ਸਰਵੇ ਦੌਰਾਨ ਸਰ੍ਹੋਂ ਦੇ ਤੇਲ ਬਾਰੇ ਨਵੀਂ ਗੱਲ ਆਈ ਸਾਹਮਣੇ, ਜ਼ਰੂਰ ਪੜ੍ਹੋ ਇਹ ਖਬਰ

10/14/2017 5:24:39 PM

ਬਠਿੰਡਾ (ਪਾਇਲ) : ਸਰ੍ਹੋਂ ਦੇ ਤੇਲ ਦੀ ਬਜਾਏ ਹੁਣ ਵਿਦੇਸ਼ਾਂ ਤੋਂ ਮੰਗਵਾਏ ਗਏ ਨਕਲੀ ਤੇਲ 'ਚ ਰੰਗ ਤੇ ਸੈਂਸ ਪਾ ਕੇ ਉਸ ਨੂੰ ਸਰ੍ਹੋਂ ਦੇ ਤੇਲ ਦੀ ਸ਼ਕਲ ਦੇ ਕੇ ਬਾਜ਼ਾਰ 'ਚ ਖੂਬ ਵੇਚਿਆ ਜਾ ਰਿਹਾ ਹੈ, ਜਿਸ ਨਾਲ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਜਗ ਬਾਣੀ ਦੀ ਟੀਮ ਨੇ ਇਸ ਮਾਮਲੇ 'ਚ ਸਰਵੇ ਕੀਤਾ ਤਾਂ ਪਤਾ ਲੱਗਾ ਕਿ ਵੱਖ-ਵੱਖ ਬ੍ਰਾਂਡ ਦੇ ਨਾਂ ਨਾਲ ਤਲਵੰਡੀ ਸਾਬੋ ਤੋਂ 15 ਕਿਲੋਮੀਟਰ ਦੂਰ ਰਾਮਾਂ ਮੰਡੀ ਨਕਲੀ ਤੇਲ ਦੇ ਮਾਮਲੇ 'ਚ ਸਭ ਤੋਂ ਵੱਡੀ ਮੰਡੀ ਬਣ ਰਹੀ ਹੈ।
ਜ਼ਿਲਾ ਸਿਹਤ ਅਧਿਕਾਰੀ ਡਾਕਟਰ ਰਾਕੇਸ਼ ਗੋਇਲ ਨੇ ਦੱਸਿਆ ਕਿ ਰਾਮਾਂ ਮੰਡੀ ਦੀਆਂ ਦੋ ਫੈਕਟਰੀਆਂ ਦੇ ਸੈਂਪਲ ਭਰੇ ਗਏ, ਜਿਨ੍ਹਾਂ ਨੂੰ ਜਾਂਚ ਲਈ ਲੈਬਾਰਟਰੀ ਭੇਜਿਆ ਹੈ, ਜਿਸ ਦੇ ਫੇਲ ਹੋਣ ਦੀ ਸੰਭਾਵਨਾ ਜ਼ਿਆਦਾ ਹੈ। ਬੇਸ਼ੱਕ ਕੁਝ ਸੰਸਥਾਨਾਂ ਨੇ ਸੈਂਪਲ ਵੀ ਲਏ, ਜੋ ਕਿ ਫੇਲ ਆਏ, ਇਸ ਦੇ ਬਾਵਜੂਦ ਵੀ ਨਕਲੀ ਤੇਲ ਦਾ ਧੰਦਾ ਜ਼ੋਰਾਂ 'ਤੇ ਹੈ। ਨਕਲੀ ਤੇਲ ਨਾਲ ਆਮ ਤੌਰ 'ਤੇ ਸਰੀਰ ਦੀਆਂ ਹੱਡੀਆਂ 'ਤੇ ਸਿੱਧਾ ਅਸਰ ਪੈਂਦਾ ਹੈ, ਜਿਸ ਕਾਰਨ ਜੋੜਾਂ ਦਾ ਦਰਦ ਸ਼ੁਰੂ ਹੁੰਦਾ ਹੈ। ਇਸ ਤੋਂ ਇਲਾਵਾ ਨਕਲੀ ਤੇਲ ਨਾਲ ਸਰੀਰ ਦੀ ਚਰਬੀ ਵਧਦੀ ਹੈ, ਜੋ ਵੱਖ-ਵੱਖ ਬੀਮਾਰੀਆਂ ਦਾ ਕਾਰਨ ਬਣਦਾ ਹੈ।
ਦਿੱਲੀ ਹਾਰਟ ਇੰਸਟੀਚਿਊਟ ਦੇ ਪ੍ਰਬੰਧਕ ਨਿਰਦੇਸ਼ਕ ਡਾ. ਨਰੇਸ਼ ਗੋਇਲ ਅਨੁਸਾਰ ਮਿਲਾਵਟੀ ਤੇਲ ਖਾਣ ਨਾਲ ਸਰੀਰ ਅੰਦਰ ਚਰਬੀ ਦੀ ਮਾਤਰਾ ਵਧ ਜਾਂਦੀ ਹੈ, ਜਿਸ ਨਾਲ ਦਿਲ ਦੇ ਰੋਗ ਦਾ ਖਤਰਾ ਵਧ ਜਾਂਦਾ ਹੈ। ਇਹੀ ਕਾਰਨ ਹੈ ਕਿ ਡਾਇਟੀਸ਼ੀਅਨ ਵਲੋਂ ਦਿੱਤੇ ਗਏ ਚਾਰਟ ਅਨੁਸਾਰ ਹੀ ਭੋਜਨ ਦੀ ਮਾਤਰਾ ਸਰੀਰ ਨੂੰ ਸੰਤੁਲਨ ਕਰਨ ਲਈ ਲੈਣੀ ਚਾਹੀਦੀ ਹੈ, ਜਿਸ 'ਚ ਤੇਲ ਨਾਮਕ ਕੋਈ ਚੀਜ਼ ਨਹੀਂ ਹੁੰਦੀ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੂੰ ਇਸ ਵੱਲ ਗੰਭੀਰਤਾ ਦਿਖਾਉਣੀ ਚਾਹੀਦੀ ਹੈ।