ਪੇਪਰ ਲੀਕ ਮਾਮਲੇ ''ਚ ਸੁਨੀਤਾ ਦੀ ਜ਼ਮਾਨਤ ਪਟੀਸ਼ਨ ਰੱਦ

02/06/2018 7:44:33 AM

ਚੰਡੀਗੜ੍ਹ, (ਸੰਦੀਪ)- ਐੱਚ. ਸੀ. ਐੱਸ. (ਜੁਡੀਸ਼ੀਅਲ) ਪੇਪਰ ਲੀਕ ਮਾਮਲੇ 'ਚ ਮੁਲਜ਼ਮ ਸੁਨੀਤਾ ਦੀ ਜ਼ਮਾਨਤ ਪਟੀਸ਼ਨ ਜ਼ਿਲਾ ਅਦਾਲਤ ਨੇ ਰੱਦ ਕਰ ਦਿੱਤੀ ਹੈ। ਸੁਨੀਤਾ ਨੇ ਪੁਲਸ ਵਲੋਂ ਅਧੂਰਾ ਚਲਾਨ ਦਾਖਲ ਕਰਨ ਨੂੰ ਆਧਾਰ ਬਣਾਉਂਦੇ ਹੋਏ ਸੀ. ਆਰ. ਪੀ. ਸੀ. ਦੀ ਧਾਰਾ (167) (2) ਤਹਿਤ ਪਟੀਸ਼ਨ ਦਾਇਰ ਕੀਤੀ ਸੀ। ਜ਼ਮਾਨਤ ਪਟੀਸ਼ਨ 'ਤੇ ਦਾਇਰ ਜਵਾਬ 'ਚ ਪੁਲਸ ਨੇ ਕਿਹਾ ਕਿ ਚਲਾਨ 'ਚ ਸਿਰਫ ਸੀ. ਐੱਫ. ਐੱਸ. ਐੱਲ. ਅਤੇ ਵਾਇਸ ਸੈਂਪਲ ਦੀ ਰਿਪੋਰਟ ਆਉਣੀ ਬਾਕੀ ਹੈ। ਨਿਯਮਾਂ ਮੁਤਾਬਕ ਚਲਾਨ ਦਾਇਰ ਕਰਨ ਲਈ ਸੀ. ਐੱਫ. ਐੱਸ. ਐੱਲ. ਅਤੇ ਵਾਇਸ ਸੈਂਪਲ ਰਿਪੋਰਟ ਜ਼ਰੂਰੀ ਨਹੀਂ ਹੈ, ਪੁਲਸ ਨੇ ਜੋ ਚਲਾਨ ਦਾਇਰ ਕੀਤਾ ਹੈ ਉਹ ਦੋਸ਼ ਤੈਅ ਕਰਨ ਲਈ ਕਾਫੀ ਹੈ, ਜਦੋਂਕਿ ਸੁਨੀਤਾ ਵਲੋਂ ਦਾਇਰ ਜ਼ਮਾਨਤ ਪਟੀਸ਼ਨ 'ਚ ਦਲੀਲ ਦਿੱਤੀ ਗਈ ਸੀ ਕਿ ਪੁਲਸ ਵਲੋਂ ਦਾਇਰ ਚਲਾਨ ਅਧੂਰਾ ਹੈ। ਐੱਸ. ਆਈ. ਟੀ. ਨੇ ਕੁਝ ਦਸਤਾਵੇਜ਼ ਅਤੇ ਹੋਰ ਸਬੂਤਾਂ ਨੂੰ ਜਾਂਚ ਲਈ ਸੀ. ਐੱਫ. ਐੱਸ. ਐੱਲ. ਭੇਜਿਆ ਹੈ ਅਤੇ ਹਾਲੇ ਰਿਪੋਰਟ ਆਉਣੀ ਬਾਕੀ ਹੈ। ਪੁਲਸ ਨੇ ਇਨ੍ਹਾਂ ਨੂੰ ਚਲਾਨ 'ਚ ਸ਼ਾਮਲ ਹੀ ਨਹੀਂ ਕੀਤਾ ਹੈ ਤਾਂ ਅਜਿਹੇ 'ਚ ਚਲਾਨ ਦਾ ਕੋਈ ਆਧਾਰ ਨਹੀਂ ਬਣਦਾ। ਪਟੀਸ਼ਨ ਮੁਤਾਬਕ ਚਲਾਨ 'ਚ ਪੁਲਸ ਨੇ ਖੁਦ ਮੰਨਿਆ ਹੈ ਕਿ ਉਹ ਮਾਮਲੇ 'ਚ ਸਪਲੀਮੈਂਟਰੀ ਚਲਾਨ ਦਾਖਲ ਕਰੇਗੀ। ਅਦਾਲਤ ਨੇ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਮਗਰੋਂ ਸੁਨੀਤਾ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ।