‘ਦਾਨਵੀਰ ਸਰਦਾਰ’ ਸੁਰਿੰਦਰ ਪਾਲ ਸਿੰਘ ਓਬਰਾਏ

07/11/2019 6:45:48 PM

ਉਹ 42 ਕਿਲੋਮੀਟਰ…

ਫਰਵਰੀ ਦਾ ਮਹੀਨਾ ਸੀ।ਇਹ 1977 ਦੀਆਂ ਗੱਲਾਂ ਨੇ ਜਦੋਂ ਦੁੱਬਈ ਤੋਂ ਤਾਰ ਆਈ। ਕੰਸਟ੍ਰਕਸ਼ਨ ਕੰਪਨੀ ਦੀ ਨੌਕਰੀ ਸੀ ਅਤੇ ਅੰਦਰੋਂ ਆਵਾਜ਼ ਆਉਂਦੀ ਸੀ ਕਿ ਹੁਣ ਸਭ ਕੁਝ ਬਦਲ ਜਾਵੇਗਾ…ਤੇ…ਯਕੀਨਨ ਸਭ ਕੁਝ ਬਦਲ ਗਿਆ। ਸੁਰਿੰਦਰ ਪਾਲ ਸਿੰਘ ਓਬਰਾਏ ਦੇ ਉਹ 42 ਕਿਲੋਮੀਟਰ ਪਾਓਲੋ ਕੋਹਲੇ ਦੇ ਨਾਵਲ ਐਲਕੈਮਿਸਟ ਦੇ ਪਾਤਰ ਵਰਗੇ ਸਨ, ਜਿਹੜਾ ਖ਼ਜ਼ਾਨੇ ਦੀ ਭਾਲ 'ਚ ਮਿਸਰ ਦੇ ਪਿਰਾਮਿਡਾਂ ਤੱਕ ਜਾ ਅਪੜਿਆ। ਉਨ੍ਹਾਂ ਦਿਨਾਂ 'ਚ ਸਰਦਾਰ ਓਬਰਾਏ ਸਲਾਲ ਡੈਮ ਚਨਾਬ ਦੇ ਕੰਢੇ ਪੁੰਛ ਰਾਜੌਰੀ 'ਚ ਨੌਕਰੀ ਕਰਦੇ ਸਨ।
ਦੁੱਬਈ ਦੀ ਕੋਸਟਨ ਟੇਲਰ ਵੁਡਰੋ ਕੰਪਨੀ ਤੋਂ ਉਸ ਸ਼ਾਮ ਟੈਲੀਗ੍ਰਾਮ ਆਈ ਕਿ ਹੁਸ਼ਿਆਰਪੁਰ ਦੇ ਹੋਟਲ 'ਚ ਸਵੇਰੇ 10 ਵਜੇ ਇੰਟਰਵਿਊ ਹੈ। ਉਨ੍ਹਾਂ ਸਮਿਆਂ 'ਚ ਸ਼ਾਮੀ 5 ਵਜੇ ਤੋਂ ਬਾਅਦ ਹੁਸ਼ਿਆਰਪੁਰ ਨੂੰ ਕੋਈ ਬੱਸ ਨਹੀਂ ਚੱਲਦੀ ਸੀ। ਐੱਸ.ਪੀ ਓਬਰਾਏ ਅਤੇ ਉਨ੍ਹਾਂ ਦਾ ਮਿੱਤਰ ਰਿਆਸੀ ਤੋਂ ਪੈਦਲ ਤੁਰ ਕੇ ਕਟੜੇ ਪਹੁੰਚੇ, ਜਿੱਥੋਂ ਸਵੇਰੇ 3.15 ਵਜੇ ਬੱਸ ਪਠਾਨਕੋਟ ਨੂੰ ਚੱਲਦੀ ਸੀ। ਇੰਝ ਵਾਇਆ ਪਠਾਨਕੋਟ ਐੱਸ.ਪੀ. ਓਬਰਾਏ ਹੁਸ਼ਿਆਰਪੁਰ ਤੋਂ ਦੁੱਬਈ ਪਹਿਲੀ ਨੌਕਰੀ ਕਰਨ ਲਈ ਪਹੁੰਚੇ। ਉਨ੍ਹਾਂ ਦਿਨਾਂ ਨੂੰ ਯਾਦ ਕਰਦਿਆਂ ਸਰਦਾਰ ਓਬਰਾਏ ਕਹਿੰਦੇ ਹਨ ਕਿ ਉਹਦੋਂ ਮਨ ਦਾ ਮਜ਼ਬੂਤ ਇਰਾਦਾ ਅਤੇ ਪੈਦਲ ਤੁਰਦਿਆਂ ਬੇਨਤੀ ਚੌਪਈ ਦਾ ਪਾਠ ਹੀ ਸੀ, ਜਿਸ ਨੇ ਸਾਨੂੰ ਉਸ ਰਾਤ ਹੌਂਸਲਾ ਦਿੱਤਾ ਅਤੇ ਅਸੀਂ ਹੁਸ਼ਿਆਰਪੁਰ ਪਹੁੰਚ ਗਏ।


ਦਰਿਆਵਾਂ ਦੀ ਗੁੜ੍ਹਤੀ
ਸਰਦਾਰ ਓਬਰਾਏ ਨੂੰ ਦਰਿਆਵਾਂ ਦੀ ਗੁੜ੍ਹਤੀ ਮਿਲੀ ਹੈ। 13 ਅਪ੍ਰੈਲ 1956 ਨੂੰ ਉਨ੍ਹਾਂ ਦਾ ਜਨਮ ਹੋਇਆ। ਉਸ ਸਮੇਂ ਉਨ੍ਹਾਂ ਦੇ ਪਿਤਾ ਨੌਕਰੀ ਦੇ ਸਿਲਸਿਲੇ 'ਚ ਭਾਖੜਾ ਨੰਗਲ ਡੈਮ ਦੇ ਨੰਗਲ ਟਾਊਨਸ਼ਿਪ 'ਚ ਸਨ। ਇੱਥੋਂ 1962 'ਚ ਕੰਮ ਖਤਮ ਹੋ ਗਿਆ ਅਤੇ ਉਨ੍ਹਾਂ ਦੇ ਪਿਤਾ ਦੀ ਅਗਲੀ ਨੌਕਰੀ ਬਿਆਸ ਡੈਮ ਤਲਵਾੜਾ ਟਾਊਨਸ਼ਿਪ ਹੁਸ਼ਿਆਰਪੁਰ 'ਚ ਸ਼ੁਰੂ ਹੋ ਗਈ ਸੀ। ਇੰਝ ਹੀ ਦਰਿਆਵਾਂ ਕੰਢੇ ਰਹਿੰਦੇ ਪੜ੍ਹਦੇ-ਪੜ੍ਹਦੇ ਸਰਦਾਰ ਓਬਰਾਏ ਨੇ ਪਹਿਲੀ ਨੌਕਰੀ ਪੰਡੋ ਡੈਮ ਹਿਮਾਚਲ ਮੰਡੀ 'ਚ ਕੀਤੀ ਅਤੇ ਇਸ ਤੋਂ ਬਾਅਦ ਅਗਲੀ ਨੌਕਰੀ ਉਨ੍ਹਾਂ ਸਲਾਲ ਡੈਮ ਪੁੰਛ ਰਾਜੌਰੀ 'ਚ ਕੀਤੀ। ਐੱਸ.ਪੀ ਓਬਰਾਏ ਦੱਸਦੇ ਹਨ ਕਿ ਮੇਰੀ ਪਹਿਲੀ ਨੌਕਰੀ 1974 'ਚ 392 ਰੁਪਏ ਨਾਲ ਸ਼ੁਰੂ ਹੋਈ ਸੀ ਅਤੇ ਸਲਾਲ ਡੈਮ ਵਿਖੇ ਮੈਂ 500 ਰੁਪਏ ਤਨਖਾਹ 'ਚ ਕੰਮ ਕੀਤਾ ਸੀ। ਮੇਰਾ ਸੁਫ਼ਨਾ ਹੈ ਕਿ ਮਾਵਾਂ ਦੇ ਬੱਚੇ ਕਮਾਉਣ ਵਾਲੇ ਬਣਨ ਅਤੇ ਸੁੱਖ ਹੰਡਾਉਣ ਵਾਲੇ ਹੋ ਜਾਣ।ਉਹ ਅਫ਼ਸਰ ਬਣਨ ਅਤੇ ਸਾਡਾ ਪੰਜਾਬ ਤਰੱਕੀਆਂ ਕਰੇ। ਮੇਰਾ ਯਕੀਨ ਹੈ ਕਿ ਆਉਣ ਵਾਲਾ ਸਮਾਂ ਜ਼ਰੂਰ ਬਦਲੇਗਾ।”

ਮੇਰੀ ਪਹਿਲੀ ਕੰਪਨੀ
ਹੁਸ਼ਿਆਰਪੁਰ ਵਿਖੇ ਇੰਟਰਵਿਊ ਦੇਣ ਤੋਂ ਬਾਅਦ ਐੱਸ.ਪੀ ਓਬਰਾਏ ਜੁਲਾਈ 1977 'ਚ ਦੁੱਬਈ ਚਲੇ ਗਏ ਅਤੇ 1981 'ਚ 4 ਸਾਲ ਨੌਕਰੀ ਕਰਨ ਤੋਂ ਬਾਅਦ ਉਹ ਮੁੜ ਪੰਜਾਬ ਆ ਪਰਤੇ। ਉਨ੍ਹਾਂ ਆਪਣੀ ਪਹਿਲੀ ਕੰਸਟ੍ਰਕਸ਼ਨ ਕੰਪਨੀ ਤਲਵਾੜਾ ਟਾਊਨਸ਼ਿਪ ਵਿਖੇ ਪੰਜਾਬ 'ਚ ਬਣਾਈ ਅਤੇ ਕਨਾਲ, ਪੁੱਲ, ਸੀਵਰੇਜ, ਸੜਕਾਂ ਅਤੇ ਰੇਲਵੇ ਲਾਈਨਾਂ ਦੀ ਉਸਾਰੀ ਦਾ ਕੰਮ ਕੀਤਾ। 1993 'ਚ ਐੱਸ.ਪੀ ਓਬਰਾਏ ਦੁਬਾਰਾ ਦੁੱਬਈ ਪਹੁੰਚ ਗਏ ਅਤੇ ਅਪੈਕਸ ਜਨਰਲ ਟ੍ਰੇਨਿੰਗ ਐੱਲ.ਐੱਲ.ਸੀ. ਕੰਪਨੀ ਦਾ ਨਿਰਮਾਣ ਕੀਤਾ। ਇਕ ਸਾਲ 'ਚ ਇਹ ਕੰਪਨੀ ਤਰੱਕੀਆਂ ਦੇ ਰਾਹ 'ਤੇ ਸੀ। ਇਸ ਤੋਂ ਬਾਅਦ 1995 'ਚ ਦੂਜੀ ਕੰਪਨੀ ਅਤੇ 1997 ਤੱਕ ਉਨ੍ਹਾਂ ਦੁੱਬਈ ਗ੍ਰੈਂਡ ਹੋਟਲ ਦਾ ਨਿਰਮਾਣ ਕੀਤਾ। ਹੋਟਲ ਕਾਰੋਬਾਰ 'ਚ ਆਉਣ ਤੋਂ ਬਾਅਦ ਸਾਲ 2004 'ਚ ਐੱਸ.ਪੀ ਓਬਰਾਏ ਜ਼ਮੀਨੀ ਕਾਰੋਬਾਰ ਕਰਨ ਲੱਗ ਪਏ। ਇਸ ਤੋਂ ਬਾਅਦ ਐੱਸ.ਪੀ ਓਬਰਾਏ ਦੀ ਕਹਾਣੀ 'ਚ ਵੱਡੇ ਕਾਰੋਬਾਰੀ ਤੋਂ ਸਮਾਜ ਸੇਵਾ ਵੱਲ ਆਉਣ ਦੀ ਕਹਾਣੀ ਸ਼ੁਰੂ ਹੋਣ ਵਾਲੀ ਸੀ।

ਸਰਬੱਤ ਦਾ ਭਲਾ
ਦਸੰਬਰ 2008 ਦੇ ਦਿਨਾਂ ਵੇਲੇ ਦੁੱਬਈ 'ਚ ਆਈ ਮੰਦੀ ਵੱਡੀ ਤਾਦਾਦ 'ਚ ਲੋਕਾਂ ਨੂੰ ਸੜਕਾਂ 'ਤੇ ਲੈ ਆਈ। ਇਸ ਦੌਰਾਨ ਲੋਕਾਂ ਦੇ ਪਾਸਪੋਰਟ ਉਨ੍ਹਾਂ ਕੋਲ ਨਹੀਂ ਸਨ। ਖੁੱਸੀਆਂ ਨੌਕਰੀਆਂ ਅਤੇ ਢਿੱਡੋਂ ਭੁੱਖਿਆਂ ਲਈ ਸਰਦਾਰ ਓਬਰਾਏ ਨੇ 'ਮੋਦੀਖ਼ਾਨਾ' ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਕਰਕੇ ਲੰਗਰ ਦੀ ਸ਼ੁਰੂਆਤ ਕੀਤੀ। ਇਸ ਤਹਿਤ ਦੁਬੱਈ 'ਚ ਬੇਰੋਜ਼ਗਾਰ ਬੰਦਿਆਂ ਲਈ 15 ਦਿਨ ਦੇ ਰਾਸ਼ਨ ਦਾ ਅਤੇ ਲੋੜੀਂਦੀ ਸਹਾਇਤਾ ਦਾ ਪ੍ਰਬੰਧ ਕੀਤਾ ਗਿਆ। ਸਰਦਾਰ ਓਬਰਾਏ ਦੱਸਦੇ ਹਨ ਕਿ ਮੋਦੀਖ਼ਾਨੇ ਰਾਹੀਂ ਹੀ ਅਸੀਂ ਆਪਣੇ ਸਿਲਸਿਲੇ ਦਾ ਨਾਮ 'ਸਰਬੱਤ ਦਾ ਭਲਾ' ਰੱਖਿਆ, ਕਿਉਂਕਿ ਉਨ੍ਹਾਂ ਦਿਨਾਂ 'ਚ ਸਾਡੀ ਸਹਾਇਤਾ ਹਰ ਧਰਮ ਹਰ ਰੰਗ ਹਰ ਦੇਸ਼ ਦੇ ਵਾਸੀ ਲਈ ਸੀ ਅਤੇ ਸਾਡੀ ਮਿੱਟੀ ਦਾ ਫਲਸਫਾ ਵੀ ਇਹੋ ਹੀ ਹੈ। ਸਰਬੱਤ ਦਾ ਭਲਾ ਟ੍ਰਸਟ ਪਹਿਲਾਂ ਦੁੱਬਈ 'ਚ ਦਰਜ ਕੀਤਾ ਗਿਆ ਅਤੇ ਫਿਰ 26 ਅਗਸਤ 2012 ਨੂੰ ਟ੍ਰਸਟ ਭਾਰਤ 'ਚ ਪਟਿਆਲੇ ਤੋਂ ਦਰਜ ਕੀਤਾ ਗਿਆ। ਇੱਥੋਂ ਅਸੀਂ ਬਕਾਇਦਾ ਸੇਵਾ ਲਈ ਪੂਰੀ ਤਰ੍ਹਾਂ ਸਮਰਪਿਤ ਹੋ ਗਏ ਪਰ ਇਸ ਤੋਂ ਪਹਿਲਾਂ ਵੀ ਅਸੀਂ ਵੱਖ-ਵੱਖ ਸਮਿਆਂ 'ਚ ਕਾਰਜ ਕਰਦੇ ਸੀ।2006-07 ਦੇ ਸਾਲਾਂ 'ਚ 10 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਪਟਿਆਲਾ ਨਵਜੀਵਨੀ ਸਕੂਲ ਇਨ੍ਹਾਂ 'ਚੋਂ ਇਕ ਸੀ, ਜਿੱਥੇ ਅਸੀਂ ਅਤਿ ਆਧੁਨਿਕ ਇਮਾਰਤਾਂ ਨੂੰ ਉਸਾਰਿਆ ਤਾਂ ਕਿ ਲੋੜਵੰਦ ਵਿਦਿਆਰਥੀਆਂ ਲਈ ਸੌਖ ਹੋਵੇ।

ਨੇੜਿਓਂ ਤੱਕਿਆ ਪੰਜਾਬ 
2010 ਜ਼ਿੰਦਗੀ ਦਾ ਬੜਾ ਖਾਸ ਸਾਲ ਰਿਹਾ ਹੈ।30 ਮਾਰਚ 2010 ਨੂੰ 17 ਬੰਦਿਆਂ ਦੀ ਫਾਂਸੀ ਦੀ ਖ਼ਬਰ ਆਉਂਦੀ ਹੈ ਅਤੇ ਇਸ ਨੂੰ ਲੈਕੇ ਅਪ੍ਰੈਲ 'ਚ ਅਸੀਂ ਕੇਸ ਲੜਣਾ ਸ਼ੁਰੂ ਕੀਤਾ।12 ਫਰਵਰੀ 2013 ਦੀ ਤਾਰੀਖ਼ ਸਦਾ ਯਾਦ ਰਹੇਗੀ ਜਦੋਂ ਅਸੀਂ 17 ਬੰਦਿਆਂ ਨੂੰ ਫਾਂਸੀ ਦੇ ਰੱਸੇ ਤੋਂ ਬਚਾਕੇ ਉਨ੍ਹਾਂ ਦੇ ਘਰ ਪਹੁੰਚਾਇਆ ਸੀ। ਐੱਸ. ਪੀ. ਓਬਰਾਏ ਦੱਸਦੇ ਹਨ ਕਿ ਦੁੱਬਈ ਦੇ ਸ਼ਰੀਅਤ ਕਾਨੂੰਨ ਮੁਤਾਬਕ ਜੇ ਪੀੜਤ ਅਤੇ ਦੋਸ਼ੀ ਧਿਰਾਂ ਦੀ ਆਪਸ 'ਚ ਰਜ਼ਾਮੰਦੀ ਹੋ ਜਾਵੇ ਤਾਂ ਵਿੱਤੀ ਮੁਆਵਜ਼ਾ ਭਰਕੇ ਸਜ਼ਾ ਤੋਂ ਮਾਫੀ ਲਈ ਜਾ ਸਕਦੀ ਹੈ। ਉਸ ਸਮੇਂ ਅਸੀਂ 17 ਬੰਦਿਆਂ ਨੂੰ ਫਾਂਸੀ ਦੀ ਸਜ਼ਾ ਤੋਂ ਬਚਾਇਆ ਸੀ। ਇੱਥੇ ਸਜ਼ਾ ਮਾਫੀ ਦੇ ਕਾਨੂੰਨ ਮੁਤਾਬਕ ਬੰਦੇ ਦੇ ਕਤਲ ਦਾ 2 ਲੱਖ ਦਰਾਂਮ, ਜਨਾਨੀ ਦੇ ਕਤਲ ਦਾ 1 ਲੱਖ ਦਰਾਂਮ ਅਤੇ ਲੜਾਈ ਝਗੜੇ ਦੌਰਾਨ ਜ਼ਖ਼ਮੀ ਨੂੰ 5 ਲੱਖ ਦਰਾਂਮ ਮੁਆਵਜ਼ਾ ਦੇਣ ਦਾ ਪ੍ਰਬੰਧ ਹੈ। ਇਸ ਤੋਂ ਬਾਅਦ ਆਖਰੀ ਫੈਸਲਾ ਮੌਕੇ ਮੁਤਾਬਕ ਹੁੰਦਾ ਹੈ। ਉਦੋਂ 17 ਬੰਦਿਆਂ ਨੂੰ 50-50 ਲੱਖ ਰੁੱਪਏ ਦੇ ਛੁਡਵਾਇਆ ਗਿਆ ਸੀ।ਹੁਣ ਤੱਕ ਅਸੀਂ 93 ਬੰਦਿਆਂ ਦੀ ਫਾਂਸੀ ਦੀ ਸਜ਼ਾ ਮਾਫ ਕਰਵਾ ਚੁੱਕੇ ਹਾਂ ਅਤੇ ਇਹ ਬੰਦੇ ਪੰਜਾਬ ਹਰਿਆਣਾ ਪਾਕਿਸਤਾਨ ਸ਼੍ਰੀ ਲੰਕਾ ਬੰਗਲਾਦੇਸ਼ ਤੋਂ ਲੈ ਕੇ ਫਿਲੀਪੀਨਜ਼ ਇਥੋਪੀਆ ਤੱਕ ਦੇ ਹਨ।ਸਰਦਾਰ ਓਬਰਾਏ ਮੁਤਾਬਕ ਅਜੇ ਵੀ ਅਸੀਂ 15 ਬੰਦਿਆਂ ਦੇ ਕੇਸ ਅਦਾਲਤ 'ਚ ਲੜ ਰਹੇ ਹਾਂ, ਜੋ ਆਖਰੀ ਮੁਕਾਮ 'ਤੇ ਹਨ।

ਇਸ ਸਾਰੇ ਸਿਲਸਿਲੇ 'ਚ ਇਨ੍ਹਾਂ ਪੰਜਾਬੀਆਂ ਦੇ ਨਾਲ ਅਸੀਂ ਪੰਜਾਬ ਨੂੰ ਨੇੜਿਓਂ ਵੇਖਿਆ ਹੈ।ਬੇਰੋਜ਼ਗਾਰੀ ਕਰਜ਼ਾ ਅਤੇ ਘਰ ਦੇ ਹਲਾਤ ਬੰਦੇ ਨੂੰ ਪਰਵਾਸ ਦੀ ਅਜਿਹੀ ਘੁੰਮਣ ਘੇਰੀ 'ਚ ਫਸਾਉਂਦੇ ਹਨ ਕਿ ਬੰਦਾ ਆਪਣੇ ਲੇਖਾਂ ਨਾਲ ਹੀ ਝੂਝਦਾ ਰਹਿੰਦਾ ਹੈ।ਇਸੇ ਤੋਂ ਹੀ ਮਨ 'ਚ ਆਇਆ ਕਿ ਨਸ਼ੇ ਦਾ ਖਾਤਮਾ ਕਰੀਏ,ਕੈਂਸਰ ਲਈ ਡਾਇਲਸੈਸ ਕੇਂਦਰ, ਅੱਖਾਂ ਦੇ ਓਪਰੇਸ਼ਨ, ਕੁੜੀਆਂ ਲਈ ਕੰਪਿਊਟਰ ਸਲਾਈ ਸੈਂਟਰ ਵਰਗੇ 26-27 ਕਾਰਜ ਬਹੁਤ ਸੰਜੀਦਾ ਹੋ ਕੇ ਕਰਨ ਦੀ ਲੋੜ ਹੈ। ਹੁਣ ਸਰਬੱਤ ਦਾ ਭਲਾ ਟ੍ਰਸਟ 'ਚ 1400 ਤੋਂ ਵੱਧ ਬੰਦੇ ਸੇਵਾ ਕਰ ਰਹੇ ਹਨ।ਇਸ ਸਮੇਂ ਸਾਡੇ 26 ਦਫ਼ਤਰ ਪੰਜਾਬ ਸਮੇਤ ਸੰਸਾਰ ਭਰ 'ਚ 90 ਦਫ਼ਤਰ ਹਨ।ਹੁਣ ਤੱਕ 176 ਮਸ਼ੀਨਾਂ 8 ਸੂਬਿਆਂ 'ਚ ਸਥਾਪਿਤ ਕਰ ਚੁੱਕੇ ਹਾਂ।ਪੰਜਾਬ 'ਚ ਹਰ 20 ਕਿਲੋਮੀਟਰ 'ਤੇ ਸਾਡਾ ਡਾਇਲਸੈਸ ਸੈਂਟਰ ਹੈ ਜਿੱਥੇ ਅਸੀਂ 250 ਰੁੱਪਏ 'ਚ ਡਾਇਲਸੈਸ ਕਰਦੇ ਹਾਂ।ਆਉਣ ਵਾਲੇ ਦਿਨਾਂ 'ਚ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲਕੇ ਹੁਨਰ ਭਰਪੂਰ ਤਕਨੀਕੀ ਸੈਂਟਰ ਅਤੇ ਗੁਰਦੁਆਰਿਆਂ 'ਚ ਲੈਬਰੋਟਰੀਆਂ ਖੋਲ੍ਹਣ ਜਾ ਰਹੇ ਹਾਂ।

ਇਹਨਾਂ ਧੀਆਂ ਦੀਆਂ ਬਰਕਤਾਂ
ਸਰਦਾਰ ਓਬਰਾਏ ਮੁਤਾਬਕ ਤਮਾਮ ਕਾਰਜਾਂ 'ਚ ਇਕ ਕਾਰਜ ਸਾਡੀ ਝੌਲੀ ਪਿਆ ਲੋੜਵੰਦ ਬੱਚਿਆਂ ਦੇ ਵਿਆਹ ਕਰਾਉਣੇ।ਇਸ ਲਈ ਅਸੀਂ ਸੰਗਰੂਰ ਮਸਤੂਆਣਾ 22 ਹਜ਼ਾਰ ਤੱਕ ਵਿਆਹ ਕਰਵਾ ਚੁੱਕੇ ਹਾਂ। ਇਨ੍ਹਾਂ ਵਿਆਹਾਂ 'ਚ ਵਿਆਹੀ ਜੋੜੀ ਨੂੰ 50 ਹਜ਼ਾਰ ਦੀ ਸਹਾਇਤਾ ਰਕਮ ਤੋਹਫੇ ਵਜੋਂ ਭੇਟ ਕੀਤੀ ਜਾਂਦੀ ਹੈ।ਇਨ੍ਹਾਂ ਵਿਆਹ 'ਚ ਹਰ ਧਰਮ ਦੇ ਬੰਦੇ ਸ਼ਾਮਲ ਹੁੰਦੇ ਹਨ ਅਤੇ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਰਹੁ-ਰੀਤਾਂ ਮੁਤਾਬਕ ਵਿਆਹੁੰਦੇ ਹਾਂ। ਇਸੇ ਸਿਲਸਿਲੇ 'ਚ ਅਸੀਂ ਮੁਸਲਮਾਨ ਪਰਿਵਾਰਾਂ 'ਚੋਂ ਵੀ 450 ਨਿਕਾਹ ਪੜ੍ਹਵਾ ਚੁੱਕੇ ਹਾਂ। ਅਜਿਹੇ ਕਾਰਜ ਨੂੰ ਕਰਦਿਆਂ ਮਹਿਸੂਸ ਹੁੰਦਾ ਹੈ ਕਿ ਇਨ੍ਹਾਂ ਧੀਆਂ ਦੀਆਂ ਬਰਕਤਾਂ ਹਨ ਕਿ ਸਰਬੱਤ ਦਾ ਭਲਾ ਹਮੇਸ਼ਾਂ ਮਨੁੱਖਤਾ ਦੀ ਸੇਵਾ 'ਚ ਕਾਰਜਸ਼ੀਲ ਹੈ।

ਦਿਲ ਦਾ ਚੈਨ
ਇਸ ਸੇਵਾ ਦੇ ਕਾਰਜ 'ਚ ਸਦਾ ਦਿਲ ਨੂੰ ਸਕੂਨ ਮਿਲਿਆ ਹੈ ਜਦੋਂ ਜਦੋਂ ਸ਼ਰੀਅਤ ਕਾਨੂੰਨ ਤੋਂ ਬਚਾ ਮਾਂਵਾਂ ਦੇ ਪੁੱਤਾਂ ਨੂੰ ਉਨ੍ਹਾਂ ਦੇ ਘਰ ਸਹੀ ਸਲਾਮਤ ਪਹੁੰਚਾਇਆ ਹੈ।ਹੁਣ ਦਿਲ ਨੂੰ ਉਦੋਂ ਹੋਰ ਸਕੂਨ ਮਿਲਦਾ ਹੈ, ਜਦੋਂ ਵਿਦੇਸ਼ਾਂ 'ਚ ਰੁਲਦੀਆਂ ਲਵਾਰਿਸ ਲਾਸ਼ਾਂ ਨੂੰ ਉਨ੍ਹਾਂ ਦੇ ਘਰਾਂ 'ਚ ਸਹੀ ਸਲਾਮਤ ਪਹੁੰਚਾ ਦਿੰਦਾ ਹਾਂ। ਹੁਣ ਤੱਕ 120 ਲੋਥਾਂ ਨੂੰ ਉਨ੍ਹਾਂ ਦੇ ਆਪਣਿਆਂ ਦੇ ਮੋਢੇ ਨਸੀਬ ਹੋ ਚੁੱਕੇ ਹਨ।ਜ਼ਰਾ ਮਹਿਸੂਸ ਕਰਕੇ ਵੇਖੋ ਕਿ ਮਾਵਾਂ ਦੇ ਪੁੱਤ ਰੋਜ਼ੀ ਰੋਟੀ ਲਈ ਘਰਾਂ ਤੋਂ ਗਏ ਮੁੜ ਨਾ ਪਰਤਣ ਤਾਂ ਘਰ ਵਾਲਿਆਂ ਦਾ ਕੀ ਹਾਲ ਹੁੰਦਾ ਹੋਵੇਗਾ।ਉਨ੍ਹਾਂ ਲਈ ਅਖੀਰ ਆਪਣੇ ਦੀ ਮ੍ਰਿਤਕ ਦੇਹ ਦਾ ਹੱਥੀਂ ਸਸਕਾਰ ਕਰਕੇ ਦਿਲ ਨੂੰ ਕਿੰਨਾ ਧਰਵਾਸ ਮਿਲਦਾ ਹੋਵੇਗਾ। ਇਸ ਖ਼ਬਰ ਦੇ ਲਿਖਦਿਆਂ 9 ਜੁਲਾਈ ਨੂੰ ਸਰਦਾਰ ਓਬਰਾਏ ਦੁਬੱਈ ਤੋਂ ਇਕ ਹੋਰ ਮਾਂ ਦੇ ਪੁੱਤ ਦੀ ਲੋਥ ਉਹਦੇ ਘਰ ਗੁਰਦਾਸਪੁਰ ਪਹੁੰਚਾ ਕੇ ਆਏ ਹਨ। ਉਨ੍ਹਾਂ ਮੁਤਾਬਕ ਅਸੀਂ ਅੱਜ ਵੀ ਆਪਣੇ ਮਾਸੜ ਨੂੰ ਉਡੀਕਦੇ ਹਾਂ, ਜੋ ਘਰੋਂ ਗਏ ਤਾਂ ਮੁੜ ਕਦੀ ਨਹੀਂ ਪਰਤੇ।ਇਹ ਉਡੀਕ ਇਕ ਪਰਿਵਾਰ ਲਈ ਬੜੀ ਦਰਦਨਾਕ ਹੁੰਦੀ ਹੈ। ਉਮੀਦ ਅਤੇ ਬੇਉਮੀਦੀ 'ਚ ਘੁੰਮਦੇ ਮਨ ਹਜ਼ਾਰਾਂ ਕਹਾਣੀਆਂ ਨੂੰ ਉਧੇੜਦੇ ਅਤੇ ਬੁਣਦੇ ਹਨ। ਸਰਦਾਰ ਓਬਰਾਏ ਆਪਣਾ ਫਰਜ਼ ਇੱਥੇ ਹੀ ਖ਼ਤਮ ਨਹੀਂ ਸਮਝਦੇ। ਉਨ੍ਹਾਂ ਮੁਤਾਬਕ ਉਨ੍ਹਾਂ ਘਰਾਂ 'ਚ ਸਸਕਾਰ ਤੋਂ ਲੈਕੇ ਬਾਅਦ ਦੀ ਵਿੱਤੀ ਮਦਦ ਅਤੇ ਹਰ ਸਹਾਇਤਾ ਵੀ ਜਾਰੀ ਰੱਖੀ ਜਾਂਦੀ ਹੈ। ਸਾਡਾ ਤਹੱਈਆ ਇਹ ਹਮੇਸ਼ਾ ਹੁੰਦਾ ਹੈ ਕਿ ਸਬੰਧਿਤ ਘਰਦਿਆਂ ਦੇ ਨਾਮ 2-4 ਲੱਖ ਦਾ ਬੈਂਕ 'ਚ ਫਿਕਸਡ ਡਿਪਾਜ਼ਿਟ ਵੀ ਕਰਵਾਇਆ ਜਾਵੇ।

ਕਿਸੇ ਲੋੜਵੰਦ ਤੱਕ ਪਹੁੰਚ ਸਕਾਂ ਇਹ ਕੌਸ਼ਿਸ਼ ਹੁੰਦੀ ਹੈ।ਅੱਜ ਵੀ ਸਦਾ ਫੋਨ 'ਤੇ ਆਈ ਮਿਸਕਾਲ ਰਸੀਵ ਕਰਦਾ ਹਾਂ ਕਿਉਂਕਿ ਸਾਹਮਣੇ ਵਾਲੇ ਨੇ ਕਿਸੇ ਉਮੀਦ ਨਾਲ ਫੋਨ ਕੀਤਾ ਹੁੰਦਾ ਹੈ।”

ਹਰਪ੍ਰੀਤ ਸਿੰਘ ਕਾਹਲੋਂ

rajwinder kaur

This news is Content Editor rajwinder kaur