ਕੇਂਦਰ ਅੰਦਰ ਹੰਕਾਰ ਦਾ ਵਾਇਰਸ ਲੋਕਰਾਜ ਲਈ ਸਭ ਤੋਂ ਵੱਡਾ ਖਤਰਾ : ਜਾਖੜ

12/08/2020 6:35:03 PM

ਜਲੰਧਰ,(ਧਵਨ)–ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨਾਂ ਵਲੋਂ ਆਯੋਜਿਤ ਕੀਤੇ ਗਏ ਭਾਰਤ ਬੰਦ ਨੂੰ ਵੇਖਦਿਆਂ ਮੰਗਲਵਾਰ ਸੂਬਾਈ ਕਾਂਗਰਸ ਵਲੋਂ ਮੋਹਾਲੀ ਦੇ ਲਾਂਡਰਾ ਚੌਕ ਵਿਖੇ ਦਿੱਤੇ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਸੱਤਾਧਾਰੀਆਂ ਵਿਚ ਹੰਕਾਰ ਦਾ ਵਾਇਰਸ ਭਰਿਆ ਹੋਇਆ ਹੈ। ਇਹ ਲੋਕਰਾਜ ਲਈ ਸਭ ਤੋਂ ਵੱਡਾ ਖਤਰਾ ਬਣ ਕੇ ਉਭਰਿਆ ਹੈ। ਉਨ੍ਹਾਂ ਕਿਹਾ ਕਿ ਲੋਕਰਾਜ ਦਾ ਆਧਾਰ ਲੋਕਾਂ ਦੀ ਸਰਕਾਰ ਹੀ ਹੁੰਦੀ ਹੈ। ਇਹ ਲੋਕਾਂ ਵਲੋਂ ਚੁਣੀ ਗਈ ਹੁੰਦੀ ਹੈ ਅਤੇ ਇਸ ਨੂੰ ਲੋਕਾਂ ਦੀਆਂ ਇੱਛਾਵਾਂ ਤੇ ਲੋੜਾਂ ਮੁਤਾਬਕ ਕੰਮ ਕਰਨਾ ਹੁੰਦਾ ਹੈ।

ਇਹ ਵੀ ਪੜ੍ਹੋ :  ਕੋਰੋਨਾ ਦੇ ਡਰ ਤੋਂ ਪਤੀ ਨੇ ਬਣਾਈ ਦੂਰੀ, ਹੁਣ ਕੋਰਟ 'ਚ ਦੇਣਾ ਪਿਆ ਇਹ ਸਬੂਤ

ਇਸ ਸਮੇਂ ਦਿੱਲੀ ਵਿਚ ਭਾਜਪਾ ਦੀ ਜਿਹੜੀ ਸਰਕਾਰ ਸੱਤਾ ਵਿਚ ਹੈ, ਨੂੰ ਚੁਣਿਆ ਤਾਂ ਲੋਕਾਂ ਨੇ ਹੀ ਸੀ ਪਰ ਉਹ ਲੋਕ ਹਿੱਤਾਂ ਨੂੰ ਲਾਂਭੇ ਕਰ ਕੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਪੂਰਤੀ ਕਰਨ 'ਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਲੋਕ ਕ੍ਰਾਂਤੀ ਦਾ ਦੂਜਾ ਨਾਂ ਹਨ। ਪੰਜਾਬ ਦੇ ਕਿਸਾਨਾਂ ਨੇ ਪੂਰੇ ਦੇਸ਼ ਵਿਚ ਕਿਸਾਨਾਂ ਅੰਦਰ ਇਕ ਅਲਖ ਜਗਾਈ ਹੈ। ਉਨ੍ਹਾਂ ਪੰਜਾਬੀਆਂ ਨੂੰ ਅੱਤਵਾਦੀ ਦੱਸਣ ਵਾਲਿਆਂ ਨੂੰ ਯਾਦ ਕਰਵਾਇਆ ਕਿ ਦੇਸ਼ ਦਾ ਪੇਟ ਭਰਨ ਵਾਲੇ ਕਿਸਾਨ ਜਿੱਥੇ ਇਕ ਪਾਸੇ ਦਿੱਲੀ ਜਾ ਕੇ ਸੰਘਰਸ਼ ਕਰ ਰਹੇ ਹਨ, ਉੱਥੇ ਦੂਜੇ ਪਾਸੇ ਉਨ੍ਹਾਂ ਦੇ ਪੁੱਤਰ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ 'ਚ ਡਟੇ ਹੋਏ ਹਨ।

ਇਹ ਵੀ ਪੜ੍ਹੋ:  ਮੁਅੱਤਲ ਪੁਲਸ ਮੁਲਾਜ਼ਮ ਨੇ ਖੇਡੀ ਖੂਨੀ ਖੇਡ, ਮੌਤ ਦੇ ਘਾਟ ਉਤਾਰੇ ਪਤਨੀ ਤੇ ਪੁੱਤਰ

ਜਾਖੜ ਨੇ ਕਿਹਾ ਕਿ ਭਾਜਪਾਈਆਂ ਨੇ ਜੇ ਪੰਜਾਬੀਆਂ ਦਾ ਇਤਿਹਾਸ ਪੜ੍ਹਿਆ ਹੁੰਦਾ ਤਾਂ ਸ਼ਾਇਦ ਕਿਸੇ ਤਰ੍ਹਾਂ ਦੀ ਗਲਤ ਟਿੱਪਣੀ ਨਾ ਕਰਦੇ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਸ ਮੌਕੇ ਕਿਹਾ ਕਿ ਪੰਜਾਬ ਦਾ ਕਿਸਾਨ ਪੂਰੇ ਦੇਸ਼ ਦੀ ਲੜਾਈ ਲੜ ਰਿਹਾ ਹੈ। ਕਾਲੇ ਕਾਨੂੰਨ ਲਾਗੂ ਹੋਏ ਤਾਂ ਨਾ ਸਿਰਫ ਕਿਸਾਨ ਸਗੋਂ ਸਮਾਜ ਦਾ ਹਰ ਵਰਗ ਇਸ ਤੋਂ ਪ੍ਰਭਾਵਿਤ ਹੋਵੇਗਾ। ਖੇਤੀਬਾੜੀ ਦਾ ਵਪਾਰੀਕਰਨ ਸਹਿਣ ਨਹੀਂ ਕੀਤਾ ਜਾਵੇਗਾ। ਖੇਤੀਬਾੜੀ ਨੂੰ ਕਾਰਪੋਰੇਟ ਘਰਾਣਿਆਂ ਦੇ ਸਹਾਰੇ ਨਹੀਂ ਛੱਡਿਆ ਜਾ ਸਕਦਾ।

ਨੋਟ : ਇਸ ਖਬਰ ਬਾਰੇ ਤੁਹਾਡੀ ਕੀ ਰਾਏ ਹੈ? ਕੁਮੈਂਟ 'ਚ ਦਿਓ ਆਪਣਾ ਜਵਾਬ

Deepak Kumar

This news is Content Editor Deepak Kumar