ਪੰਜਾਬ ਲਈ ਕੱਲ੍ਹ ਦਾ ਦਿਨ ਹੋਵੇਗਾ ਖਾਸ: ਜਾਖੜ

08/26/2018 6:32:28 PM

ਜਲੰਧਰ (ਸੋਨੂੰ)— ਪੰਜਾਬ ਪ੍ਰਦੇਸ਼ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਨੀਲ ਜਾਖੜ ਨੇ ਜਲੰਧਰ ਵਿਖੇ ਸਰਕਟ ਹਾਊਸ 'ਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਸੋਮਵਾਰ ਦਾ ਦਿਨ ਪੰਜਾਬ ਦੇ ਲੋਕਾਂ ਲਈ ਬੇਹੱਦ ਖਾਸ ਹੋਵੇਗਾ ਕਿਉਂਕਿ ਸੋਮਵਾਰ ਨੂੰ ਵਿਧਾਨ ਸਭਾ ਸੈਸ਼ਨ ਦੌਰਾਨ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦਾ ਖੁਲਾਸਾ ਕੀਤਾ ਜਾਵੇਗਾ, ਜਿਸ 'ਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਇਤਿਹਾਸਕ ਰਿਪੋਰਟ 'ਤੇ ਪੰਜਾਬ ਨੂੰ ਇਕ ਸਹੀ ਗੱਲ ਦਾ ਅਹਿਸਾਸ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜਦੋਂ ਵਿਧਾਨ ਸਭਾ 'ਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ ਤਾਂ ਸਾਰਾ ਮਾਮਲਾ ਪਾਣੀ ਵਾਂਗ ਸਾਫ ਹੋ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਮੁੱਖ ਮੰਤਰੀ ਕੈਪਟਨ ਨੂੰ ਸੋਮਵਾਰ ਦੇ ਸੈਸ਼ਨ ਨੂੰ ਲੰਮਾਂ ਸਮਾਂ ਦੇਣ ਦੀ ਅਪੀਲ ਕੀਤੀ ਤਾਂਕਿ ਹਰ ਕਿਸੇ ਨੂੰ ਬੋਲਣ ਦਾ ਪੂਰਾ ਸਮਾਂ ਮਿਲ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਰੋਧੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਸੋਮਵਾਰ ਨੂੰ ਸੈਸ਼ਨ ਦੌਰਾਨ ਉਹ ਧੀਰਜ ਬਣਾਏ ਰੱਖਣ। 

ਇਸ ਦੌਰਾਨ ਸੁਖਬੀਰ ਬਾਦਲ ਨੂੰ ਸਵਾਲ ਪੁੱਛਦੇ ਹੋਏ ਉਨ੍ਹਾਂ ਕਿਹਾ ਕਿ ਦੇਸ਼ 'ਚ ਕਈ ਵਾਰ ਭਾਜਪਾ ਸਰਕਾਰ ਰਹਿ ਚੁੱਕੀ ਹੈ, ਉਦੋਂ ਅਕਾਲੀ ਦਲ ਨੇ 1984 ਦੇ ਦੰਗਿਆਂ 'ਚ ਦੋਸ਼ੀ ਲੋਕਾਂ ਨੂੰ ਸਜ਼ਾ ਕਿਉਂ ਨਹੀਂ ਦਿਵਾਈ। ਹੁਣ ਜਦੋਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਵਿਧਾਨ ਸਭਾ 'ਚ ਪੇਸ਼ ਕੀਤਾ ਜਾਣਾ ਹੈ ਤਾਂ ਅਕਾਲੀ ਦਲ ਅਤੇ ਉਸ ਦੇ ਨਾਲ ਜੁੜੇ ਲੋਕਾਂ 'ਚ ਬੌਖਲਾਹਟ ਸਾਫ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਅਕਾਲੀ ਦਲ ਹੁਣ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਹੋਰ ਸੂਬਿਆਂ 'ਚ ਕੰਮ ਕਰ ਰਿਹਾ ਹੈ, ਉਸ ਨਾਲ ਸਾਫ ਹੈ ਕਿ ਹੁਣ ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਪੰਜਾਬ 'ਚ ਉਨ੍ਹਾਂ ਦੀ ਦਾਲ ਨਹੀਂ ਗਲਣ ਵਾਲੀ। 

ਇਸ ਦੇ ਨਾਲ ਹੀ ਉਨ੍ਹਾਂ ਨੇ 'ਆਪ' ਦੇ ਸੀਨੀਅਰ ਨੇਤਾ ਐੱਚ. ਐੱਸ. ਫੂਲਕਾ ਨੂੰ ਵੀ ਅਪੀਲ ਕੀਤੀ ਕਿ ਜਿਸ ਤਰ੍ਹਾਂ ਨਾਲ ਉਨ੍ਹਾਂ ਨੇ 1984 ਦੇ ਦੰਗਿਆਂ ਦੇ ਮਾਮਲੇ 'ਚ ਪੂਰੀ ਪੈਰਵੀ ਕੀਤੀ ਹੈ, ਉਸੇ ਤਰ੍ਹਾਂ ਹੀ ਇਸ ਮਾਮਲੇ 'ਚ ਵੀ ਸਭ ਕੁਝ ਸਾਫ ਹੋ ਲੈਣ ਦੇਣ ਕਿਉਂਕਿ ਇਹ ਮਾਮਲਾ ਵੀ ਸਿੱਖਾਂ ਦੇ ਹਿੱਤਾਂ ਨਾਲ ਜੁੜਿਆ ਹੋਇਆ ਹੈ।