ਐੱਫ. ਐਂਡ ਸੀ. ਸੀ. ਦੀ ਬੈਠਕ ਅੱਜ

09/22/2017 5:12:33 AM

ਜਲੰਧਰ(ਖੁਰਾਣਾ)- ਮੇਅਰ ਸੁਨੀਲ ਜੋਤੀ ਦੇ 5 ਸਾਲਾਂ ਦੇ ਕਾਰਜਕਾਲ ਦੀ ਅੰਤਿਮ ਐੱਫ. ਐਂਡ ਸੀ. ਸੀ. ਦੀ ਬੈਠਕ 22 ਸਤੰਬਰ ਨੂੰ ਸਵੇਰੇ 11 ਵਜੇ ਹੋਵੇਗੀ, ਜੋ ਹਰ ਵਾਰ ਵਾਂਗ  ਹੰਗਾਮਾ ਭਰਪੂਰ ਹੋਣੀ ਤੈਅ ਹੈ। ਅੱਜ ਵਾਪਰੇ ਘਟਨਾਕ੍ਰਮ ਨੂੰ ਜੇਕਰ ਦੇਖਿਆ ਜਾਵੇ ਤਾਂ ਸਾਫ ਹੈ ਕਿ ਕੱਲ ਦੀ ਬੈਠਕ ਦੌਰਾਨ ਕਮਲਜੀਤ ਸਿੰਘ ਭਾਟੀਆ, ਓਬਰਾਏ ਤੇ ਰਵੀ ਮਹਿੰਦਰੂ 'ਤੇ ਆਧਾਰਿਤ ਤਿੱਕੜੀ ਮੇਅਰ ਸੁਨੀਲ ਜੋਤੀ ਤੇ ਕਮਿਸ਼ਨਰ ਡਾ. ਬਸੰਤ ਗਰਗ ਨੂੰ ਗੱਲ-ਗੱਲ 'ਤੇ ਘੇਰਨ ਵਿਚ ਕੋਈ ਕਸਰ ਨਹੀਂ ਛੱਡੇਗੀ।  ਨਿਗਮ ਪ੍ਰਸ਼ਾਸਨ ਤੇ ਮੇਅਰ ਨੇ ਕੱਲ ਦੀ ਬੈਠਕ ਲਈ 137 ਪ੍ਰਸਤਾਵਾਂ ਵਾਲਾ ਏਜੰਡਾ ਰੱਖਿਆ ਹੈ ਪਰ ਇਸ ਏਜੰਡੇ ਵਿਚ ਜ਼ਿਆਦਾਤਰ ਆਈਟਮਾਂ ਉਹ ਹਨ ਜਿਨ੍ਹਾਂ ਨੂੰ ਮੇਅਰ ਵਲੋਂ ਆਪਣੀ ਐਂਟੀਸਿਪੇਸ਼ਨ ਪਾਵਰ ਦਾ ਇਸਤੇਮਾਲ ਕਰ ਕੇ ਪਹਿਲਾਂ ਹੀ ਪਾਸ ਕੀਤਾ ਜਾ ਚੁੱਕਾ ਹੈ। 
ਇਸ ਲਈ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਸਾਫ ਕਹਿ ਚੁੱਕੇ ਹਨ ਕਿ ਮੇਅਰ ਨੇ ਕਾਹਲੀ-ਕਾਹਲੀ 'ਚ ਬੈਠਕ ਰੱਖ ਕੇ ਉਨ੍ਹਾਂ ਦੇ ਮੋਢਿਆਂ 'ਤੇ ਬੰਦੂਕ ਚਲਾਉਣ ਦਾ ਫੈਸਲਾ ਲਿਆ ਹੈ। ਭਾਟੀਆ ਨੇ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਦੇ ਹਿੱਤ ਵਿਚ ਹਨ ਤੇ ਵਿਕਾਸ ਨਾਲ ਸਬੰਧਿਤ ਕੋਈ ਪ੍ਰਸਤਾਵ ਰੋਕਿਆ ਨਹੀਂ ਜਾਵੇਗਾ ਪਰ ਵਿੱਤੀ ਗੜਬੜੀਆਂ ਵੀ ਕਿਸੇ ਕੀਮਤ 'ਤੇ ਸਹਿਣ ਨਹੀਂ ਕੀਤੀਆਂ ਜਾਣਗੀਆਂ। 
ਤਿੱਕੜੀ ਨੇ ਬਣਾਈ ਰਣਨੀਤੀ
ਸਿਆਸੀ ਸੂਤਰਾਂ ਦੀ ਮੰਨੀਏ ਤਾਂ ਨਿਗਮ ਦੀ ਇਸ ਅੰਤਿਮ ਬੈਠਕ ਨੂੰ ਵੇਖਦਿਆਂ ਮੇਅਰ ਵਿਰੋਧੀ ਖੇਮੇ ਵਿਚ ਜਾਣੇ ਜਾਂਦੇ ਕਮਲਜੀਤ ਭਾਟੀਆ, ਓਬਰਾਏ ਤੇ ਰਵੀ ਮਹਿੰਦਰੂ ਨੇ ਅੱਜ ਆਪਸ ਵਿਚ ਇਕ ਮੀਟਿੰਗ ਕੀਤੀ ਤੇ ਕੱਲ ਦੀ ਬੈਠਕ ਬਾਰੇ ਰਣਨੀਤੀ ਬਣਾਈ। ਸੂਤਰ ਦੱਸਦੇ ਹਨ ਕਿ ਸਭ ਤੋਂ ਪਹਿਲਾਂ ਐਂਟੀਸਿਪੇਸ਼ਨ ਵਾਲੇ ਪ੍ਰਸਤਾਵਾਂ ਦਾ ਹਿਸਾਬ ਲਿਆ ਜਾਵੇਗਾ, ਕਿਉਂਕਿ ਇਨ੍ਹਾਂ ਤਿੰਨਾਂ ਦਾ ਮੰਨਣਾ ਹੈ ਕਿ ਏਜੰਡੇ ਵਿਚ ਪਾਏ ਗਏ ਪ੍ਰਸਤਾਵਾਂ ਵਿਚ ਇਸ ਵਾਰ ਐਂਟੀਸਿਪੇਸ਼ਨ ਬਾਰੇ ਗੋਲ-ਮੋਲ ਜਿਹਾ ਲਿਖਿਆ ਗਿਆ ਹੈ। 
ਬੈਠਕ ਦੀ ਕਨਫਰਮੇਸ਼ਨ ਕੌਣ ਕਰੇਗਾ
ਐੱਫ. ਐਂਡ ਸੀ. ਸੀ. ਦੀ ਅੰਤਿਮ ਬੈਠਕ 22 ਸਤੰਬਰ ਨੂੰ ਹੈ, ਜਦੋਂ ਕਿ ਮੇਅਰ, ਭਾਟੀਆ ਤੇ ਹੋਰ ਸਾਰੇ ਕੌਂਸਲਰਾਂ ਦਾ ਕਾਰਜਕਾਲ 24 ਸਤੰਬਰ ਨੂੰ ਖਤਮ ਹੋ ਰਿਹਾ ਹੈ। 24 ਸਤੰਬਰ ਨੂੰ ਸ਼ਨੀਵਾਰ ਹੈ ਇਸ ਲਈ ਪ੍ਰੋਗਰਾਮ ਦਾ ਅੰਤਿਮ ਦਿਨ 23 ਸਤੰਬਰ ਹੀ ਰਹੇਗਾ। ਅਜਿਹੇ ਵਿਚ ਕੱਲ ਹੋਣ ਵਾਲੀ ਬੈਠਕ ਦੀ ਪ੍ਰੋਸੀਡਿੰਗ ਦੀ ਇਨਫਰਮੇਸ਼ਨ ਕੌਣ ਕਰੇਗਾ ਇਸ ਬਾਰੇ ਕਨਫਿਊਜ਼ਨ ਬਰਕਰਾਰ ਹੈ। ਇਸ ਮਾਮਲੇ ਵਿਚ ਜਦੋਂ ਭਾਟੀਆ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਮੰਨਿਆ ਕਿ ਕਾਇਦੇ ਮੁਤਾਬਿਕ ਜੇਕਰ ਪ੍ਰੋਸੀਡਿੰਗ ਦੀ ਕਨਫਰਮੇਸ਼ਨ ਨਾ ਹੋਈ ਤਾਂ ਬੈਠਕ ਹੀ ਨਾਜਾਇਜ਼ ਮੰਨੀ ਜਾਵੇਗੀ। ਇਸ ਲਈ ਸਹੀ ਹੋਵੇਗਾ ਕਿ ਜੇਕਰ ਉਸੇ ਸਮੇਂ ਪ੍ਰੋਸੀਡਿੰਗ ਲਿਖ ਕੇ ਇਨ੍ਹਾਂ ਮੈਂਬਰਾਂ ਕੋਲੋਂ ਹੀ ਕਨਫਰਮੇਸ਼ਨ ਵੀ ਕਰਵਾ ਲਈ ਜਾਵੇ। 
ਨਹੀਂ ਹੋਈ ਪ੍ਰੀ ਏਜੰਡਾ ਬੈਠਕ 
ਕੱਲ ਨਗਰ ਨਿਗਮ ਵਿਚ ਅਕਾਲੀ ਦਲ ਵਲੋਂ ਕੀਤੇ ਗਏ ਸਨਮਾਨ ਸਮਾਰੋਹ ਦੌਰਾਨ ਗੱਲ ਚੱਲੀ ਸੀ ਕਿ ਮੇਅਰ ਵਲੋਂ ਭਾਟੀਆ ਨਾਲ ਐੱਫ. ਐਂਡ ਸੀ. ਸੀ. ਬੈਠਕ 'ਤੇ ਪ੍ਰੀ-ਏਜੰਡਾ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਬੈਠਕ ਦੌਰਾਨ ਹੰਗਾਮੇ ਦੀ ਸਥਿਤੀ ਪੈਦਾ ਨਾ ਹੋਵੇ ਪਰ ਅੱਜ ਅਜਿਹੀ ਕੋਈ ਬੈਠਕ ਨਹੀਂ ਹੋਈ। ਇਹ ਵੀ ਪਤਾ ਲੱਗਾ ਹੈ ਕਿ ਮੇਅਰ ਵਾਇਰਲ ਨਾਲ ਪੀੜਤ ਹੋਣ ਕਾਰਨ ਸਾਰਾ ਦਿਨ ਬੈੱਡ ਰੈਸਟ 'ਤੇ ਰਹੇ।