ਬਰਗਾੜੀ ਕਾਂਡ ਦੇ ਦੋਸ਼ੀ ਜਲਦ ਹੋਣਗੇ ਬੇਨਕਾਬ, ਹੋਵੇਗੀ ਸਖ਼ਤ ਕਾਰਵਾਈ : ਜਾਖੜ

03/21/2021 10:11:03 AM

ਗੋਰਾਇਆ (ਜ. ਬ.)- ਪਦਮ ਵਿਭੂਸ਼ਨ ਸ਼੍ਰੋਮਣੀ ਵੈਦ ਬ੍ਰਹਿਸਪਤੀ ਦੇਵ ਤ੍ਰਿਗੁਣਾ ਜੀ ਦੇ ਨਾਂ ’ਤੇ ਬੜਾ ਪਿੰਡ ਵਿਖੇ ਨਵੀਂ ਖੋਲ੍ਹੀ ਗਈ ਆਯੁਰਵੈਦਿਕ ਡਿਸਪੈਂਸਰੀ ਦਾ ਉਦਘਾਟਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਕੀਤਾ ਗਿਆ। ਦਿੱਲੀ ਵਿਖੇ ਰਹਿੰਦੇ ਵੈਦ ਬ੍ਰਹਿਸਪਤੀ ਦੇਵ ਤ੍ਰਿਗੁਣਾ ਜੀ ਦੇ ਪਰਿਵਾਰ ਵੱਲੋਂ ਇਥੇ ਆਪਣੇ ਜੱਦੀ ਘਰ ਨੂੰ ਇਸ ਡਿਸਪੈਂਸਰੀ ਲਈ ਦਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਐਲਾਨ, ਪੁਲਸ ਮਹਿਕਮੇ ’ਚ 10 ਹਜ਼ਾਰ ਮੁਲਾਜ਼ਮਾਂ ਦੀ ਕਰੇਗੀ ਨਵੀਂ ਭਰਤੀ

ਇਸ ਮੌਕੇ ਸੰਬੋਧਨ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਅੱਜ ਪ੍ਰਾਈਵੇਟ ਹਸਪਤਾਲਾਂ ’ਚ ਇਲਾਜ ਕਰਵਾਉਣਾ ਆਮ ਲੋਕਾਂ ਲਈ ਮਹਿੰਗਾ ਹੋ ਗਿਆ ਹੈ। ਇਸ ਲਈ ਅਜਿਹੇ ਪੁਰਾਤਨ ਇਲਾਜ ਵਾਲੀ ਡਿਸਪੈਂਸਰੀ ਪਿੰਡ ਅੰਦਰ ਖੋਲ੍ਹਣਾ ਇਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਨੇ ਵਿਦੇਸ਼ਾਂ ’ਚ ਵੱਸਦੇ ਪ੍ਰਵਾਸੀ ਭਾਰਤੀਆਂ ਦੀ ਸਿਫ਼ਤ ਕਰਦੇ ਹੋਏ ਕਿਹਾ ਕਿ ਦੋਆਬੇ ਦੇ ਲੋਕ ਵਿਦੇਸ਼ਾਂ ’ਚ ਰਹਿ ਕੇ ਵੀ ਆਪਣੇ ਪਿੰਡਾਂ ਦੇ ਵਿਕਾਸ ਅਤੇ ਲੋਕਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਹਨ।

ਇਹ ਵੀ ਪੜ੍ਹੋ :  ਜਲੰਧਰ ਆਉਣ ਵਾਲੇ ਸੈਲਾਨੀ ਜ਼ਰੂਰ ਘੁੰਮਣ ਇਹ ਮਸ਼ਹੂਰ ਸਥਾਨ, ਜੋ ਰੱਖਦੇ ਨੇ ਆਪਣੀ ਵਿਸ਼ੇਸ਼ ਮਹੱਤਤਾ

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਉਮੀਦਵਾਰ ਐਲਾਨੇ ਜਾਣ ਦੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸੂਬੇ ਦੇ ਲੋਕਾਂ ਨੂੰ ਇਹ ਦੱਸੇ ਕਿ ਨਵੇਂ ਖੇਤੀ ਕਾਨੂੰਨ ਪਾਸ ਕਰਵਾਉਣ ’ਚ ਸ਼੍ਰੋਮਣੀ ਅਕਾਲੀ ਦਲ (ਬ) ਦਾ ਅਹਿਮ ਰੋਲ ਕਿਉਂ ਰਿਹਾ ਹੈ। ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਨਵੇਂ ਖੇਤੀ ਕਾਨੂੰਨਾਂ ’ਤੇ ਸਹਿਮਤੀ ਕਿਉਂ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਪੰਥ ਦੀ ਪਿੱਠ ’ਚ ਛੁਰਾ ਮਾਰਿਆ, ਹੁਣ ਕਿਸਾਨਾਂ ਨੂੰ ਸੜਕਾਂ ’ਤੇ ਰਾਤਾਂ ਕੱਟਣ ਲਈ ਮਜ਼ਬੂਰ ਕਰ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਬਰਗਾੜੀ ਕਾਂਡ ਦੇ ਦੋਸ਼ੀ ਜਲਦ ਬੇਨਕਾਬ ਹੋਣਗੇ, ਜਿਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਹੇਮਰਾਜ ਸ਼ਰਮਾ, ਵੈਦ ਦੇਵੇਂਦਰ ਤ੍ਰਿਗੁਣਾ ਪਦਮਭੂਸ਼ਣ, ਰਤਨੇਸ਼ ਸ਼ਰਮਾ, ਅਨਿਲ ਭਾਰਦਵਾਜ, ਹਰਫੂਲ ਸੂਦ, ਸਰਵਣ ਸਿੰਘ ਸਾਬਕਾ ਸਰਪੰਚ, ਰਾਜੇਸ਼ ਕੁਮਾਰ, ਕਮਲ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ : ਕੋਰੋਨਾ ਦੇ ਮੱਦੇਨਜ਼ਰ ਜਲੰਧਰ ਪ੍ਰਸ਼ਾਸਨ ਹੋਇਆ ਸਖ਼ਤ, ਇਹ ਇਲਾਕੇ ਐਲਾਨੇ ਮਾਈਕ੍ਰੋ ਕੰਟੇਨਮੈਂਟ ਜ਼ੋਨ

shivani attri

This news is Content Editor shivani attri