ਹਸਪਤਾਲਾਂ ਵੱਲੋਂ ਸਰੰਡਰ ਕੀਤੀ ਰਾਸ਼ੀ ਨਾਲ ਵਿਭਾਗ ਨੂੰ ਹੋਵੇਗੀ 2.10 ਕਰੋੜ ਦੀ ਟੈਕਸ ਵਸੂਲੀ

04/25/2018 8:08:15 AM

ਪਟਿਆਲਾ  (ਪ੍ਰਤਿਭਾ) - ਅਣ-ਐਲਾਨੀ ਆਮਦਨ ਹੋਣ ਦੀ ਸੂਚਨਾ ਦੇ ਆਧਾਰ 'ਤੇ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਵੱਲੋਂ ਸ਼ਹਿਰ ਦੇ ਅਲੱਗ-ਅਲੱਗ ਹਸਪਤਾਲਾਂ ਵਿਚ ਕੀਤੇ ਗਏ ਸਰਵੇ ਤੋਂ ਬਾਅਦ ਵਿਭਾਗ ਨੂੰ 2.10 ਕਰੋੜ ਰੁਪਏ ਦੀ ਟੈਕਸ ਵਸੂਲੀ ਹੋਵੇਗੀ। ਇਨ੍ਹਾਂ ਹਸਪਤਾਲਾਂ ਦੀ ਅਣ-ਐਲਾਨੀ ਆਮਦਨ ਲੱਖਾਂ ਵਿਚ ਨਹੀਂ, ਬਲਕਿ ਕਰੋੜਾਂ ਵਿਚ ਸਾਹਮਣੇ ਆਈ ਹੈ। ਸੋਮਵਾਰ ਤੋਂ ਹੀ ਉਕਤ ਹਸਪਤਾਲਾਂ 'ਚ ਰੇਡ ਕੀਤੀ ਗਈ, ਜੋ ਕਿ ਦੇਰ ਰਾਤ ਤੱਕ ਲਗਭਗ 15 ਘੰਟੇ ਚਲੀ।
ਗੁਰਸ਼ਰਨ ਹਸਪਤਾਲ ਨੇ 50 ਲੱਖ ਰੁਪਏ ਕੀਤੇ ਸਰੰਡਰ
ਇਸ ਤੋਂ ਇਲਾਵਾ ਗੁਰਸ਼ਰਨ ਹਸਪਤਾਲ ਨੇ 50 ਲੱਖ ਰੁਪਏ ਸਰੰਡਰ ਕੀਤੇ ਹਨ। ਇਨ੍ਹਾਂ ਨੂੰ 33.99 ਫੀਸਦੀ ਤੋਂ 16.99 ਲੱਖ ਰੁਪਏ ਵਿਭਾਗ ਨੂੰ ਚੁਕਾਉਣੇ ਪੈਣਗੇ। ਵਰਨਣਯੋਗ ਹੈ ਕਿ ਵਰਧਮਾਨ ਮਹਾਵੀਰ ਹੈਲਥ ਕੇਅਰ ਅਤੇ ਪੁਨੀਤ ਫੁੱਲ ਹਸਪਤਾਲ ਦੇ ਮਾਲਕ ਆਪਣੀ ਆਮਦਨ ਦਾ ਸਹੀ ਬਿਓਰਾ ਨਹੀਂ ਦੇ ਸਕੇ। ਇਸ ਲਈ ਇਨ੍ਹਾਂ ਦੋਨਾਂ 'ਤੇ 77.26 ਫੀਸਦੀ ਟੈਕਸ ਪੈਨਲਟੀ ਲਾਈ ਗਈ ਹੈ। ਗੁਰਸ਼ਰਨ ਹਸਪਤਾਲ ਵਿਚ ਇਨਕਮ ਕਿਵੇਂ ਹੋਈ? ਉਸ ਦਾ ਬਿਓਰਾ ਸੀ ਪਰ ਇਨਕਮ ਟੈਕਸ ਨਹੀਂ ਭਰਿਆ ਹੋਇਆ ਸੀ। ਇਸ ਲਈ 33.99 ਫੀਸਦੀ ਦੇ ਹਿਸਾਬ ਨਾਲ ਹੁਣ ਟੈਕਸ ਪੈਨਲਟੀ ਭਰਨੀ ਹੋਵੇਗੀ। ਦੱਸਣਯੋਗ ਹੈ ਕਿ ਬੀਤੇ ਦਿਨ ਇਨਕਮ ਟੈਕਸ ਵਿਭਾਗ ਵੱਲੋਂ ਪਿੰ੍ਰਸੀਪਲ ਕਮਿਸ਼ਨਰ ਆਰ. ਭਾਮਾ ਦੇ ਨਿਰਦੇਸ਼ਾਂ 'ਤੇ ਨਵੇਂ ਖੁੱਲ੍ਹੇ ਹਸਪਤਾਲਾਂ ਵਿਚ ਰੇਡ ਕੀਤੀ ਗਈ। ਅਣ-ਐਲਾਨੀ ਆਮਦਨ ਹੋਣ ਦੀ ਸੂਚਨਾ ਦੇ ਆਧਾਰ 'ਤੇ ਟੀਮਾਂ ਨੇ ਸ਼ਹਿਰ ਦੇ ਹਸਪਤਾਲਾਂ 'ਚ ਜਾਂਚ-ਪੜਤਾਲ ਕੀਤੀ, ਜੋ ਕਿ ਰਾਤ 3 ਵਜੇ ਤੱਕ ਜਾਰੀ ਰਹੀ। ਇਸ ਵਿਚ ਮਜੀਠੀਆ ਇਨਕਲੇਵ ਦੇ ਨੇੜੇ ਖੁੱਲ੍ਹੇ ਡਾ. ਪੁਨੀਤ ਫੁੱਲ, ਡਾ. ਗੁਰਸ਼ਰਨ ਹਸਪਤਾਲ ਤ੍ਰਿਪੜੀ, ਡਾ. ਅਰੁਣ ਭੰਡਾਰੀ ਤੇ ਏ. ਪੀ. ਟਰੋਮਾ ਸੈਂਟਰ ਛੋਟੀ ਬਾਰਾਂਦਰੀ ਵਿਚ ਰੇਡ ਕੀਤੀ ਗਈ।
ਪੁਨੀਤ ਫੁੱਲ ਹਸਪਤਾਲ ਦੇ 1.15 ਕਰੋੜ ਰੁਪਏ ਦਾ ਨਹੀਂ ਮਿਲਿਆ ਕੋਈ ਹਿਸਾਬ
ਮਜੀਠੀਆ ਇਨਕਲੇਵ ਵਿਚ ਖੁੱਲ੍ਹੇ ਪੁਨੀਤ ਫੁੱਲ ਹਸਪਤਾਲ ਦੇ 1.15 ਕਰੋੜ ਰੁਪਏ ਦਾ ਕੋਈ ਹਿਸਾਬ ਨਹੀਂ ਮਿਲਿਆ। ਇਸ ਕਾਰਨ ਹੁਣ ਵਿਭਾਗ ਨੂੰ 77.26 ਫੀਸਦੀ ਟੈਕਸ ਅਤੇ ਪੈਨਲਟੀ ਪਵੇਗੀ, ਜੋ ਕਿ ਲਗਭਗ 88.84 ਲੱਖ ਬਣਦੀ ਹੈ। ਇਸੇ ਤਰਾਂ ਅਰਬਨ ਅਸਟੇਟ ਦੇ ਵਰਧਮਾਨ ਮਹਾਵੀਰ ਹੈਲਥ ਕੇਅਰ ਨੇ 85 ਲੱਖ ਰੁਪਏ ਸਰੰਡਰ ਕੀਤੇ ਹਨ। ਇਸ 'ਤੇ ਵੀ 77.26 ਫੀਸਦੀ ਟੈਕਸ ਪੈਨਲਟੀ ਹੋਵੇਗੀ ਜੋ ਕਿ 65.67 ਲੱਖ ਰੁਪਏ ਬਣਦੀ ਹੈ।
ਗੋਇਲ ਨਰਸਿੰਗ ਹੋਮ ਨੇ
20 ਲੱਖ ਅਤੇ ਐੈੱਸ. ਐੈੱਲ. ਸਕੈਨ ਸੈਂਟਰ ਨੇ 30 ਲੱਖ ਸਰੰਡਰ ਕੀਤੇ
ਸਮਾਣਾ, (ਅਨੇਜਾ, ਦਰਦ)-ਬੀਤੇ ਕੱਲ ਇਨਕਮ ਟੈਕਸ ਵਿਭਾਗ ਵੱਲੋਂ ਵੱਖ-ਵੱਖ ਦੋ ਟੀਮਾਂ ਬਣਾ ਕੇ ਤਹਿਸੀਲ ਰੋਡ 'ਤੇ ਗੋਇਲ ਨਰਸਿੰਗ ਹੋਮ ਅਤੇ ਸਿਵਲ ਹਸਪਤਾਲ ਨੇੜੇ ਐੈੱਸ. ਐੈੱਲ. ਸਕੈਨ ਸੈਂਟਰ 'ਤੇ ਰੇਡ ਮਾਰੀ ਗਈ। ਦੇਰ ਰਾਤ ਕਰੀਬ 3 ਵਜੇ ਤੱਕ ਚੱਲੀ ਜਾਂਚ ਦੌਰਾਨ ਪੂਰੀ ਜਾਂਚ-ਪੜਤਾਲ ਕਰਨ ਉਪਰੰਤ ਵਿਭਾਗ ਦੀ ਟੀਮ ਨੇ ਕੁੱਝ ਕਾਗਜ਼ਾਤ ਆਪਣੇ ਨਾਲ ਲੈ ਲਏ ਅਤੇ ਇਨ੍ਹਾਂ ਦੋਵਾਂ ਤੋਂ 50 ਲੱਖ ਰੁਪਏ ਸਰੰਡਰ ਹੋਏ। ਇਨਕਮ ਟੈਕਸ ਵਿਭਾਗ ਦੇ ਆਈ. ਟੀ. ਓ. ਜਰਨੈਲ ਸਿੰਘ ਨੇ ਦੱਸਿਆ ਕਿ ਦੇਰ ਰਾਤ ਤੱਕ ਚਲੀ ਇਸ ਜਾਂਚ ਦੌਰਾਨ ਗੋਇਲ ਨਰਸਿੰਗ ਹੋਮ ਨੇ 20 ਲੱਖ ਅਤੇ ਐੈੱਸ. ਐੈੱਲ. ਸਕੈਨ ਸੈਂਟਰ ਨੇ 30 ਲੱਖ ਰੁਪਏ ਸਰੰਡਰ ਕੀਤੇ ਹਨ। ਇਨ੍ਹਾਂ ਨੂੰ 77.25 ਪ੍ਰਤੀਸ਼ਤ ਜੁਰਮਾਨਾ (ਜਿਸ ਦਾ ਟੋਟਲ 38 ਲੱਖ 65 ਹਜ਼ਾਰ ਦੇ ਕਰੀਬ ਬਣਦਾ ਹੈ) ਭਰਨ ਦੇ ਹੁਕਮ ਦਿੱਤੇ ਗਏ ਹਨ।