ਜਲੰਧਰ ਦੀ ਧੀ ਨੇ ਵਧਾਇਆ ਮਾਣ, ਕੈਨੇਡਾ ''ਚ ਪਹਿਲੀ ਸਿੱਖ ਮਹਿਲਾ ਬਣੀ ਸੁਪਰੀਮ ਕੋਰਟ ਦੀ ਜੱਜ

06/24/2017 2:39:54 PM

ਟੋਰਾਂਟੋ/ਜਲੰਧਰ— ਕੈਨੇਡੀਅਨ ਸਿੱਖ ਵਕੀਲ ਪਲਬਿੰਦਰ ਕੌਰ ਸ਼ੇਰਗਿੱਲ ਨੂੰ 'ਸੁਪਰੀਮ ਕੋਰਟ ਆਫ ਬ੍ਰਿਟਿਸ਼ ਕੋਲੰਬੀਆ' ਦੀ ਮਾਣਯੋਗ ਜੱਜ ਨਿਯੁਕਤ ਕੀਤਾ ਗਿਆ ਹੈ। ਕੈਨੇਡਾ ਦੇ ਇਤਿਹਾਸ 'ਚ ਉਹ ਪਹਿਲੀ ਦਸਤਾਰਧਾਰੀ ਜੱਜ ਹੋਵੇਗੀ। 'ਮਿਨੀਸਟਰ ਆਫ ਜਸਟਿਸ ਤੇ ਅਟਾਰਨੀ ਜਨਰਲ ਆਫ ਕੈਨੇਡਾ' ਦੇ ਆਨਰੇਬਲ ਜੋਡੀ ਵਿਲਸਨ-ਰੇਅਬੋਅਲਡ ਨੇ ਇਸ ਦੀ ਘੋਸ਼ਣਾ ਕੀਤੀ ਹੈ। ਉਨ੍ਹਾਂ ਨੇ ਇੱਥੇ 3 ਨਿਯੁਕਤੀਆਂ ਕੀਤੀਆਂ। 
ਸ਼ੇਰਗਿੱਲ ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਦੀ ਰਹੀ ਹੈ ਤੇ ਉਹ ਕੈਨੇਡੀਅਨ ਸਿੱਖ ਭਾਈਚਾਰੇ ਦੇ ਕਈ ਖਾਸ ਮੁੱਦਿਆਂ ਦੀ ਵਕਾਲਤ ਕਰਦੀ ਰਹੀ ਹੈ। ਸ਼ੇਰਗਿੱਲ ਦਾ ਸੰਬੰਧ ਜਲੰਧਰ ਨਾਲ ਹੈ। ਜ਼ਿਲ੍ਹਾ ਜਲੰਧਰ ਦੇ ਮਸ਼ਹੂਰ ਪਿੰਡ ਰੁੜਕਾਂ ਕਲਾਂ ਪਲਬਿੰਦਰ ਕੌਰ ਦੇ ਪੇਕੇ ਹਨ ਜਦਕਿ ਉਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਮਸ਼ਹੂਰ ਪਿੰਡ ਜਗਤਪੁਰ (ਨਜ਼ਦੀਕ ਮੁਕੰਦਪੁਰ) ਵਿਖੇ ਵਿਆਹੀ ਹੋਈ ਹੈ। 


ਸਿੱਖ ਭਾਈਚਾਰੇ ਦੇ ਨਾਲ-ਨਾਲ ਪੰਜਾਬੀਆਂ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ। ਸ਼ੇਰਗਿੱਲ ਸਿੱਖ ਭਾਈਚਾਰੇ ਲਈ ਕਾਫੀ ਕੰਮ ਕਰ ਚੁੱਕੀ ਹੈ ਤੇ ਉਹ ਰਾਸ਼ਟਰੀ ਤੇ ਕੌਮਾਂਤਰੀ ਪੱਧਰ 'ਤੇ ਸਿੱਖ ਮੁੱਦਿਆਂ ਬਾਰੇ ਗੱਲ ਕਰਦੀ ਰਹੀ ਹੈ। ਸ਼ੇਰਗਿੱਲ 2002 ਤੋਂ 2008 ਤਕ 'ਫਰਾਸਰ ਹੈਲਥ ਅਥਾਰਟੀ ਬੋਰਡ' ਦੀ ਡਾਇਰੈਕਟਰ ਰਹਿ ਚੁੱਕੀ ਹੈ। ਉਹ 'ਨੈਸ਼ਨਲ ਐਡਮਿਨਿਸਟਰੇਟਿਵ ਲਾਅ ਸੈਕਸ਼ਨ' ਦਾ ਹਿੱਸਾ ਵੀ ਰਹਿ ਚੁੱਕੀ ਹੈ। ਉਸ ਨੇ 1991 ਤੋਂ ਡਬਲਿਊ ਐੱਸ.ਓ ਲਈ ਜਨਰਲ ਕਾਨੂੰਨੀ ਸਲਾਹਕਾਰ ਦੇ ਤੌਰ 'ਤੇ ਲਈ ਸੇਵਾ ਨਿਭਾਈ ਹੈ। 
ਡਬਲਿਊ ਐੱਸ.ਓ ਦੇ ਮੁਖੀ ਮੁਖਬੀਰ ਸਿੰਘ ਨੇ ਕਿਹਾ,''ਜਸਟਿਸ ਸ਼ੇਰਗਿੱਲ ਇਕ ਮੀਲਪੱਥਰ ਸਥਾਪਤ ਕਰੇਗੀ।'' ਉਸਨੇ ਬਹੁਤ ਸਾਰੇ ਲੋਕਾਂ ਲਈ ਮਿਸਾਲ ਸਥਾਪਤ ਕੀਤੀ ਹੈ।