''ਪੰਜਾਬੀਆਂ ਨੇ ਜਿਵੇਂ ''ਅੱਤਵਾਦ'' ਖਤਮ ਕਰਾਇਆ, ਇੰਝ ਹੀ ''ਨਸ਼ਾ'' ਖਤਮ ਕਰਾਉਣ''

07/21/2018 9:55:33 AM

ਸਮਰਾਲਾ (ਗਰਗ) : ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ (ਡੀ. ਜੀ. ਪੀ.) ਸੁਰੇਸ਼ ਅਰੋੜਾ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਜਿਵੇਂ ਉਨਾਂ ਨੇ ਸੂਬੇ 'ਚੋਂ 'ਅੱਤਵਾਦ' ਨੂੰ ਖ਼ਤਮ ਕਰਨ ਲਈ ਪੰਜਾਬ ਪੁਲਸ ਦਾ ਸਹਿਯੋਗ ਕੀਤਾ ਸੀ, ਉਵੇਂ ਹੀ 'ਨਸ਼ੇ' ਨੂੰ ਖ਼ਤਮ ਕਰਨ ਲਈ ਵੀ ਉਹ ਅੱਗੇ ਆ ਕੇ ਸਹਿਯੋਗ ਕਰਨ। ਉਨ੍ਹਾਂ ਵਚਨਬੱਧਤਾ ਪ੍ਰਗਟਾਈ ਕਿ ਪੰਜਾਬ ਪੁਲਸ ਵੱਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਅੰਜ਼ਾਮ ਤੱਕ ਪਹੁੰਚਾਉਣ ਲਈ ਹਰ ਕੋਸ਼ਿਸ਼ ਕੀਤੀ ਜਾਵੇਗੀ। 
ਇੱਥੇ ਹੈਵੈਨਲੀ ਪੈਲੇਸ ਦੋਰਾਹਾ ਵਿਖੇ ਪੁਲਸ ਜ਼ਿਲਾ ਖੰਨਾ ਵੱਲੋਂ ਨਸ਼ਿਆਂ ਖ਼ਿਲਾਫ਼ ਕਰਵਾਏ ਗਏ ਜਾਗਰੂਕਤਾ ਸਮਾਰੋਹ ਨੂੰ ਬਤੌਰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਸੁਰੇਸ਼ ਅਰੋੜਾ ਨੇ ਕਿਹਾ ਕਿ ਪੰਜਾਬ ਇਸ ਸਮੇਂ ਇੱਕ ਬਦਲਾਅ ਦੀ ਸਥਿਤੀ 'ਚੋਂ ਲੰਘ ਰਿਹਾ ਹੈ। ਇਸ ਹਾਂ-ਪੱਖੀ ਬਦਲਾਅ ਦੌਰਾਨ ਪੰਜਾਬ ਦੇ ਉਹ ਵਿਅਕਤੀ ਜੋ ਕਿ ਕਿਸੇ ਨਾ ਕਿਸੇ ਕਾਰਨ ਵੱਸ ਨਸ਼ਿਆਂ ਵਿੱਚ ਗ੍ਰਸਤ ਹੋ ਗਏ ਸਨ, ਉਹ ਮੁੜ ਸਿਹਤਮੰਦ ਸਮਾਜ ਦਾ ਹਿੱਸਾ ਬਣਨ ਲਈ ਅੱਗੇ ਆਉਣ ਲੱਗੇ ਹਨ। 
ਉਨ੍ਹਾਂ ਮਿਸਾਲ ਦਿੰਦਿਆਂ ਕਿਹਾ ਕਿ ਅੱਤਵਾਦ ਦੇ ਦੌਰ ਦੌਰਾਨ ਪੰਜਾਬ ਪੁਲਸ ਨੂੰ ਲੋਕਾਂ ਦਾ ਸਹਿਯੋਗ ਮਿਲਿਆ ਤਾਂ ਸੂਬੇ 'ਚ ਅੱਤਵਾਦ ਜੜੋਂ ਖ਼ਤਮ ਹੋ ਗਿਆ। ਜੇਕਰ ਲੋਕ ਹੁਣ ਵੀ ਪੂਰੀ ਦ੍ਰਿੜਤਾ ਨਾਲ ਪੁਲਸ ਨੂੰ ਨਸ਼ੇ ਨਾਲ ਸੰਬੰਧਤ ਗਤੀਵਿਧੀਆਂ ਬਾਰੇ ਸੂਚਨਾ ਦੇ ਕੇ ਸਹਿਯੋਗ ਕਰਨ ਤਾਂ ਬੜੀ ਜਲਦ ਸੂਬੇ 'ਚੋਂ ਨਸ਼ੇ ਦੀ ਵੀ ਜੜ੍ਹ ਖ਼ਤਮ ਕਰ ਦਿੱਤੀ ਜਾਵੇਗੀ। 
ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਨਸ਼ਾਮੁਕਤੀ ਮੁਹਿੰਮ ਤਹਿਤ ਜੋ ਵੀ ਵਿਅਕਤੀ ਨਸ਼ਾ ਛੱਡਣ ਲਈ ਖੁਦ ਨਸ਼ਾ ਛੁਡਾਊ ਕੇਂਦਰਾਂ ਤੱਕ ਪਹੁੰਚਣਗੇ, ਉਨ੍ਹਾਂ ਖ਼ਿਲਾਫ਼ ਕੋਈ ਵੀ ਉਲਟ ਕਾਰਵਾਈ ਨਹੀਂ ਕੀਤੀ ਜਾਵੇਗੀ, ਸਗੋਂ ਅਜਿਹੇ ਵਿਅਕਤੀਆਂ ਨੂੰ ਸਿਹਤਮੰਦ ਸਮਾਜ ਦੀ ਮੁੱਖ ਧਾਰਾ 'ਚ ਲਿਆਉਣ ਲਈ ਪੁਲਸ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।