ਮਹਿਲਾ ਕਰਮਚਾਰੀ ਨਾਲ ਛੇੜਛਾੜ ਤੋਂ ਬਾਅਦ ਸਿਹਤ ਵਿਭਾਗ ਦਾ ਸੁਪਰਡੈਂਟ ਸਸਪੈਂਡ

02/12/2016 1:45:44 PM


ਚੰਡੀਗੜ੍ਹ (ਰਮਨਜੀਤ)- ਪੰਜਾਬ ਸਰਕਾਰ ਦੇ ਸਿਹਤ ਵਿਭਾਗ ''ਚ ਸੈਕਟਰ-34 ਸਥਿਤ ਡਾਇਰੈਕਟੋਰੇਟ ''ਚ ਵੀਰਵਾਰ ਨੂੰ ਰੌਲਾ ਪਿਆ ਰਿਹਾ। ਮਾਮਲਾ ਦੋ ਔਰਤ ਕਰਮਚਾਰੀਆਂ ਨਾਲ ਸਟਾਫ ਦੇ ਹੀ ਇਕ ਸੀਨੀਅਰ ਅਧਿਕਾਰੀ ਵਲੋਂ ਛੇੜਛਾੜ ਦਾ ਸੀ। ਕਥਿਤ ਦੋਸ਼ੀ ਖਿਲਾਫ਼ ਕਾਰਵਾਈ ''ਚ ਆਨਾਕਾਨੀ ਹੋਣ ''ਤੇ ਡਾਇਰੈਕਟੋਰੇਟ ਦੇ ਸਾਰੇ ਕਲਰਕਾਂ ਨੇ ਕੰਮ ਬੰਦ ਕਰਕੇ ਡਾਇਰੈਕਟੋਰੇਟ ਦਫ਼ਤਰ ਦੇ ਸਾਹਮਣੇ ਧਰਨਾ ਲਗਾ ਦਿੱਤਾ, ਜਿਸ ਤੋਂ ਬਾਅਦ ਕਥਿਤ ਦੋਸ਼ੀ ਸੁਪਰਡੈਂਟ ਨੂੰ ਡਾਇਰੈਕਟਰ ਹੈਲਥ ਐਂਡ ਫੈਮਿਲੀ ਵੈਲਫੇਅਰ ਹਰਿੰਦਰ ਸਿੰਘ ਬਾਲੀ ਵਲੋਂ ਸਸਪੈਂਡ ਕਰ ਦਿੱਤਾ ਗਿਆ।

ਜਾਣਕਾਰੀ ਮੁਤਾਬਿਕ ਹੈਲਥ ਡਾਇਰੈਕਟੋਰੇਟ ''ਚ ਕੰਮ ਕਰਦੀਆਂ ਦੋ ਔਰਤ ਕਰਮਚਾਰੀਆਂ ਨੇ ਸਰੀਰਕ ਸ਼ੋਸ਼ਣ ਤੋਂ ਤੰਗ ਆ ਕੇ 3 ਫਰਵਰੀ ਨੂੰ ਹੀ ਸੈਕਟਰ-34 ਦੇ ਥਾਣੇ ''ਚ ਲਿਖਤ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਦੇਣ ਤੋਂ ਬਾਅਦ ਵੀ ਦੋਵਾਂ ਮਹਿਲਾ ਕਰਮਚਾਰੀਆਂ ਨੇ ਇਸ ਸਬੰਧੀ ਕਿਸੇ ਵੀ ਸਾਥੀ ਕਰਮਚਾਰੀ ਨਾਲ ਚਰਚਾ ਨਹੀਂ ਕੀਤੀ ਪਰ ਵੀਰਵਾਰ ਨੂੰ ਜਦ ਸਾਥੀ ਕਲਰਕਾਂ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਉਕਤ ਕਥਿਤ ਦੋਸ਼ੀ ਸੁਪਰਡੈਂਟ ਭੁਪਿੰਦਰ ਸਿੰਘ ਨੂੰ ਸਸਪੈਂਡ ਕਰਨ ਲਈ ਡਾਇਰੈਕਟਰ ਸਾਹਮਣੇ ਮੰਗ ਉਠਾਈ।

ਡਾਇਰੈਕਟਰ ਹੈਲਥ ਹਰਿੰਦਰ ਸਿੰਘ ਬਾਲੀ ਵਲੋਂ ਆਨਾਕਾਨੀ ਕਰਨ ''ਤੇ ਸਾਰੇ ਕਲਰਕਾਂ ਨੇ ਕੰਮ ਛੱਡਣ ਦਾ ਐਲਾਨ ਕੀਤਾ। ਕਾਫ਼ੀ ਹੰਗਾਮਾ ਹੋਇਆ ਤੇ ਮਹਿਲਾ ਕਰਮਚਾਰੀਆਂ ਵਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ ਦੇ ਆਧਾਰ ''ਤੇ ਬਾਅਦ ਵਿਚ ਡਾਇਰੈਕਟਰ ਬਾਲੀ ਨੇ ਉਚ ਅਧਿਕਾਰੀਆਂ ਦੀ ਸਲਾਹ ਤੋਂ ਬਾਅਦ ਕਥਿਤ ਦੋਸ਼ੀ ਸੁਪਰਡੈਂਟ ਨੂੰ ਸਸਪੈਂਡ ਕਰ ਦਿੱਤਾ।

ਡਾਇਰੈਕਟਰ ਐੱਚ. ਐੱਸ. ਬਾਲੀ ਨੇ ਦੱਸਿਆ ਕਿ ਮਾਮਲਾ ਭਾਵੇਂ ਹੀ 3 ਫਰਵਰੀ ਦਾ ਹੈ ਪਰ ਉਨ੍ਹਾਂ ਦੇ ਸਾਹਮਣੇ ਵੀਰਵਾਰ ਨੂੰ ਹੀ ਆਇਆ ਹੈ ਤੇ ਕਥਿਤ ਦੋਸ਼ੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਮਾਮਲਾ ਵਿਭਾਗੀ ਕਮੇਟੀ ਨੂੰ ਸੌਂਪ ਦਿੱਤਾ ਗਿਆ ਹੈ, ਜੋ ਕਿ ਤਿੰਨ ਦਿਨ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰੇਗੀ। ਜ਼ਿਕਰਯੋਗ ਹੈ ਕਿ 58 ਸਾਲਾ ਭੁਪਿੰਦਰ ਸਿੰਘ ਕਲਰਕ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਐਸੋਸੀਏਸ਼ਨ ਦੇ ਦੋ ਗਰੁੱਪ ਸਰਗਰਮ ਹਨ, ਜਿਸ ਕਾਰਨ ਮਾਮਲੇ ਇੰਨਾ ਭੜਕਿਆ ਹੈ।

Anuradha Sharma

This news is News Editor Anuradha Sharma