ਸੁਨੀਲ ਜਾਖੜ ਦੀ ਜਿੱਤ 2019 ਦੀਆਂ ਚੋਣਾਂ ਤੋਂ ਪਹਿਲਾਂ ਲਈ ਮੀਲ ਪੱਥਰ : ਸਿਡਾਨਾ

10/15/2017 2:15:31 PM

ਜਲਾਲਾਬਾਦ (ਸੇਤੀਆ) : ਗੁਰਦਾਸਪੁਰ ਦੇ ਲੋਕਾਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ 'ਚ ਫਤਵਾ ਦੇ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਤੇ ਜ਼ਬਰਨ ਲਾਗੂ ਕੀਤੇ ਗਏ ਕਾਨੂੰਨ ਤੋਂ ਉਹ ਕਿੰਨੇ ਪ੍ਰੇਸ਼ਾਨ ਹਨ ਅਤੇ ਇਹ ਹੀ ਕਾਰਣ ਹੈ ਕਿ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਉਮੀਦਵਾਰ ਸੁਨੀਲ ਕੁਮਾਰ ਜਾਖੜ ਵੱਡੇ ਅੰਤਰ ਨਾਲ ਚੋਣ ਜਿੱਤਣ ਵਿਚ ਕਾਮਯਾਬ ਹੋਏ ਹਨ। ਇਹ ਵਿਚਾਰ ਕਾਂਗਰਸ ਬੁੱਧੀਜੀਵੀ ਸੈੱਲ ਦੇ ਸੂਬਾ ਚੇਅਰਮੈਨ ਅਨੀਸ਼ ਸਿਡਾਨਾ ਨੇ ਆਪਣੇ ਸਮਰਥਕਾਂ ਨਾਲ ਖੁਸ਼ੀ ਪ੍ਰਗਟ ਕਰਦੇ ਹੋਏ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਸੂਬਾ ਸਪੋਕਸਮੈਨ ਰਾਜ ਬਖਸ਼ ਕੰਬੋਜ, ਸ਼ਹਿਰੀ ਪ੍ਰਧਾਨ ਦਰਸ਼ਨ ਵਾਟਸ, ਆੜ੍ਹਤੀਆ ਯੂਨੀਅਨ ਦੇ ਪ੍ਰਧਾਨ ਜਰਨੈਲ ਸਿੰਘ ਮੁਖੀਜਾ, ਚੰਦਰ ਪ੍ਰਕਾਸ਼, ਸ਼ਾਮ ਸੁੰਦਰ ਮੈਣੀ, ਨਰਿੰਦਰ ਸਿੰਘ ਨਨੂੰ ਕੁੱਕੜ ਅਤੇ ਸਵੀਟਾ ਨਾਗਪਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਮਰਥਕ ਮੌਜੂਦ ਸਨ।
ਸਿਡਾਨਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀ 6 ਮਹੀਨਿਆਂ ਦੀ ਕਾਰਗੁਜ਼ਾਰੀ ਦੀ ਲੋਕ ਸ਼ਲਾਘਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਛੋਟੇ ਵਪਾਰੀਆਂ ਤੇ ਕਿਸਾਨਾਂ 'ਚ ਨੋਟਬੰਦੀ ਅਤੇ ਜੀ. ਐੱਸ. ਟੀ. ਨੂੰ ਲੈ ਕੇ ਭਾਜਪਾ ਦੇ ਪ੍ਰਤੀ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਦੀ ਜਿੱਤ 2019 ਵਿਚ ਰਾਹੁਲ ਗਾਂਧੀ ਦੀ ਅਗਵਾਈ ਹੇਠ ਲੋਕ ਸਭਾ ਚੋਣਾਂ ਦਾ ਆਧਾਰ ਬਣੇਗੀ ਅਤੇ ਕਾਂਗਰਸ ਪਾਰਟੀ ਵੱਡੇ ਅੰਤਰ ਨਾਲ ਫਿਰ ਕੇਂਦਰ ਵਿਚ ਸਰਕਾਰ ਬਣਾਏਗੀ।