''ਕਾਲੇ ਚੋਗੇ'' ਪਾਉਣ ਵਾਲਿਆਂ ਨੂੰ ''ਧਾਰੀਦਾਰ ਚੋਗੇ'' ਪਾਵਾਂਗੇ : ਜਾਖੜ

06/27/2017 12:54:05 AM

ਪਟਿਆਲਾ(ਬਲਜਿੰਦਰ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ 'ਕਾਲੇ ਚੋਗੇ' ਪਾ ਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਵਾਲਿਆਂ ਨੂੰ 'ਧਾਰੀਦਾਰ ਚੋਗੇ' ਪਾਵਾਂਗੇ। ਉਹ ਇਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਦੀ ਸਰਪ੍ਰਸਤੀ ਵਾਲੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਐਂਟੀ-ਨਾਰਕੋਟਿਕ ਸੈੱਲ ਦੇ ਸੂਬਾ ਚੇਅਰਮੈਨ ਰਣਜੀਤ ਸਿੰਘ ਨਿੱਕੜਾ ਦੀ ਅਗਵਾਈ ਹੇਠ 'ਐਂਟੀ-ਡਰੱਗ ਡੇ' ਮੌਕੇ ਕਰਵਾਏ ਗਏ ਸੂਬਾ ਪੱਧਰੀ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਡਰੱਗ ਮਾਫੀਆ ਨੂੰ ਹਰ ਹਾਲ ਜੜ੍ਹੋਂ ਪੁੱਟ ਕੇ ਸੁੱਟ ਦਿਆਂਗੇ। ਸ਼੍ਰੀ ਜਾਖੜ ਨੇ ਐਂਟੀ-ਨਾਰਕੋਟਿਕ ਸੈੱਲ ਦੇ ਚੇਅਰਮੈਨ ਰਣਜੀਤ ਸਿੰਘ ਨਿੱਕੜਾ ਦੀ ਖੁੱਲ੍ਹ ਕੇ ਸ਼ਲਾਘਾ ਕਰਦਿਆਂ ਕਿਹਾ ਸੈੱਲ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਘੱਟ ਹੈ। ਐਂਟੀ-ਨਾਰਕੋਟਿਕ ਸੈੱਲ ਦੇ ਚੇਅਰਮੈਨ ਰਣਜੀਤ ਸਿੰਘ ਨਿੱਕੜਾ ਨੇ ਕਿਹਾ ਕਿ ਸੈੱਲ ਵੱਲੋਂ ਪਿਛਲੇ 3 ਮਹੀÎਨਿਆਂ ਵਿਚ ਦਿਨ-ਰਾਤ ਇੱਕ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ 'ਨਸ਼ਾ-ਮੁਕਤ ਪੰਜਾਬ' ਦੀ ਸਿਰਜਣਾ ਵਿਚ ਯੋਗਦਾਨ ਪਾਇਆ ਹੈ। ਇਸ ਦੇ ਲਈ ਸੈਮੀਨਾਰਾਂ-ਮੀਟਿੰਗਾਂ ਦਾ ਆਯੋਜਨ ਕਰ ਕੇ ਨਸ਼ਿਆਂ ਖਿਲਾਫ ਮੁਹਿੰਮ ਵਿੱਢੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਉਨ੍ਹਾਂ ਦੀ ਟੀਮ ਦੇ ਸਿਰ 'ਤੇ ਜਿਹੜਾ ਹੱਥ ਰੱਖਿਆ ਗਿਆ ਹੈ, ਉਸ ਤੋਂ ਸ਼ਕਤੀ ਪ੍ਰਾਪਤ ਕਰ ਕੇ ਉਨ੍ਹਾਂ ਦੀ ਸਮੁੱਚੀ ਟੀਮ 'ਨਸ਼ਾ-ਮੁਕਤ ਪੰਜਾਬ' ਦੀ ਸਿਰਜਣਾ ਤੱਕ ਟਿਕ ਕੇ ਨਹੀਂ ਬੈਠੇਗੀ। ਚੇਅਰਮੈਨ ਨਿੱਕੜਾ ਨੇ ਇਸ ਮੌਕੇ ਸੈੱਲ ਦੇ ਇਸਤਰੀ ਵਿੰਗ ਦੇ ਗਠਨ ਦਾ ਵੀ ਐਲਾਨ ਕੀਤਾ। ਇਸ ਦੌਰਾਨ ਸੈੱਲ ਦੇ ਬਿਹਤਰੀਨ ਕੰਮ ਕਰਨ ਵਾਲੇ ਅਹੁਦੇਦਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਸੈਮੀਨਾਰ ਨੂੰ ਵਿਧਾਇਕ ਹਰਦਿਆਲ ਸਿੰਘ ਕੰਬੋਜ, ਵਿਧਾਇਕ ਮਦਨ ਲਾਲ ਜਲਾਲਪੁਰ, ਚੇਅਰਮੈਨ ਕੇ. ਕੇ. ਸ਼ਰਮਾ, ਸੰਜੀਵ ਬਿੱਟੂ, ਗੁਰਸ਼ਰਨ ਕੌਰ ਰੰਧਾਵਾ, ਪ੍ਰਧਾਨ ਪ੍ਰੇਮ ਕ੍ਰਿਸ਼ਨ ਪੁਰੀ, ਯੋਗਿੰਦਰ ਯੋਗੀ, ਕੇ. ਕੇ. ਮਲਹੋਤਰਾ, ਟੋਨੀ ਗੋਇਲ, ਨਰੇਸ਼ ਦੁੱਗਲ, ਮੈਡਮ ਕਿਰਨ, ਹਰੀਸ਼ ਨਾਗਪਾਲ ਗਿੰਨੀ ਤੇ ਓ. ਐੈੱਸ. ਡੀ. ਹਨੀ ਸੇਖੋਂ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਹਰਿੰਦਰ ਖਾਲਸਾ, ਦਿਨੇਸ਼ ਮਲਹੋਤਰਾ, ਗੁਲਸ਼ਨ ਕੁਮਾਰ, ਰਾਜਨਦੀਪ ਮੱਕੜ, ਦਿਲਬਾਗ ਸਿੰਘ, ਨਰਿੰਦਰ ਸਿੰਘ ਧਨੋਆ, ਹਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਹਰਪ੍ਰੀਤ ਵਾਹੀ, ਮਨਜੋਤ ਸਿੰਘ, ਹਰਮਿੰਦਰ ਸੰਧੂ, ਦੀਪਇੰਦਰ ਦਿਓਲ, ਗੁਰਦੇਵ ਸਿੰਘ ਸਮਾਣਾ, ਜਤਿੰਦਰਪਾਲ ਫੌਜੀ, ਗੁਰਬਚਨ ਸਿੰਘ ਤੇ ਰਜਨੀਸ਼ ਕਾਲਾ ਭਿੱਖੀ ਆਦਿ ਸਮੇਤ ਸਮੁੱਚੇ ਜ਼ਿਲਿਆਂ ਦੇ ਚੇਅਰਮੈਨ ਅਤੇ ਅਹੁਦੇਦਾਰ ਹਾਜ਼ਰ ਸਨ।