ਸ਼ੱਕੀ ਮੰਗਤਿਆਂ ਨੇ ਫੌਜ ਦੇ ਟਿਕਾਣੇ ਸਾਹਮਣੇ ਬਣਾਈਆਂ ਝੁੱਗੀਆਂ

01/13/2018 7:29:33 AM

ਅੰਮ੍ਰਿਤਸਰ, (ਨੀਰਜ)- ਗੁਰੂ ਦੀ ਨਗਰੀ ਨੂੰ ਮੰਗਤਿਆਂ ਤੋਂ ਆਜ਼ਾਦ ਕਰਨ ਲਈ ਜਿਥੇ ਡੀ. ਸੀ. ਕਮਲਦੀਪ ਸਿੰਘ ਸੰਘਾ ਵੱਲੋਂ ਭੀਖ ਮੰਗਣ 'ਤੇ ਰੋਕ ਲਾਈ ਗਈ ਹੈ ਅਤੇ ਭਿਖਾਰੀਆਂ ਦੇ ਪੁਨਰਵਾਸ ਲਈ ਰੈਣ-ਬਸੇਰਾ ਚਲਾਇਆ ਜਾ ਰਿਹਾ ਹੈ ਉਥੇ ਹੀ ਦੂਜੇ ਪਾਸੇ ਵਿਡੰਬਨਾ ਇਹ ਹੈ ਕਿ ਜ਼ਿਆਦਾਤਰ ਮੰਗਤੇ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਇਸ ਸਹੂਲਤ ਦਾ ਲਾਹਾ ਲੈਣ ਨੂੰ ਤਿਆਰ ਨਹੀਂ ਹਨ ਕਿਉਂਕਿ ਭੀਖ ਮੰਗਣਾ ਉਨ੍ਹਾਂ ਦੀ ਮਜਬੂਰੀ ਨਹੀਂ ਸਗੋਂ ਸ਼ੌਕ ਹੈ ਕਿਉਂਕਿ ਉਹ ਭੀਖ ਮੰਗਣ ਦੇ ਕੰਮ ਨੂੰ ਆਪਣਾ ਕਾਰੋਬਾਰ ਬਣਾ ਚੁੱਕੇ ਹਨ ਜਿਸ ਵਿਚ ਉਹ ਚੰਗੀ ਕਮਾਈ ਕਰਨ ਦੇ ਇਲਾਵਾ ਆਪਣਾ ਨਸ਼ਾ-ਪੱਤਾ ਵੀ ਪੂਰਾ ਕਰ ਸਕਦੇ ਹਨ ਹਾਲਾਤ ਤਾਂ ਇਹ ਹੈ ਕਿ ਸ਼ਹਿਰੀ ਇਲਾਕੇ ਸਥਿਤ ਇਤਿਹਾਸਕ ਜੀ. ਜੀ. ਫੋਰਟ  (ਕਿਲਾ ਗੋਬਿੰਦਗੜ੍ਹ) ਜਿਥੇ ਅਤਿ ਸੰਵੇਦਨਸ਼ੀਲ ਫੌਜੀ ਟਿਕਾਣਾ ਹੈ। ਠੀਕ ਉਸ ਦੇ ਸਾਹਮਣੇ ਹੀ ਭਿਖਾਰੀਆਂ ਨੇ ਸੜਕ ਦੇ ਕੰਡੇ ਆਪਣੀਆਂ ਝੁੱਗੀਆਂ ਝੌਂਪੜੀਆਂ ਬਣਾ ਲਈਆਂ ਹਨ ਅਤੇ ਸਰਕਾਰੀ ਜ਼ਮੀਨ 'ਤੇ ਕਬਜ਼ਾ ਕਰ ਰੱਖਿਆ ਹੈ।
ਇਹ ਮੰਗਤੇ ਕਿੱਥੋਂ ਆਏ ਹਨ ਅਤੇ ਇਥੇ ਕਿਉਂ ਰਹਿ ਰਹੇ ਹਨ ਇਸ ਬਾਰੇ ਕਿਸੇ ਨੂੰ ਵੀ ਜਾਣਕਾਰੀ ਨਹੀਂ। ਇਨ੍ਹਾਂ ਕੋਲ ਨਾ ਤਾਂ ਕੋਈ ਆਧਾਰ ਕਾਰਡ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਪਛਾਣ ਪੱਤਰ ਹੈ ਜਿਸ ਨਾਲ ਇਨ੍ਹਾਂ ਦੀਆਂ ਗਤੀਵਿਧੀਆਂ ਵੀ ਸ਼ੱਕ ਦੇ ਦਾਇਰੇ ਵਿਚ ਆ ਜਾਂਦੀਆਂ ਹਨ। ਇਕ ਮਹੱਤਵਪੂਰਣ ਫੌਜੀ ਟਿਕਾਨੇ ਦੇ ਸਾਹਮਣੇ ਭਿਖਾਰੀਆਂ ਦਾ ਇਸ ਤਰ੍ਹਾਂ ਦੀਆਂ ਝੁੱਗੀਆਂ-ਝੌਂਪੜੀਆਂ ਹੋਣਾ ਫੌਜ ਦੇ ਨਜ਼ਰੀਏ ਅਤੇ ਸੁਰੱਖਿਆ ਦੀ ਨਜ਼ਰ ਤੋਂ ਵੀ ਠੀਕ ਨਹੀਂ ਹੈ ਕਿਉਂਕਿ ਕਈ ਵਾਰ ਭਿਖਾਰੀਆਂ ਦੇ ਭੇਸ ਵਿਚ ਪਾਕਿਸਤਾਨੀ ਜਾਸੂਸ ਫੜੇ ਜਾ ਚੁੱਕੇ ਹਨ।
ਇਨ੍ਹਾਂ ਭਿਖਾਰੀਆਂ ਨੇ ਜੀ.ਜੀ. ਫੋਰਟ  ਦੇ ਸਾਹਮਣੇ ਝੁੱਗੀਆਂ ਕਿਵੇਂ ਬਣਾ ਲਈਆਂ ਇਸ ਵਿਚ ਨਗਰ ਨਿਗਮ ਅਤੇ ਪੁਲਸ ਦੀ ਲਾਪ੍ਰਵਾਹੀ ਤਾਂ ਸਾਹਮਣੇ ਆਉਂਦੀ ਹੀ ਹੈ ਉਥੇ ਹੀ ਫੌਜ ਦੀ ਕਾਰਗੁਜ਼ਾਰੀ 'ਤੇ ਵੀ ਪ੍ਰਸ਼ਨਚਿੰਨ੍ਹ ਖੜ੍ਹਾ ਹੋ ਜਾਂਦਾ ਹੈ ਕਿ ਆਖ਼ਿਰਕਾਰ ਫੌਜ ਨੇ ਇਨ੍ਹਾਂ ਭਿਖਾਰੀਆਂ ਨੂੰ ਕਿਉਂ ਨਹੀਂ ਰੋਕਿਆ ਅਤੇ ਇਨ੍ਹਾਂ ਨੂੰ ਹਟਾਉਣ ਲਈ ਪ੍ਰਸ਼ਾਸਨ ਨੂੰ ਕਿਉਂ ਨਹੀਂ ਕਿਹਾ ਇਹ ਵੀ ਇਕ ਸਵਾਲ ਹੈ।
ਭੀਖ ਮੰਗਣ ਲਈ ਬੱਚਿਆਂ ਨੂੰ ਕਰ ਰਹੇ ਨੇ ਕਿਡਨੈਪ
ਭਿਖਾਰੀਆਂ ਦੇ ਮਾਮਲੇ ਵਿਚ ਪੁਲਸ ਦੇ ਸਾਹਮਣੇ ਆਏ ਕੁਝ ਮਾਮਲਿਆਂ ਵਿਚ ਸਾਹਮਣੇ ਆਇਆ ਹੈ ਕਿ ਮੰਗਤੇ ਲੋਕਾਂ ਦੇ ਬੱਚਿਆਂ ਨੂੰ ਕਿਡਨੈਪ ਕਰ ਕੇ ਉਨ੍ਹਾਂ ਨੂੰ ਭੀਖ ਮੰਗਣ ਦੇ ਕੰਮ ਵਿਚ ਲਾ ਦਿੰਦੇ ਹਨ ਅਤੇ ਬੱਚਿਆਂ ਦੇ ਅੰਗ ਭੰਗ ਕਰ ਕੇ ਉਨ੍ਹਾਂ ਤੋਂ ਭੀਖ ਮੰਗਵਾਈ ਜਾਂਦੀ ਹੈ। ਦਿੱਲੀ ਅਤੇ ਮੁੰਬਈ ਵਰਗੇ ਸ਼ਹਿਰਾਂ ਦੇ ਇਲਾਵਾ ਹੁਣ ਅੰਮ੍ਰਿਤਸਰ ਦੇ ਸ਼ਹਿਰੀ ਇਲਾਕਿਆਂ ਵਿਚ ਵੀ ਕੁਝ ਮੰਗਤੇ ਬੱਚਿਆਂ ਦੇ ਕੰਨ ਕੱਟ ਕੇ ਲਹੂ ਲੁਹਾਨ ਹਾਲਤ ਵਿਚ ਉਨ੍ਹਾਂ ਤੋਂ ਭੀਖ ਮੰਗਵਾਉਂਦੇ ਹਨ ਜੋ ਕਾਫ਼ੀ ਤਰਸਯੋਗ ਦ੍ਰਿਸ਼ ਹੁੰਦਾ ਹੈ ਪ੍ਰਸ਼ਾਸਨ ਵੱਲੋਂ ਅਜਿਹੇ ਭਿਖਾਰੀਆਂ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ ।
ਨਸ਼ਾਪੂਰਤੀ ਅਤੇ ਆਪਰਾਧਿਕ ਘਟਨਾਵਾਂ ਵਿਚ ਸ਼ਾਮਲ ਹੋ ਜਾਂਦੇ ਹਨ ਕੁਝ ਮੰਗਤੇ
ਬਹੁਤ ਹੀ ਘੱਟ ਮੰਗਤੇ ਅਜਿਹੇ ਹੋਣਗੇ ਜੋ ਕਿਸੇ ਸਰੀਰਕ ਰੋਗ ਜਾਂ ਆਰਥਿਕ ਤੰਗੀ  ਕਾਰਨ ਭੀਖ ਮੰਗਣ ਦਾ ਕੰਮ ਕਰਦੇ ਹਨ ਜ਼ਿਆਦਾਤਰ ਕੇਸਾਂ ਵਿਚ ਨਸ਼ੇ ਦੀ ਪੂਰਤੀ ਕਰਨ ਲਈ ਮੰਗਤੇ ਭੀਖ ਮੰਗਦੇ ਹਨ ਅਤੇ ਰਾਤ ਦੇ ਸਮੇਂ ਆਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ ਜੋ ਸਾਡੇ ਸਮਾਜ ਲਈ ਖਤਰਨਾਕ ਹੈ।
ਰੈਣ-ਬਸੇਰੇ ਵਿਚ ਦਿੱਤੀਆਂ ਜਾ ਰਹੀਆਂ ਹਨ ਖਾਣ-ਪੀਣ ਅਤੇ ਮੈਡੀਕਲ ਦੀਆਂ ਸਹੂਲਤਾਂ
ਜ਼ਿਲਾ ਪ੍ਰਸ਼ਾਸਨ ਵੱਲੋਂ ਰੈੱਡ ਕਰਾਸ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਰੈਣ ਬਸੇਰਾ ਦੀ ਗੱਲ ਕਰੀਏ ਤਾਂ ਗੁਰੂ ਦੀ ਨਗਰੀ ਨੂੰ ਮੰਗਤਿਆਂ ਤੋਂ ਆਜ਼ਾਦ ਕਰਨ ਲਈ ਸਾਬਕਾ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਕਾਰਜਕਾਲ ਵਿਚ ਤਤਕਾਲੀਨ ਡੀ. ਸੀ. ਕਾਹਨ ਸਿੰਘ ਪੰਨੂ ਵੱਲੋਂ ਰੈਣ-ਬਸੇਰਾ ਦਾ ਗਠਨ ਕੀਤਾ ਗਿਆ ਜਿਸ ਵਿਚ ਭਿਖਾਰੀਆਂ ਦੇ ਰਹਿਣ ਦੀ ਸਹੂਲਤ ਦੇ ਇਲਾਵਾ ਉਨ੍ਹਾਂ ਨੂੰ ਫ੍ਰੀ ਮੈਡੀਕਲ ਸਹੂਲਤ ਵੀ ਪ੍ਰਦਾਨ ਕੀਤੀ ਗਈ ਹੈ। ਧਾਰਮਿਕ ਅਸਥਾਨਾਂ ਦੇ ਆਸਪਾਸ ਅਤੇ ਸੜਕਾਂ ਦੇ ਕਿਨਾਰਿਆਂ 'ਤੇ ਝੁੱਗੀਆਂ ਬਣਾ ਕੇ ਰਹਿਣ ਵਾਲੇ ਭਿਖਾਰੀਆਂ ਨੂੰ ਫੜ-ਫੜ ਕੇ ਰੈਣ ਬਸੇਰਾ ਵਿਚ ਲਿਆਂਦਾ ਗਿਆ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿ ਮੰਗਤਾ ਵੀ ਆਮ ਜ਼ਿੰਦਗੀ ਗੁਜ਼ਾਰ ਸਕਣ ਪਰ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਇਹ ਸਹੂਲਤ ਭਿਖਾਰੀਆਂ ਨੂੰ ਰਾਸ ਨਹੀਂ ਆਈ ਅਤੇ ਮੰਗਤੇ ਰੈਣ-ਬਸੇਰਾ ਛੱਡ ਕੇ ਭੱਜਣਾ ਸ਼ੁਰੂ ਹੋ ਗਏ। ਪ੍ਰਸ਼ਾਸਨ ਵੱਲੋਂ ਅਣਗਿਣਤ  ਭਿਖਾਰੀਆਂ ਦਾ ਪੁਨਰਵਾਸ ਕਰ ਦਿੱਤਾ ਗਿਆ ਅਤੇ ਜਿਨ੍ਹਾਂ ਰਾਜਾਂ ਤੋਂ ਮੰਗਤੇ ਅੰਮ੍ਰਿਤਸਰ ਆਏ ਸਨ ਉਨ੍ਹਾਂ ਨੂੰ ਟ੍ਰੇਨ ਅਤੇ ਬੱਸਾਂ ਜ਼ਰੀਏ ਪੁਨਰਵਾਸ ਕਰਵਾਇਆ ਗਿਆ ਜੋ ਰੈਣ-ਬਸੇਰੇ ਵਿਚ ਰਹਿ ਗਏ ਉਨ੍ਹਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ ਪਰ ਆਏ ਦਿਨ ਗੁਰੂ ਦੀ ਨਗਰੀ ਵਿਚ ਵਧਦੀ ਜਾ ਰਹੀ ਭਿਖਾਰੀਆਂ ਦੀ ਗਿਣਤੀ ਨੂੰ ਵੇਖ ਕੇ ਪ੍ਰਸ਼ਾਸਨ ਵੀ ਚਿੰਤਾ ਵਿਚ ਹੈ ਕਿ ਆਖ਼ਿਰਕਾਰ ਇਨ੍ਹਾਂ ਦਾ ਕੀ ਕੀਤਾ ਜਾਵੇ।
ਭਿਖਾਰੀਆਂ ਨੂੰ ਰੋਜ਼ਗਾਰ ਦੇਣ ਨੂੰ ਵੀ ਤਿਆਰ ਹੈ ਪ੍ਰਸ਼ਾਸਨ
ਜ਼ਿਲਾ ਪ੍ਰਸ਼ਾਸਨ ਵੱਲੋਂ ਰੈਣ ਬਸੇਰਾ ਵਿਚ ਸਹਾਰਾ ਲੈਣ ਵਾਲੇ ਭਿਖਾਰੀਆਂ ਨੂੰ ਨਾ ਸਿਰਫ ਖਾਣ-ਪੀਣ ਅਤੇ ਫ੍ਰੀ ਮੈਡੀਕਲ ਸਹੂਲਤ ਦਿੱਤੀ ਗਈ ਸਗੋਂ ਡੀ. ਸੀ. ਵੱਲੋਂ ਇਨ੍ਹਾਂ ਭਿਖਾਰੀਆਂ ਲਈ ਰੋਜ਼ਗਾਰ ਦੇ ਮੌਕੇ ਵੀ ਪ੍ਰਦਾਨ ਕੀਤੇ ਗਏ । ਇਨ੍ਹਾਂ ਨੂੰ ਸਕਿਲਡ ਲੇਬਰ ਦੇ ਰੂਪ ਵਿਚ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਬਹੁਤ ਹੀ ਘੱਟ ਮੰਗਤੇ ਇਸ ਸਹੂਲਤ ਦਾ ਲਾਭ ਲੈਣ ਨੂੰ ਤਿਆਰ ਹੋਏ ਕਿਉਂਕਿ ਉਹ ਦਿਲੋਂ ਭੀਖ ਮੰਗਣ ਦੇ ਕਾਰੋਬਾਰ ਨੂੰ ਛੱਡਣ ਨੂੰ ਤਿਆਰ ਨਹੀਂ ਸਨ ਜਦੋਂ ਕਿ ਸਮੇਂ ਸਮੇਂ 'ਤੇ ਡਿਪਟੀ ਕਮਿਸ਼ਨਰ ਨੇ ਕਾਰਖਾਨਿਆਂ ਦੇ ਮਾਲਕਾਂ ਅਤੇ ਵਪਾਰੀਆਂ ਨਾਲ ਬੈਠਕ ਕਰ ਕੇ ਭਿਖਾਰੀਆਂ ਨੂੰ ਰੋਜ਼ਗਾਰ ਦੇਣ ਦੀ ਅਪੀਲ ਕੀਤੀ ਪਰ ਇਸ ਦਾ ਜ਼ਿਆਦਾ ਫਾਇਦਾ ਨਹੀਂ ਹੋਇਆ। ਅੱਜ ਵੀ ਪ੍ਰਸ਼ਾਸਨ ਵੱਲੋਂ ਭਿਖਾਰੀਆਂ ਨੂੰ ਸਾਰੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ ਪਰ ਉਹ ਇਸ ਨੂੰ ਅਪਣਾਉਣ ਲਈ ਤਿਆਰ ਨਹੀਂ ਹਨ।