SMO ਸਮਰਾਲਾ ''ਤੇ ਹਮਲਾ ਕਰਨ ਵਾਲੇ ਦੋਸ਼ੀ ਗ੍ਰਿਫ਼ਤਾਰ, ਸਫ਼ਾਈ ਸੇਵਕ ਨਿਕਲਿਆ ਮਾਸਟਰ ਮਾਈਂਡ

03/02/2024 4:19:56 PM

ਸਮਰਾਲਾ (ਗਰਗ, ਵਿਪਨ) : ਸਮਰਾਲਾ ਵਿਖੇ ਐੱਸ. ਐੱਮ. ਓ. ਡਾਕਟਰ ਤਾਰਿਕਜੋਤ ਸਿੰਘ 'ਤੇ ਹਮਲਾ ਕਰਨ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਿਵਲ ਹਸਪਤਾਲ ਦਾ ਸਫ਼ਾਈ ਸੇਵਕ ਹੀ ਮਾਸਟਰ ਮਾਈਂਡ ਨਿਕਲਿਆ। ਇਸ ਮਾਮਲੇ ਸਬੰਧੀ ਇੱਕ ਮਹੰਤ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਖੰਨਾ ਵਿਖੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ 25-02-2024 ਨੂੰ ਤਾਰਿਕਜੋਤ ਸਿੰਘ ਵਾਸੀ ਗੋਬਿੰਦ ਨਗਰ, ਸਮਰਾਲਾ ਨੇ ਪੁਲਸ ਪਾਸ ਇਤਲਾਹ ਦਿੱਤੀ ਕਿ ਉਹ ਸਿਵਲ ਹਸਪਤਾਲ ਸਮਰਾਲਾ ਵਿਖੇ ਬਤੌਰ ਐੱਸ. ਐੱਮ. ਓ. ਡਿਊਟੀ ਕਰਦਾ ਹੈ ਅਤੇ ਸਮਰਾਲਾ ਵਿਖੇ ਆਪਣੀ ਰਿਹਾਇਸ਼ 'ਤੇ ਇੱਕਲਾ ਹੀ ਰਹਿੰਦਾ ਹੈ।

ਮਿਤੀ 24-02-2024 ਨੂੰ ਕਰੀਬ 11 ਵਜੇ ਉਹ ਸਿਵਲ ਹਸਪਤਾਲ ਸਮਰਾਲਾ ਵਿੱਚੋਂ ਆਪਣੀ ਕਾਰ 'ਚ ਸਵਾਰ ਹੋ ਕੇ ਘਰ ਨੂੰ ਜਾ ਰਿਹਾ ਸੀ ਤਾਂ ਇੱਕ ਵਰਨਾ ਕਾਰ 'ਚ ਸਵਾਰ 3-4 ਨੌਜਵਾਨਾਂ ਨੇ ਉਸ ਦੀ ਕਾਰ ਨੂੰ ਘੇਰ ਲਿਆ। ਕਾਰ ਸਵਾਰ ਵਿਅਕਤੀ ਆਪਣੀ ਕਾਰ ਵਿੱਚੋ ਥੱਲੇ ਉਤਰ ਆਏ, ਜਿਨ੍ਹਾਂ ਦੇ ਹੱਥਾਂ ਵਿੱਚ ਕੁੱਝ ਫੜ੍ਹਿਆ ਹੋਇਆ ਸੀ, ਜੋ ਉਸਨੂੰ ਧਮਕੀਆਂ ਦੇਣ ਲੱਗੇ। ਉਹ ਡਰਦੇ ਹੋਏ ਆਪਣੀ ਕਾਰ ਭਜਾ ਕੇ ਲੈ ਗਿਆ।

ਤਾਰਿਕਜੋਤ ਸਿੰਘ ਉਕਤ ਵੱਲੋਂ ਦਿੱਤੀ ਇਤਲਾਹ ਪਰ ਨਾ-ਮਲੂਮ ਵਿਅਕਤੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ 'ਚ ਲਿਆਂਦੀ ਗਈ। ਮੁਕੱਦਮਾ ਉਕਤ ਦੇ ਨਾ-ਮਲੂਮ ਵਿਅਕਤੀਆਂ ਨੂੰ ਟਰੇਸ ਕਰਨ ਲਈ ਵੱਖ-2 ਪੁਲਸ ਪਾਰਟੀ ਦੀਆਂ ਟੀਮਾਂ ਬਣਾ ਕੇ ਵਿਗਿਆਨਕ ਅਤੇ ਟੈਕਨੀਕਲ ਤਾਰੀਕੇ ਨਾਲ ਤਫਤੀਸ਼ ਅਮਲ ਵਿੱਚ ਲਿਆਉਂਦੇ ਹੋਏ ਰੇਨੂੰ ਮਹੰਤ ਚੇਲਾ ਭੋਲੀ ਮਹੰਤ ਵਾਸੀ ਬਹਿਲੋਲਪੁਰ, ਜ਼ਿਲ੍ਹਾ ਲੁਧਿਆਣਾ, ਮਨਪ੍ਰੀਤ ਸਿੰਘ ਉਰਫ਼ ਮਨੀ ਪੁੱਤਰ ਹਰਬੰਸ ਸਿੰਘ ਵਾਸੀ ਬਹਿਲੋਲਪੁਰ, ਜ਼ਿਲ੍ਹਾ ਲੁਧਿਆਣਾ ਅਤੇ ਸੰਜੀਵ ਕੁਮਾਰ ਉਰਫ਼ ਲੱਕੀ ਪੁੱਤਰ ਰਾਜਿੰਦਰ ਕੁਮਾਰ ਵਾਸੀ ਨੇੜੇ ਵੇਰਕਾ ਡੇਅਰੀ, ਜ਼ਿਲ੍ਹਾ ਰੋਪੜ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਉਕਤਾਨ ਵਿਅਕਤੀਆਂ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਰੇਨੂੰ ਮਹੰਤ ਉਕਤ ਦਾ ਪਿੰਡ ਬਹਿਲੋਪੁਰ ਵਿਖੇ ਡੇਰਾ ਹੈ, ਜਿੱਥੇ ਮਨਪ੍ਰੀਤ ਸਿੰਘ ਉਕਤ ਸਿਵਲ ਹਸਪਤਾਲ ਸਮਰਾਲਾ ਵਿਖੇ ਸਫ਼ਾਈ ਸੇਵਕ ਦਾ ਕੰਮ ਕਰਦਾ ਹੈ ਅਤੇ ਸੰਜੀਵ ਕੁਮਾਰ ਉਕਤ ਆਉਂਦੇ ਸਨ। ਇਨ੍ਹਾਂ ਨੂੰ ਪਤਾ ਸੀ ਕਿ ਐੱਸ. ਐੱਮ. ਓ. ਤਾਰਿਕਜੋਤ ਸਿੰਘ ਦੇਰ ਰਾਤ ਆਪਣੇ ਘਰ ਨੂੰ ਜਾਂਦਾ ਹੈ, ਜਿਸ ਕਰਕੇ ਲੁੱਟ ਦੀ ਨੀਅਤ ਨਾਲ ਹਮਲਾ ਕੀਤਾ ਗਿਆ ਸੀ। ਇਨ੍ਹਾਂ ਦਾ ਅਪਰਾਧਿਕ ਰਿਕਾਰਡ ਹੈ। ਮਨਪ੍ਰੀਤ ਤੋਂ ਇਲਾਵਾ ਬਾਕੀ ਦੋਹਾਂ ਖ਼ਿਲਾਫ਼ ਕੇਸ ਦਰਜ ਹਨ।
 

Babita

This news is Content Editor Babita