ਦੀ ਪੂਰੀ ਤਹਿਸੀਲ ਵਿਚ ਖੂਬ ਚਰਚਾ ਜਾਰੀ ਹੈ ਅਤੇ ਆਉਣ  ਵਾਲੇ ਕੁਝ ਦਿਨਾਂ ਵਿਚ ਸਬੰਧਤ ਪਟਵਾਰੀ ਖਿਲਾਫ ਬਣਦੀ ਕਾਰਵਾਈ ਦੀ ਸਿਫਾਰਸ਼ ਵੀ ਕੀਤੀ  ਜਾ ਸਕਦੀ ਹੈ।
ਕੀ ਹੈ ਮਾਮਲਾ, ਕਿਸ ਪਟਵਾਰੀ ਨੇ ਚਾਰਜ ਲੈਣ ਤੋਂ ਕੀਤੀ ਨਾਂਹ?
ਤਹਿਸੀਲਦਾਰ-2  ਹਰਮਿੰਦਰ ਸਿੰਘ ਨੇ ਹਲਕਾ ਪਵਾਰ ਦੇ ਪਟਵਾਰੀ ਜਤਿੰਦਰ ਸਿੰਘ ਵਾਲੀਆ ਨੂੰ ਇਕ ਪੱਤਰ ਲਿਖ  ਕੇ ਹਲਕਾ ਚੋਗਾਵਾਂ ਦਾ ਵਾਧੂ ਚਾਰਜ ਸੌਂਪਿਆ ਸੀ ਕਿਉਂਕਿ ਚੋਗਾਵਾਂ ਨਾਲ ਸੰਬੰਧਤ ਪਟਵਾਰੀ  ਲਗਭਗ ਡੇਢ-ਦੋ ਮਹੀਨੇ ਦੀਆਂ ਛੁੱਟੀਆਂ ’ਤੇ ਗਿਆ ਹੋਇਆ ਹੈ। ਪਟਵਾਰੀ ਜਤਿੰਦਰ ਸਿੰਘ ਨੇ  ਚਾਰਜ ਲੈਣ ਦੀ ਜਗ੍ਹਾ ਆਪਣੀ ਰਿਪੋਰਟ ਬਣਾ ਕੇ ਲਿਖਿਆ ਕਿ ਉਨ੍ਹਾਂ ਦੀ ਮਾਤਾ ਕਾਫੀ ਬਜ਼ੁਰਗ  ਹੈ ਅਤੇ ਉਨ੍ਹਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਉਸ ’ਤੇ ਹੈ। ਇਸ ਲਈ ਉਹ ਵਾਧੂ ਚਾਰਜ ਨਹੀਂ  ਲੈ ਸਕਦਾ।
ਤਹਿਸੀਲਦਾਰ ਨੇ ਸਵੇਰੇ 9 ਤੋਂ ਸ਼ਾਮ 5 ਵਜੇ ਤਕ ਕੰਮ ਕਰਨ ਲਈ ਦਿੱਤੇ ਹੁਕਮ 
ਤਹਿਸੀਲਦਾਰ-2  ਨੇ ਪਟਵਾਰੀ ਜਤਿੰਦਰ ਸਿੰਘ ਨੂੰ ਇਕ ਪੱਤਰ ਲਿਖ ਕੇ ਰੋਜ਼ਾਨਾ ਦੀ ਤਰ੍ਹਾਂ ਕੰਮ ਵਾਲੇ ਦਿਨ  ਸਵੇਰੇ 9 ਤੋਂ ਸ਼ਾਮ 5 ਵਜੇ ਤਕ ਦਫਤਰੀ ਕੰਮ ਕਰਨ ਲਈ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ  ਬਿਨਾਂ ਰੁਕਾਵਟ ਉਹ ਪਟਵਾਰ ਸਰਕਲ ਚੋਗਾਵਾਂ ਦਾ ਚਾਰਜ ਸੰਭਾਲ ਲੈਣ ਨਹੀਂ ਤਾਂ ਤੁਹਾਡੇ  ਖਿਲਾਫ ਅਨੁਸ਼ਾਸਨੀ ਕਾਰਵਾਈ ਲਈ ਅਧਿਕਾਰੀਆਂ ਨੂੰ ਲਿਖ ਦਿੱਤਾ ਜਾਵੇਗਾ।
ਮੈਂ ਕੋਈ ਗੱਲ ਨਹੀਂ ਕਰਨੀ, ਤੁਸੀਂ ਦਫਤਰ ’ਚ ਗੱਲ ਕਰੋ : ਜਤਿੰਦਰ ਵਾਲੀਆ
ਪਟਵਾਰੀ  ਜਤਿੰਦਰ ਸਿੰਘ ਵਾਲੀਆ ਨਾਲ ਜਦੋਂ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਸ ਨੇ  ਇਸ ਬਾਰੇ ਕੋਈ ਗੱਲ ਨਹੀਂ ਕਰਨੀ ਹੈ। ਵਾਧੂ ਚਾਰਜ ਨਾ ਸੰਭਾਲਣ ਦੇ ਸਵਾਲ ’ਤੇ ਉਨ੍ਹਾਂ  ਕਿਹਾ ਕਿ ਜੋ ਵੀ ਪੁੱਛਣਾ ਹੈ ਸਿੱਧਾ ਦਫਤਰ ਨਾਲ ਗੱਲ ਕਰੋ। ਮੇਰੇ ਨਾਲ ਗੱਲ ਕਰਨ ਦੀ  ਜ਼ਰੂਰਤ ਨਹੀਂ।
ਅਸੀਂ ਸਰਕਾਰੀ ਮੁਲਾਜ਼ਮ ਹਾਂ, ਜੇ ਅਸੀਂ ਦਫਤਰੀ ਹੁਕਮ ਨਹੀਂ ਮੰਨਾਂਗੇ ਤਾਂ ਕਿਵੇਂ ਚੱਲੇਗਾ? : ਕੁਲਦੀਪ ਸਿੰਘ
ਹਲਕਾ  ਲਾਂਬੜਾ ਦੇ ਕਾਨੂੰਨਗੋ ਕੁਲਦੀਪ ਸਿੰਘ ਨਾਲ ਜਦੋਂ ਇਸ ਸਬੰਧੀ ਗੱਲ ਕੀਤੀ ਗਈ ਤਾਂ  ਉਨ੍ਹਾਂ ਕਿਹਾ ਕਿ ਪਟਵਾਰੀ ਜਤਿੰਦਰ ਸਿੰਘ ਵਾਲੀਆ ਨੂੰ ਬਹੁਤ ਸਮਝਾਇਆ ਸੀ ਕਿ ਉਹ ਚਾਰਜ ਲੈ  ਲੈਣ ਪਰ ਉਹ ਆਪਣੀ ਗੱਲ ’ਤੇ ਅੜਿਆ ਰਿਹਾ ਕਿ ਚਾਹੇ ਜੋ ਵੀ ਹੋ ਜਾਵੇ ਉਹ ਚਾਰਜ ਨਹੀਂ  ਸੰਭਾਲੇਗਾ। ਕੁਲਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪਟਵਾਰੀ ਨੂੰ ਕਿਹਾ ਸੀ ਕਿ ਅਸੀਂ  ਲੋਕ ਸਰਕਾਰੀ ਮੁਲਾਜ਼ਮ ਹਾਂ ਅਤੇ ਜੇਕਰ ਅਸੀਂ ਹੀ ਦਫਤਰੀ ਹੁਕਮਾਂ ਨੂੰ ਨਹੀਂ ਮੰਨਾਂਗੇ ਤਾਂ  ਅਜਿਹੇ ਵਿਚ ਕੰਮ ਕਿਵੇਂ ਚੱਲੇਗਾ।
ਡੀ. ਸੀ. ਕੋਲ ਬਣਦੀ ਕਾਰਵਾਈ ਲਈ ਕੀਤੀ ਜਾਵੇਗੀ ਸਿਫਾਰਸ਼ : ਤਹਿਸੀਲਦਾਰ-2
ਤਹਿਸੀਲਦਾਰ-2  ਹਰਮਿੰਦਰ ਸਿੰਘ ਨੇ ਕਿਹਾ ਕਿ ਪਟਵਾਰੀ ਨੂੰ ਹੁਕਮਾਂ ਦੀ ਉਲੰਘਣਾ ਕਰਨਾ ਕਿਸੇ ਵੀ ਕੀਮਤ  'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਡੀ. ਸੀ. ਕੋਲ ਪਟਵਾਰੀ ਖਿਲਾਫ ਬਣਦੀ ਕਾਰਵਾਈ ਦੀ  ਸਿਫਾਰਸ਼ ਕੀਤੀ ਜਾਵੇਗੀ ਤਾਂ ਜੋ ਹੋਰ ਕਰਮਚਾਰੀਆਂ ਨੂੰ ਵੀ ਸਬਕ ਮਿਲ ਸਕੇ।