ਸਰਹੱਦ ਨੇੜਿਓਂ ਗ੍ਰਿਫਤਾਰ ਸ਼ੱਕੀ ਨੌਜਵਾਨ 2 ਦਿਨਾ ਪੁਲਸ ਰਿਮਾਂਡ ''ਤੇ

Monday, Apr 30, 2018 - 01:55 AM (IST)

ਸਰਹੱਦ ਨੇੜਿਓਂ ਗ੍ਰਿਫਤਾਰ ਸ਼ੱਕੀ ਨੌਜਵਾਨ 2 ਦਿਨਾ ਪੁਲਸ ਰਿਮਾਂਡ ''ਤੇ

ਭਿੰਡੀ ਸੈਦਾਂ,   (ਗੁਰਜੰਟ)-  ਬੀਤੇ ਕੱਲ ਤਹਿਸੀਲ ਅਜਨਾਲਾ ਦੀ ਸਰਹੱਦੀ ਚੌਕੀ ਘੋਗਾ ਤੋਂ ਬੀ. ਐੱਸ. ਐੱਫ. ਦੀ 17 ਬਟਾਲੀਅਨ ਦੇ ਜਵਾਨਾਂ ਵੱਲੋਂ ਅੰਤਰਰਾਸ਼ਟਰੀ ਸਰਹੱਦ ਤੋਂ ਕਾਬੂ ਕੀਤੇ ਨੌਜਵਾਨ ਲਖਵਿੰਦਰ ਸਿੰਘ ਉਰਫ ਸੋਨੂੰ ਵਾਸੀ ਦਾਉਕੇ ਥਾਣਾ ਘਰਿੰਡਾ ਖਿਲਾਫ ਬੀ. ਐੱਸ. ਐੱਫ. ਦੇ ਸਹਾਇਕ ਕਮਾਂਡੈਂਟ ਕਮਲ ਕਿਸ਼ੋਰ ਨੇ ਪੁਲਸ ਥਾਣਾ ਭਿੰਡੀ ਸੈਦਾਂ ਵਿਖੇ ਮਾਮਲਾ ਦਰਜ ਕਰਵਾਉਂਦਿਆਂ ਦੱਸਿਆ ਕਿ ਲਖਵਿੰਦਰ ਸਿੰਘ ਉਰਫ ਸੋਨੂੰ ਹੈਰੋਇਨ ਦਾ ਸਮੱਗਲਰ ਹੈ, ਜਿਸ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਕੱਲ ਪਾਕਿ ਵੱਲੋਂ ਆਉਣ ਵਾਲੀ 10 ਕਿਲੋ ਹੈਰੋਇਨ ਦੀ ਖੇਪ ਚੁੱਕਣ ਲਈ ਆਇਆ ਸੀ ਤੇ ਆਉਣ ਤੋਂ ਪਹਿਲਾਂ ਉਸ ਨੇ ਏਅਰਟੈੱਲ ਦੇ ਨੰਬਰ ਤੋਂ ਪਾਕਿ ਦੇ ਸਮੱਗਲਰ ਆਰਿਫ ਵਾਸੀ ਪਿੰਡ ਗੁਰਕੀ ਜ਼ਿਲਾ ਲਾਹੌਰ ਨਾਲ ਵਟਸਐਪ ਕਾਲ 'ਤੇ ਗੱਲ ਵੀ ਹੋਈ ਸੀ। ਉਕਤ ਸਮੱਗਲਰ ਕਰੀਬ 15 ਦਿਨ ਪਹਿਲਾਂ ਵੀ ਹੈਰੋਇਨ ਦੀ ਖੇਪ ਚੁੱਕਣ ਲਈ ਸਰਹੱਦ 'ਤੇ ਆਇਆ ਸੀ ਪਰ ਬੀ. ਐੱਸ. ਐੱਫ. ਦੇ ਜਵਾਨਾਂ ਨੇ ਉਸ ਦੀ ਕੋਸ਼ਿਸ਼ ਨੂੰ ਸਫਲ ਨਹੀਂ ਹੋਣ ਦਿੱਤਾ।
ਜ਼ਿਕਰਯੋਗ ਹੈ ਕਿ ਕਾਬੂ ਕੀਤੇ ਗਏ ਉਕਤ ਸਮੱਗਲਰ ਦੇ ਸਾਥੀ ਤਰਸੇਮ ਸਿੰਘ ਵਾਸੀ ਭਿੰਡੀ ਔਲਖ ਤੇ ਦੇਬੂ ਵਾਸੀ ਦਾਉਕੇ ਹਨੇਰੇ ਦਾ ਫਾਇਦਾ ਉਠਾਉਂਦਿਆਂ ਭੱਜਣ 'ਚ ਸਫਲ ਹੋ ਗਏ ਸਨ। ਇਸ ਮਾਮਲੇ ਸਬੰਧੀ ਥਾਣਾ ਭਿੰਡੀ ਸੈਦਾਂ ਦੇ ਤਫਤੀਸ਼ੀ ਅਧਿਕਾਰੀ ਏ. ਐੱਸ. ਆਈ. ਚਰਨ ਸਿੰਘ ਮੁਤਾਬਕ ਦੋਸ਼ੀ ਲਖਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਖਿਲਾਫ ਮਾਮਲਾ ਦਰਜ ਕਰ ਕੇ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ 2 ਦਿਨਾਂ ਦੇ ਪੁਲਸ ਰਿਮਾਂਡ 'ਤੇ ਲਿਆਂਦਾ ਗਿਆ ਹੈ। ਇਸ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।


Related News