ਕਾਂਗਰਸੀ ਵਰਕਰਾਂ ਨੇ ਜਾਖੜ ਨੂੰ ਸੁਣਾਇਆ ਦੁੱਖੜਾ, ਫੁੱਟ-ਫੁੱਟ ਕੇ ਰੋਈ ਮਹਿਲਾ (ਵੀਡੀਓ)

12/09/2019 7:12:17 PM

ਜਲੰਧਰ (ਵਿਕਰਮ)— ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅੱਜ ਜਲੰਧਰ ਵਿੱਚ ਸ਼ਹਿਰੀ ਅਤੇ ਦਿਹਾਤੀ ਕਾਂਗਰਸ ਦੇ ਵਰਕਰਾਂ ਨਾਲ ਮੀਟਿੰਗ ਕਰਨ ਪੁੱਜੇ। ਵਿਕਾਸ ਕਾਰਜਾਂ ਨੂੰ ਲੈ ਕੇ ਕਾਂਗਰਸੀ ਵਰਕਰਾਂ ਨੇ ਜਾਖੜ ਦੇ ਸਾਹਮਣੇ ਖੁੱਲ੍ਹ ਕੇ ਭੜਾਸ ਕੱਢੀ। ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੇ ਨਿਸ਼ਾਨੇ 'ਤੇ ਰਹੇ। ਬਲਾਕ ਪ੍ਰਧਾਨਾਂ ਨੇ ਦੋਸ਼ ਲਗਾਇਆ ਕਿ ਵਿਧਾਇਕਾਂ ਅਤੇ ਹਲਕਾ ਪ੍ਰਧਾਨਾਂ ਦੀ ਸੁਣਵਾਈ ਨਹੀਂ ਹੋ ਰਹੀ। ਅਧਿਕਾਰੀ ਆਪਣੀ ਮਨ-ਮਰਜ਼ੀ ਕਰ ਰਹੇ ਹਨ। ਇਸ ਦੌਰਾਨ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਇਕ ਮਹਿਲਾ ਫੁੱਟ-ਫੁੱਟ ਕੇ ਰੋ ਪਈ। ਵਰਕਰਾਂ ਨੇ ਕਿਹਾ ਕਿ ਜਿਹੋ ਜਿਹੇ ਹਾਲਾਤ ਅਕਾਲੀ ਸਰਕਾਰ ਦੇ ਸਮੇਂ ਸਨ, ਅਜੇ ਵੀ ਉਸੇ ਤਰ੍ਹਾਂ ਹੀ ਹਾਲਾਤ ਹਨ। ਉਨ੍ਹਾਂ ਕਿਹਾ ਕਿ ਨਾ ਤਾਂ ਚਿੱਟਾ ਬੰਦ ਹੋਇਆ ਅਤੇ ਸਮੈਕ ਦੀ ਤਸਕਰੀ। ਉਨ੍ਹਾਂ ਕਿਹਾ ਕਿ ਸਰਕਾਰ ਬਦਲਣ ਦਾ ਆਮ ਜਨਤਾ ਨੂੰ ਕੋਈ ਫਾਇਦਾ ਨਹੀਂ ਹੋਇਆ। ਕਾਂਗਰਸੀ ਵਰਕਰਾਂ ਨੇ ਕਿਹਾ ਕਿ ਜੇਕਰ ਇਹੀ ਹਾਲਾਤ ਰਹਿਣਗੇ ਤਾਂ ਜਨਤਾ ਨੂੰ ਕੈਪਟਨ ਸਰਕਾਰ ਕਿਵੇਂ ਖੁਸ਼ ਕਰੇਗੀ। 

ਵਰਕਰਾਂ ਨੇ ਪ੍ਰਧਾਨ ਨੂੰ ਨਸ਼ਾ, ਬੇਅਦਬੀ ਅਤੇ ਰੋਜ਼ਗਾਰ ਦੇ ਉਹ ਸਾਰੇ ਵਾਅਦੇ ਯਾਦ ਵੀ ਕਰਵਾਏ ਜਿਹੜੇ ਕਾਂਗਰਸ ਨੇ ਸਰਕਾਰ ਬਣਾਉਣ ਲਈ ਕੀਤੇ ਸਨ। ਕਾਂਗਰਸੀ ਵਰਕਰਾਂ ਨੇ ਜਾਖੜ ਤੋਂ ਅਪੀਲ ਕੀਤੀ ਕਿ ਪਾਰਟੀ ਦੀ ਵਰਕਿੰਗ ਅਤੇ ਸਰਕਾਰ ਦੀ ਵਰਕਿੰਗ ਨੂੰ ਸੁਧਾਰਿਆ ਜਾਵੇ ਨਹੀਂ ਤਾਂ 2022 'ਚ ਚੋਣਾਂ 'ਚ ਕਾਂਗਰਸ ਜਿੱਤ ਨਹੀਂ ਸਕੇਗੀ। ਵਰਕਰਾਂ ਨੇ ਪੁਲਸ ਵੱਲੋਂ ਕੀਤੀਆਂ ਜਾਣ ਵਾਲੀਆਂ ਧੱਕੇਸ਼ਾਹੀਆਂ ਤੋਂ ਇਲਾਵਾ ਨੀਲੇ ਕਾਰਡ ਨਾ ਬਣਨ ਦਾ ਮੁੱਦਾ ਵੀ ਚੁੱਕਿਆ।

ਇਸ ਮੌਕੇ ਜਾਖੜ ਨੇ ਕੇਂਦਰ ਵੱਲੋਂ ਪੰਜਾਬ ਦਾ ਪੈਸਾ ਰੋਕਣ ਨੂੰ ਦਾਦਗਿਰੀ ਦੱਸਿਆ। ਉਂਝ ਜਾਖੜ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਵਿਕਾਸ ਕੰਮਾਂ 'ਚ ਦੇਰੀ ਹੋਈ ਹੈ ਪਰ ਇਸ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਸਭ ਦੇ ਸਮਾਰਟ ਕਾਰਡ ਬਣਨਗੇ। ਅਮਨ-ਕਾਨੂੰਨ ਦੀ ਹਾਲਤ ਬਾਰੇ ਉਨ੍ਹਾਂ ਕਿਹਾ ਕਿ ਇਹ ਹੈਦਰਾਬਾਦ ਨਹੀਂ, ਇੱਥੇ ਅਰਾਜਕਤਾ ਨਹੀਂ। ਸਾਡਾ ਕੰਮ ਹੈ ਸਾਰੇ ਤੱਥ ਕੋਰਟ 'ਚ ਲੈ ਕੇ ਜਾਣਾ। ਦੇਰ ਹੈ ਅੰਧੇਰ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਕਿਸੇ ਕਾਂਗਰਸੀ ਦਾ ਨਸ਼ੇ 'ਚ ਨਾਮ ਨਹੀਂ ਆਇਆ। ਸੁਨੀਲ ਜਾਖੜ ਨੇ ਵਰਕਰਾਂ ਦੀਆਂ ਸਮੱਸਿਆਵਾਂ ਨੂੰ ਸੁਣਦੇ ਹੋਏ ਕਿਹਾ ਕਿ ਲੋਕਾਂ 'ਚ ਮਜ਼ਾਕ ਨਾ ਬਣਾਇਆ ਜਾਵੇ ਅਤੇ ਜੇਕਰ ਕਿਸੇ ਨੂੰ ਕੋਈ ਗਿਲਾ ਸ਼ਿਕਵਾ ਹੈ ਤਾਂ ਅਸੀਂ ਆਪਸ 'ਚ ਗੱਲ ਕਰੀਏ। ਇਸ ਦੇ ਨਾਲ ਹੀ ਉਨ੍ਹਾਂ ਵਰਕਰਾਂ ਨੂੰ ਆ ਰਹੀਆਂ ਸਮੱਸਿਆਂ ਨੂੰ ਜਲਦੀ ਤੋਂ ਜਲਦੀ ਹੱਲ ਕਰਵਾਉਣ ਦਾ ਭਰੋਸਾ ਵੀ ਦਿੱਤਾ।

shivani attri

This news is Content Editor shivani attri