ਹੁਣ ਸੰਨੀ ਦਿਓਲ ਦੀ ਅਕਾਲੀ ਦਲ ਨੂੰ ਸਾਫ ਨਾਂਹ!

10/17/2018 11:45:07 AM

ਲੁਧਿਆਣਾ, (ਮੁੱਲਾਂਪੁਰੀ)— ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਲੋਕ ਸਭਾ ਸੀਟ 'ਤੇ ਇਸ ਵਾਰ ਫਿਲਮੀ ਹੀਰੋ ਸੰਨੀ ਦਿਓਲ 'ਤੇ ਟੇਕ ਰੱਖ ਕੇ ਚੱਲ ਰਿਹਾ ਸੀ ਤਾਂ ਕਿ ਉਸ ਨੂੰ ਉਮੀਦਵਾਰ ਬਣਾ ਕੇ ਕਾਂਗਰਸੀ ਐੱਮ. ਪੀ. ਰਵਨੀਤ ਸਿੰਘ ਬਿੱਟੂ ਦਾ ਮੁਕਾਬਲਾ ਕੀਤਾ ਜਾਵੇ ਪਰ ਜਾਣਕਾਰ ਸੂਤਰਾਂ ਨੇ ਦੱਸਿਆ ਕਿ ਸੰਨੀ ਦਿਓਲ ਨੇ ਅਕਾਲੀ ਦਲ ਦੀ ਟਿਕਟ 'ਤੇ ਚੋਣ ਲੜਨ ਤੋਂ ਸਾਫ ਨਾਂਹ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਉਨ੍ਹਾਂ ਭਾਜਪਾ ਟਿਕਟ 'ਤੇ ਹਾਮੀ ਜ਼ਰੂਰ ਭਰੀ ਹੈ। ਭਾਜਪਾ ਕਿਸੇ ਕੀਮਤ 'ਤੇ ਅੰਮ੍ਰਿਤਸਰ ਸੀਟ ਛੱਡ ਕੇ ਲੁਧਿਆਣਾ ਲੈਣ ਦੇ ਮੂਡ 'ਚ ਨਹੀਂ ਦੱਸੀ ਜਾ ਰਹੀ, ਜਿਸ ਕਾਰਨ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਥਾਪੜਾ ਦਿੱਤਾ ਹੈ। ਸ. ਗਰੇਵਾਲ ਅੰਦਰਖਾਤੇ ਮੀਟਿੰਗਾਂ ਤੇ ਜੋੜ-ਤੋੜ ਕਰਨ ਲੱਗੇ ਪਏ ਹਨ।

ਲੁਧਿਆਣਾ ਸੀਟ ਬਾਰੇ ਸਿਆਸੀ ਪੰਡਤਾਂ ਨੇ ਕਿਹਾ ਕਿ ਕਾਂਗਰਸੀ ਐੱਮ. ਪੀ. ਦੇ ਮੁਕਾਬਲੇ ਪਾਰਟੀ ਗਰੇਵਾਲ ਦੀ ਚੋਣ ਤਾਂ ਕਰ ਗਈ ਪਰ ਲੁਧਿਆਣਾ ਬੈਠੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਗਰੇਵਾਲ ਦੀ ਮਦਦ 'ਤੇ ਕਿੰਨੀ ਕੁ ਖਰੀ ਉਤਰਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ, ਕਿਉਂਕਿ ਗਰੇਵਾਲ ਲੰਬੇ ਸਮੇਂ ਬਾਅਦ ਲੁਧਿਆਣਾ ਤੋਂ ਕੋਈ ਚੋਣ ਲੜਨ ਜਾ ਰਹੇ ਹਨ। ਉਨ੍ਹਾਂ 1997 'ਚ ਪਹਿਲੀ ਚੋਣ ਲੁਧਿਆਣਾ ਪੱਛਮੀ ਤੋਂ ਲੜੀ ਸੀ ਤੇ ਢਾਈ ਸਾਲ ਵਜ਼ੀਰ ਰਹੇ ਸਨ। ਜ਼ਿਆਦਾ ਚਿਰ ਉਨ੍ਹਾਂ ਕੋਲ ਬਾਦਲ ਦੇ ਸਲਾਹਕਾਰ ਦੀ ਕੁਰਸੀ ਰਹੀ ਹੈ। ਬਾਕੀ ਗਰੇਵਾਲ ਦੀ ਹਿੰਦੂ ਭਾਈਚਾਰੇ 'ਚ ਪਕੜ ਵੀ ਦੱਸੀ ਜਾ ਰਹੀ ਹੈ ਅਤੇ ਲੁਧਿਆਣਾ ਬੈਠੇ ਦੋ ਆਜ਼ਾਦ ਬੈਂਸ ਭਰਾ ਵੀ ਉਨ੍ਹਾਂ ਦੇ ਕਿਸੇ ਵੇਲੇ ਚੰਗੇ ਮਿੱਤਰ ਰਹੇ ਹਨ। ਸ਼ਾਇਦ ਉਹ ਵੀ ਖੁੱਲ੍ਹਦਿਲੀ ਦਿਖਾਉਣ ਪਰ ਜਿੰਨਾ ਚਿਰ ਗਰੇਵਾਲ ਸ਼ਹਿਰ ਦੇ ਅੱਧੇ ਦਰਜਨ ਆਗੂਆਂ ਨੂੰ ਭਰੋਸੇ 'ਚ ਨਹੀਂ ਲੈਂਦੇ, ਓਨਾ ਚਿਰ ਅਕਾਲੀ ਦਲ ਦਾ ਸਿਆਸੀ ਘਮਾਸਾਨ ਮੁਕਣਾ ਮੁਸ਼ਕਲ ਹੋਵੇਗਾ।