SC ਦੀ ਫਟਕਾਰ ਤੋਂ ਬਾਅਦ ਐਕਸ਼ਨ ''ਚ ਪੁਲਸ, ਪਰਾਲੀ ਸਾੜਨ ਵਾਲੇ 5 ਕਿਸਾਨਾਂ ''ਤੇ ਕਾਰਵਾਈ

11/05/2019 6:41:59 PM

ਗਿੱਦੜਬਾਹਾ (ਬੇਦੀ , ਚਾਵਲਾ) : ਸੁਪਰੀਮ ਕੋਰਟ ਦੀ ਫਟਕਾਰ ਅਤੇ ਪੰਜਾਬ ਸਰਕਾਰ ਦੀ ਸਖ਼ਤੀ ਤੋਂ ਬਾਅਦ ਹਰਕਤ ਵਿਚ ਆਏ ਜ਼ਿਲਾ ਪ੍ਰਸ਼ਾਸਨ ਦੇ ਹੁਕਮਾਂ 'ਤੇ ਪੁਲਸ ਵੱਲੋਂ ਪਰਾਲੀ ਸਾੜਣ ਵਾਲਿਆਂ ਖ਼ਿਲਾਫ਼ ਮਾਮਲੇ ਦਰਜ ਕਰਨ ਦੀ ਸਿਲਸਿਲਾ ਸ਼ੁਰੂ ਹੋ ਗਿਆ ਹੈ। ਥਾਣਾ ਕੋਟਭਾਈ ਵੱਲੋਂ ਪਰਾਲੀ ਸਾੜਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦੇ ਹੋਏ 5 ਮਾਮਲੇ ਦਰਜ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਕੋਟਭਾਈ ਮੁਖੀ ਅੰਗਰੇਜ ਸਿੰਘ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਦੀਆਂ ਹਦਾਇਤਾਂ 'ਤੇ ਰਣਜੀਤ ਸਿੰਘ ਵਾਸੀ ਵਾੜਾ ਕਿਸ਼ਨਪੁਰਾ, ਨਛੱਤਰ ਸਿੰਘ ਵਾਸੀ ਕੋਠੇ ਦਸ਼ਮੇਸ਼ ਨਗਰ, ਜਸਕਰਨ ਸਿੰਘ ਵਾਸੀ ਕੋਠੇ ਚਹਿਲਾਂ ਵਾਲੇ ਕੋਟਭਾਈ, ਗਰਾਮ ਪੰਚਾਇਤ ਕੋਟਭਾਈ ਅਤੇ ਵਿਸਾਖਾ ਸਿੰਘ ਵਾਸੀ ਕੋਟਲੀ ਅਬਲੂ ਖ਼ਿਲਾਫ਼ ਵੱਖ-ਵੱਖ ਧਰਾਵਾਂ ਅਧੀਨ ਮਾਮਲੇ ਦਰਜ ਕੀਤੇ ਗਏ ਹਨ। 

ਦੂਜੇ ਪਾਸੇ ਬੀਤੇ ਦਿਨੀਂ ਕਿਸਾਨ ਆਗੂਆਂ ਨੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਅੱਜ ਪਿੰਡਾਂ ਵਿਚ ਪਰਾਲੀ ਨੂੰ ਅੱਗ ਲਗਾਉਣ ਦੀ ਸ਼ੁਰੂਆਤ ਕੀਤੀ ਜਾਵੇਗੀ। ਗੱਲ ਕਰਨ 'ਤੇ ਡਿਪਟੀ ਕਮਸ਼ਿਨਰ ਸ੍ਰੀ ਮੁਕਤਸਰ ਸਾਹਿਬ ਐੱਮ. ਕੇ. ਅਰਾਵਿੰਦ ਕੁਮਾਰ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਉਕਤ ਮਾਮਲੇ ਦਰਜ ਕੀਤੇ ਗਏ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਵੀ ਪਰਾਲੀ ਨੂੰ ਅੱਗ ਲਗਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਰਾਲੀ ਤੋਂ ਬਾਅਦ ਪੈਦਾ ਹੋਣ ਵਾਲੇ ਗੰਦੇ ਧੂੰਏਂ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਲੋਕਾਂ ਵਿਚ ਭਿਆਨਕ ਬਿਮਾਰੀਆਂ ਪੈਦਾ ਹੋਣ ਦਾ ਖਤਰਾ ਬਣਿਆ ਹੋਇਆ ਹੈ।

Gurminder Singh

This news is Content Editor Gurminder Singh