ਰੋਡਰੇਜ ਮਾਮਲੇ ''ਚ ਨਵਜੋਤ ਸਿੱਧੂ ਨੂੰ ਝਟਕਾ, ਐੱਸ. ਸੀ. ਮੁੜ ਕਰੇਗੀ ਫੈਸਲੇ ''ਤੇ ਵਿਚਾਰ

09/12/2018 5:53:26 PM

ਨਵੀਂ ਦਿੱਲੀ\ਚੰਡੀਗੜ੍ਹ : 1988 ਦੇ ਰੋਡਰੇਜ ਮਾਮਲੇ ਵਿਚ ਸੁਪਰੀਮ ਕੋਰਟ ਨੇ ਨਵਜੋਤ ਸਿੰਘ ਸਿੱਧੂ ਨੂੰ ਝਟਕਾ ਦਿੰਦੇ ਹੋਏ ਸ਼ਿਕਾਇਤ ਕਰਤਾ ਵਲੋਂ ਪਾਈ ਗਈ ਪੁਨਰ ਵਿਚਾਰ ਪਟੀਸ਼ਨ ਨੂੰ ਸਵਿਕਾਰ ਕਰ ਲਿਆ ਹੈ। ਸੁਪਰੀਮ ਕੋਰਟ ਨੇ ਰੋਡਰੇਜ ਮਾਮਲੇ ਵਿਚ ਮੁੜ ਵਿਚਾਰ ਕਰਨ ਦਾ ਫੈਸਲਾ ਕੀਤਾ ਹੈ। 

ਇਸ ਸੰਬੰਧੀ ਸੁਪਰੀਮ ਕੋਰਟ ਨੇ ਬਕਾਇਦਾ ਨਵਜੋਤ ਸਿੱਧੂ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ। ਇਹ ਹੁਕਮ ਜਸਟਿਸ ਏ. ਐੱਮ. ਖਾਨਵਿਲਕਰ ਅਤੇ ਜਸਟਿਸ ਸੰਜੇ ਕਿਸ਼ਨ ਕੌਲ ਦੇ ਬੈਂਚ ਵਲੋਂ ਜਾਰੀ ਕੀਤੇ ਗਏ ਹਨ।

ਦੱਸਣਯੋਗ ਹੈ ਕਿ 30 ਸਾਲ ਪੁਰਾਣੇ ਪਟਿਆਲਾ ਰੋਡ ਰੇਜ ਮਾਮਲੇ ਵਿਚ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਹੇਠਲੀ ਅਦਾਲਤ ਨੇ ਦੋਸ਼ ਮੁਕਤ ਕਰ ਦਿੱਤਾ ਸੀ ਪਰ ਹਾਈਕੋਰਟ ਨੇ ਫੈਸਲੇ ਨੂੰ ਪਲਟਦੇ ਹੋਏ ਸਿੱਧੂ ਨੂੰ ਗੈਰ-ਇਰਾਦਾਤਨ ਕਤਲ ਦਾ ਦੋਸ਼ੀ ਪਾਇਆ ਅਤੇ ਸਿੱਧੂ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਮਾਣਯੋਗ ਜੱਜ ਜੇ. ਚੇਲਾਮੇਸ਼ਵਰ ਅਤੇ ਸੰਜੇ ਕਿਸ਼ਨ 'ਤੇ ਆਧਾਰਿਤ ਬੈਂਚ ਨੇ 15 ਮਈ ਨੂੰ 1988 ਦੇ ਇਸ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਰੱਦ ਕਰਦੇ ਹੋਏ ਸਿੱਧੂ ਨੂੰ ਆਈ. ਪੀ. ਸੀ. ਦੀ ਧਾਰਾ 304 ਅਧੀਨ ਗੈਰ-ਇਰਾਦਤਨ ਹੱਤਿਆ ਦੇ ਦੋਸ਼ ਤੋਂ ਬਰੀ ਕਰ ਦਿੱਤਾ ਸੀ। ਅਦਾਲਤ ਨੇ ਸਿੱਧੂ ਨੂੰ ਧਾਰਾ 323 (ਜ਼ਖਮੀ ਕਰਨ) ਦਾ ਦੋਸ਼ੀ ਠਹਿਰਾਉਂਦੇ ਹੋਏ ਸਿਰਫ 1 ਹਜ਼ਾਰ ਦਾ ਜੁਰਮਾਨਾ ਕੀਤਾ ਸੀ।