ਹਵੇਲੀ ਦੇ ਮਾਲਕ ਸਤੀਸ਼ ਜੈਨ ਦੀ ਭਾਬੀ ''ਤੇ ਹੋਏ ਹਮਲੇ ਦੇ ਮਾਮਲੇ ''ਚ ਸਾਹਮਣੇ ਆਈਆਂ ਕੁਝ ਖਾਸ ਗੱਲਾਂ (ਤਸਵੀਰਾਂ)

07/12/2017 7:27:58 PM

ਜਲੰਧਰ/ਫਗਵਾੜਾ(ਪ੍ਰੀਤ)— ਹਵੇਲੀ ਗਰੁੱਪ ਦੇ ਮਾਲਕ ਸਤੀਸ਼ ਜੈਨ ਦੀ ਭਾਬੀ 'ਤੇ ਜਾਨਲੇਵਾ ਹਮਲਾ ਕਰਨ ਵਾਲਾ ਨੌਕਰ ਅਸ਼ੋਕ ਵਾਰਦਾਤ ਦੀ ਰਾਤ ਲਗਭਗ 9.30 ਵਜੇ ਹੀ ਘਰ 'ਚ ਦਾਖਲ ਹੋ ਕੇ ਦੂਜੀ ਮੰਜ਼ਿਲ 'ਤੇ ਲੁਕ ਗਿਆ ਸੀ। ਜਦੋਂ ਰਾਤ ਨੂੰ ਸਾਰੇ ਸੌਂ ਗਏ ਤਾਂ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਵਾਰਦਾਤ ਦੇ ਦੋਸ਼ੀ ਨੌਕਰ ਅਸ਼ੋਕ ਕੁਮਾਰ ਨੂੰ  ਕਮਿਸ਼ਨਰੇਟ ਪੁਲਸ ਮੰਗਲਵਾਰ ਨੂੰ ਗ੍ਰਿਫਤਾਰ ਕਰਕੇ ਜਲੰਧਰ ਲਿਆਈ ਹੈ। ਮੁਲਜ਼ਮ ਕੋਲੋਂ ਪੁੱਛਗਿੱਛ ਲਈ ਪੁਲਸ ਰਿਮਾਂਡ ਲਿਆ ਗਿਆ ਹੈ। 
ਪੁਲਸ ਕਮਿਸ਼ਨਰ ਪ੍ਰਵੀਨ ਸਿਨਹਾ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਛੋਟੀ ਬਾਰਾਂਦਰੀ 'ਚ ਰਹਿੰਦੇ ਅਜੀਤ ਜੈਨ ਦੀ ਪਤਨੀ ਸੁਨੀਤਾ ਜੈਨ 'ਤੇ ਕਾਤਲਾਨਾ ਹਮਲਾ ਹੋਇਆ। ਮੁਲਜ਼ਮ ਘਰ 'ਚੋਂ ਕੋਈ ਸਾਮਾਨ ਚੋਰੀ ਕਰਕੇ ਨਹੀਂ ਲਿਜਾ ਸਕਿਆ। ਵਾਰਦਾਤ ਦੀ ਸੂਚਨਾ ਮਿਲਣ 'ਤੇ ਡੀ. ਸੀ. ਪੀ. ਰਾਜਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਥਾਣਾ ਨੰਬਰ 7 ਦੇ ਇੰਸਪੈਕਟਰ ਵਿਜੇ ਕੁੰਵਰ ਪਾਲ ਦੀ ਅਗਵਾਈ 'ਚ ਟੀਮ ਬਣਾਈ ਗਈ ਅਤੇ ਬੀਤੇ ਦਿਨੀਂ ਮੁਲਜ਼ਮ ਨੂੰ ਯੂ. ਪੀ. ਪੁਲਸ ਦੇ ਸਹਿਯੋਗ ਨਾਲ ਕਾਬੂ ਕਰ ਲਿਆ ਗਿਆ। ਮੁਲਜ਼ਮ ਨੌਕਰ ਅਸ਼ੋਕ ਕੁਮਾਰ ਨੂੰ ਗ੍ਰਿਫਤਾਰ ਕਰਕੇ ਪੁਲਸ ਟੀਮ ਜਲੰਧਰ ਲੈ ਆਈ ਹੈ। ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਹ ਪਿਛਲੇ ਕੁਝ ਸਮੇਂ ਤੋਂ ਅਜੀਤ ਜੈਨ ਦੇ ਘਰ 'ਚ ਹੀ ਕੰਮ ਕਰਦਾ ਸੀ। ਉਸ ਨੂੰ ਪਤਾ ਸੀ ਕਿ ਘਰ 'ਚ ਨਕਦੀ, ਗਹਿਣੇ ਆਦਿ ਸਾਮਾਨ ਹੁੰਦਾ ਹੈ। ਇਹ ਵੀ ਪਤਾ ਸੀ ਕਿ ਸੁਨੀਤਾ ਜੈਨ ਦੇ ਕਮਰੇ 'ਚ ਸਾਰਾ ਸਾਮਾਨ ਹੁੰਦਾ ਹੈ। ਸ਼ਨੀਵਾਰ ਦੀ ਦੁਪਹਿਰ ਉਹ ਘਰੋਂ ਛੁੱਟੀ ਲੈ ਕੇ ਨਿਕਲਿਆ ਕਿਉਂਕਿ ਉਹ ਘਰ ਦੇ ਚੱਪੇ-ਚੱਪੇ ਤੋਂ ਵਾਕਿਫ ਸੀ ਅਤੇ ਉਸ ਨੂੰ ਪਤਾ ਸੀ ਕਿ ਕੀਮਤੀ ਸਾਮਾਨ ਕਿੱਥੇ ਹੁੰਦਾ ਹੈ ਤਾਂ ਉਸ ਦਾ ਇਰਾਦਾ ਬਦਲ ਗਿਆ। ਨੌਕਰ ਅਸ਼ੋਕ ਨੇ ਸੋਚਿਆ ਕਿ ਉਹ ਛੁੱਟੀ 'ਤੇ ਪਿੰਡ ਜਾ ਰਿਹਾ ਹੈ। 
ਰਾਤ ਦੇ ਸਮੇਂ ਚੋਰੀ ਕਰਕੇ ਸਾਰਾ ਸਾਮਾਨ ਪਿੰਡ ਲੈ ਜਾਵੇਗਾ ਅਤੇ ਕਿਸੇ ਨੂੰ ਪਤਾ ਨਹੀਂ ਲੱਗੇਗਾ। ਪੁਲਸ ਅਧਿਕਾਰੀਆਂ ਮੁਤਾਬਕ ਮੁਲਜ਼ਮ ਨੌਕਰ ਅਸ਼ੋਕ ਕੁਮਾਰ ਘਰ ਦੇ ਚੱਪੇ-ਚੱਪੇ ਤੋਂ ਵਾਕਿਫ ਸੀ ਅਤੇ ਉਸ ਨੂੰ ਘਰ ਦੇ ਹਰੇਕ ਮੈਂਬਰ ਦੇ ਰੁਟੀਨ ਦੇ ਕੰਮਕਾਜ ਦੀ ਵੀ ਜਾਣਕਾਰੀ ਸੀ। ਸ਼ਨੀਵਾਰ ਰਾਤ ਲਗਭਗ 9.30 ਵਜੇ ਉਹ ਪਿਛਲੇ ਦਰਵਾਜ਼ੇ ਰਾਹੀਂ  ਘਰ 'ਚ ਦਾਖਲ ਹੋਇਆ ਅਤੇ ਚੁੱਪ ਕਰਕੇ ਦੂਜੀ ਮੰਜ਼ਿਲ 'ਤੇ ਲੁਕ ਕੇ ਬੈਠ ਗਿਆ। ਰਾਤ ਲਗਭਗ 11.30 ਵਜੇ ਜਦੋਂ ਘਰ ਦੇ ਸਾਰੇ ਮੈਂਬਰ ਆਪਣੇ-ਆਪਣੇ ਕਮਰੇ 'ਚ ਸੌਂ ਗਏ ਤਾਂ ਉਹ ਹੇਠਾਂ ਸੁਨੀਤਾ ਜੈਨ ਦੇ ਕਮਰੇ 'ਚ ਆ ਗਿਆ। ਉਸ ਨੇ ਕਾਫੀ ਸਾਮਾਨ ਇਕੱਠਾ ਕਰ ਲਿਆ ਪਰ ਇਸੇ ਦੌਰਾਨ ਸੁਨੀਤਾ ਜੈਨ ਦੀ ਅੱਖ ਖੁੱਲ੍ਹ ਗਈ ਤੇ ਉਹ ਰੌਲਾ ਪਾਉਣਾ ਲੱਗੀ ਤਾਂ ਮੁਲਜ਼ਮ ਨੇ ਫੜੇ ਜਾਣ ਦੇ ਡਰੋਂ ਉਥੇ ਪਈ ਕੈਂਚੀ ਅਤੇ ਚਾਕੂ ਨਾਲ ਸੁਨੀਤਾ ਜੈਨ 'ਤੇ ਕਾਤਲਾਨਾ ਹਮਲਾ ਕਰ ਦਿੱਤਾ। ਸੁਨੀਤਾ ਜੈਨ ਨੂੰ ਜ਼ਖਮੀ ਕਰ ਕੇ ਉਹ ਪਿਛਲੇ ਦਰਵਾਜ਼ੇ ਰਾਹੀਂ ਫਰਾਰ ਹੋ ਗਿਆ। ਪੁਲਸ ਕਮਿਸ਼ਨਰ ਪ੍ਰਵੀਨ ਸਿਨਹਾ ਮੁਤਾਬਕ ਹੁਣ ਤੱਕ ਦੀ ਜਾਂਚ 'ਚ ਅਸ਼ੋਕ ਦਾ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਸਾਹਮਣੇ ਨਹੀਂ ਆਇਆ ਹੈ। ਪੁੱਛਗਿੱਛ ਲਈ ਅਸ਼ੋਕ ਦਾ ਪੁਲਸ ਰਿਮਾਂਡ ਲਿਆ ਗਿਆ ਹੈ।

ਘਰ ਦੀ ਰਿਪੇਅਰ ਅਤੇ ਪਿਤਾ ਦੀ ਬੀਮਾਰੀ ਲਈ ਚਾਹੀਦੇ ਸਨ 20 ਹਜ਼ਾਰ ਰੁਪਏ
ਗ੍ਰਿਫਤਾਰ ਮੁਲਜ਼ਮ ਅਸ਼ੋਕ ਕੋਲੋਂ ਪੁੱਛਗਿੱਛ 'ਚ ਪਤਾ ਲੱਗਾ ਹੈ ਕਿ ਉਸ ਦੇ ਘਰ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ। ਉਹ ਸਮੇਂ-ਸਮੇਂ 'ਤੇ ਰੁਪਏ ਭੇਜਦਾ ਪਰ ਪਿਤਾ ਦਾ ਇਲਾਜ ਸਹੀ ਨਹੀਂ ਹੋ ਰਿਹਾ ਸੀ। ਨਾਲ ਹੀ ਘਰ ਦੇ ਹਾਲਾਤ ਵੀ ਚੰਗੇ ਨਹੀਂ ਸਨ। ਅਸ਼ੋਕ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਮਾਲਕ ਕੋਲੋਂ 20 ਹਜ਼ਾਰ ਰੁਪਏ ਮੰਗੇ ਸਨ, ਜੋ ਉਸ ਨੂੰ ਨਹੀਂ ਮਿਲੇ। ਇਸ ਬਾਰੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੁਪਏ ਮੰਗੇ ਸਨ ਜਾਂ ਨਹੀਂ, ਇਸ ਬਾਰੇ ਪੀੜਤ ਪਰਿਵਾਰ ਨਾਲ ਗੱਲ ਨਹੀਂ ਹੋ ਸਕੀ। ਰੁਪਏ ਨਾ ਮਿਲਣ ਕਾਰਨ ਉਸ ਨੇ ਵਾਰਦਾਤ ਕੀਤੀ। ਨੌਕਰ ਅਸ਼ੋਕ ਨੇ ਦੱਸਿਆ ਕਿ ਦੁਪਹਿਰ ਨੂੰ ਘਰੋਂ ਜਾਣ ਵੇਲੇ ਉਹ ਅਜੀਤ ਜੈਨ ਦੇ ਕਮਰੇ ਦੀ ਖਿੜਕੀ ਖੋਲ੍ਹ ਗਿਆ ਸੀ। ਰਾਤ 9.30 ਵਜੇ ਦੁਬਾਰਾ ਉਸੇ ਰਸਤੇ ਦਾਖਲ ਹੋਇਆ ਸੀ। ਉਸ ਦੀ ਕੋਸ਼ਿਸ਼ ਸੀ ਕਿ ਉਹ ਰੁਪਏ ਚੋਰੀ ਕਰਕੇ ਘਰ ਦੀ ਰਿਪੇਅਰ ਅਤੇ ਪਿਤਾ ਦਾ ਇਲਾਜ ਕਰਵਾ ਲਵੇ।
ਕਿਚਨ ਤੋਂ ਲਿਆ ਚਾਕੂ, ਫਸਟਏਡ ਬਾਕਸ ਤੋਂ ਲਈ ਕੈਂਚੀ
ਮੁਲਜ਼ਮ ਨੇ ਪੁੱਛਗਿੱਛ ਵਿਚ ਦੱਸਿਆ ਕਿ ਜਦੋਂ ਘਰ ਦੇ ਸਾਰੇ ਮੈਂਬਰ ਸੌਂ ਗਏ ਤਾਂ ਉਸ ਨੇ ਕਿਚਨ ਵਿਚੋਂ ਚਾਕੂ ਲਿਆ ਪਰ ਜਦੋਂ ਸਾਮਾਨ ਚੋਰੀ ਕਰ ਲਿਆ ਤਾਂ ਸੁਨੀਤਾ ਜੈਨ ਉਠ ਗਈ। ਉਸ ਦੇ ਰੌਲਾ ਪਾਉਣ ਤੋਂ ਪਹਿਲਾਂ ਹੀ ਉਸ ਨੇ ਚਾਕੂ ਨਾਲ ਹਮਲਾ ਕੀਤਾ ਅਤੇ ਫਿਰ ਉਥੇ ਹੀ ਕੋਲ ਪਏ ਫਸਟਏਡ ਬਾਕਸ ਵਿਚੋਂ ਕੈਂਚੀ ਚੁੱਕ ਕੇ ਮੂੰਹ 'ਤੇ ਮਾਰੀ। ਜਦੋਂ ਸੁਨੀਤਾ ਜੈਨ ਨੇ ਵਿਰੋਧ ਕੀਤਾ ਤਾਂ ਨੇੜੇ ਪਈ ਭਾਰ ਤੋਲਣ ਵਾਲੀ ਮਸ਼ੀਨ ਚੁੱਕ ਕੇ ਸੁਨੀਤਾ ਜੈਨ ਦੇ ਸਿਰ ਵਿਚ ਮਾਰੀ।ਵਾਰਦਾਤ ਤੋਂ ਬਾਅਦ ਹਵੇਲੀ ਦੇ ਨੇੜੇ ਬਣ ਰਹੀ ਬਿਲਡਿੰਗ 'ਚ ਲੁਕਿਆ ਸੀ ਅਸ਼ੋਕ
ਅਸ਼ੋਕ ਨੇ ਪੁਲਸ ਨੂੰ ਦੱਸਿਆ ਕਿ ਵਾਰਦਾਤ ਤੋਂ ਤੁਰੰਤ ਬਾਅਦ ਉਹ ਭੱਜਿਆ ਤੇ ਆਟੋ ਵਿਚ ਹਵੇਲੀ ਦੇ ਨੇੜੇ ਹੀ ਸਥਿਤ ਇਕ ਹੋਰ ਰਿਜ਼ਾਰਟ ਕੋਲ ਬਣ ਰਹੀ ਬਿਲਡਿੰਗ ਵਿਚ ਲੁਕ ਗਿਆ। ਉਥੇ ਰਹਿ ਰਹੇ ਕੁਝ ਪ੍ਰਵਾਸੀ ਮਜ਼ਦੂਰਾਂ ਨੇ ਉਸ ਨੂੰ ਪਛਾਣ ਲਿਆ, ਜਿਸ ਕਾਰਨ ਉਹ ਉਥੋਂ ਭੱਜ ਗਿਆ। ਟਾਵਰ ਲੋਕੇਸ਼ਨ ਚੈੱਕ ਹੋਣ 'ਤੇ ਜਦੋਂ ਪੁਲਸ ਰਿਜ਼ਾਰਟ ਵਿਚ ਪਹੁੰਚੀ ਤਾਂ ਪਤਾ ਲੱਗਾ ਕਿ ਅਸ਼ੋਕ ਰਾਤ ਨੂੰ ਉਥੇ ਲੁਕਿਆ ਤੇ ਫਿਰ ਭੱਜ ਗਿਆ। ਉਹ ਯੂ. ਪੀ. ਆਪਣੇ ਪਿੰਡ ਗਿਆ ਹੈ। ਸੁਰਾਗ ਮਿਲਦਿਆਂ ਹੀ ਪੁਲਸ ਟੀਮ ਯੂ. ਪੀ. ਰਵਾਨਾ ਹੋ ਗਈ।
ਯੂ. ਪੀ. ਏ. ਟੀ. ਐੱਸ. ਨੇ ਕੀਤੀ ਸੀ ਦੋ ਟਰੇਨਾਂ ਦੀ ਚੈਕਿੰਗ
ਪੁਲਸ ਸੂਤਰਾਂ ਮੁਤਾਬਕ ਜਦੋਂ ਪਤਾ ਲੱਗਾ ਕਿ ਅਸ਼ੋਕ ਆਪਣੇ ਪਿੰਡ ਜਾ ਰਿਹਾ ਹੈ ਤਾਂ ਤੁਰੰਤ ਯੂ. ਪੀ. ਪੁਲਸ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਅਸ਼ੋਕ ਦੀ ਫੋਟੋ ਭੇਜੀ ਗਈ। ਪਤਾ ਲੱਗਾ ਹੈ ਯੂ. ਪੀ. ਏ. ਟੀ. ਐੱਸ. ਦੀ ਟੀਮ ਨੇ ਉਸ ਸਮੇਂ ਦੌਰਾਨ ਅਸ਼ੋਕ ਦੀ ਤਸਵੀਰ ਲੈ ਕੇ ਦੋ ਟਰੇਨਾਂ ਦੀ ਸਰਚ ਕੀਤੀ ਪਰ ਉਹ ਨਹੀਂ ਮਿਲਿਆ ਕਿਉਂਕਿ ਅਸ਼ੋਕ ਰਸਤੇ ਵਿਚ ਕਿਸੇ ਸਟੇਸ਼ਨ 'ਤੇ ਉਤਰ ਕੇ ਬੱਸ ਸਟੈਂਡ ਚਲਾ ਗਿਆ ਸੀ। ਜਦੋਂ ਟਰੇਨ ਵਿਚ ਅਸ਼ੋਕ ਨਾ ਮਿਲਿਆ ਤਾਂ ਅਮੇਠੀ ਪੁਲਸ ਨੇ ਬੱਸ ਸਟੈਂਡ 'ਤੇ ਸਰਚ ਕੀਤੀ ਅਤੇ ਅਸ਼ੋਕ ਕਾਬੂ ਆ ਗਿਆ।