ਮੰਤਰੀ ਅਰੋੜਾ ਨੇ 66 ਕੇ. ਵੀ. ਸਬ-ਸਟੇਸ਼ਨ ਮਾਲ ਰੋਡ ਜਨਤਾ ਨੂੰ ਕੀਤਾ ਸਮਰਪਿਤ

05/25/2020 10:13:00 AM

ਹੁਸ਼ਿਆਰਪੁਰ (ਘੁੰਮਣ)— ਉਦਯੋਗ ਅਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਹੁਸ਼ਿਆਰਪੁਰ ਵਾਸੀਆਂ ਨੂੰ ਗਰਮੀਆਂ ਦੇ ਇਸ ਸੀਜ਼ਨ 'ਚ ਇਕ ਸ਼ਾਨਦਾਰ ਤੋਹਫਾ ਦਿੱਤਾ ਹੈ। ਉਨ੍ਹਾਂ ਐਤਵਾਰ ਸ਼ਹਿਰ ਵਾਸੀਆਂ ਦੀ ਸੁਵਿਧਾ ਨੂੰ ਧਿਆਨ 'ਚ ਰੱਖਦੇ ਹੋਏ 66 ਕੇ. ਵੀ. 12.5 ਐੱਮ. ਵੀ. ਏ. ਸਬ-ਸਟੇਸ਼ਨ ਮਾਲ ਰੋਡ ਹੁਸ਼ਿਆਰਪੁਰ ਜਨਤਾ ਨੂੰ ਸਮਰਪਿਤ ਕਰ ਦਿੱਤਾ ਹੈ। ਇਸ ਦੇ ਸ਼ੁਰੂ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਜਿੱਥੇ ਗਰਮੀਆਂ 'ਚ ਹੁਣ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ, ਉਥੇ ਹੀ ਇਸ ਦੇ ਨਾਲ ਲੱਗਦੇ ਇਲਾਕਿਆਂ 'ਚ ਨਵੇਂ ਉਦਯੋਗਾਂ ਨੂੰ ਬਿਜਲੀ ਕੁਨੈਕਸ਼ਨ ਤੁਰੰਤ ਦਿੱਤੇ ਜਾ ਸਕਣਗੇ, ਜਿਸ ਨਾਲ ਇਲਾਕੇ ਦੀ ਤਰੱਕੀ ਵੀ ਹੋਵੇਗੀ।

ਕੈਬਨਿਟ ਮੰਤਰੀ ਅਰੋੜਾ ਨੇ ਕਿਹਾ ਇਹ ਸਬ-ਸਟੇਸ਼ਨ ਬਣਨ ਨਾਲ ਹੁਸ਼ਿਆਰਪੁਰ ਪੰਜਾਬ ਦਾ ਪਹਿਲਾ ਸ਼ਹਿਰ ਬਣ ਗਿਆ ਹੈ, ਜਿਸ 'ਚ ਕਰੀਬ 22 ਕਰੋੜ ਦੀ ਲਾਗਤ ਨਾਲ 66 ਕੇ.ਵੀ. ਅੰਡਰ ਗਰਾਊਂਡ ਕੇਬਲ ਪਾ ਕੇ ਰਿੰਗ ਮੇਨ ਸਿਸਟਮ ਚਾਲੂ ਕਰਕੇ ਚਾਰ ਬਿਜਲੀ ਘਰਾਂ 66 ਕੇ. ਵੀ. ਮਾਲ ਰੋਡ ਸਬ-ਸਟੇਸ਼ਨ, 66 ਕੇ.ਵੀ. ਗਊਸ਼ਾਲਾ ਬਾਜ਼ਾਰ ਸਬ-ਸਟੇਸ਼ਨ, 66 ਕੇ.ਵੀ. ਸਰਕਲ ਆਫਿਸ ਸਬ-ਸਟੇਸ਼ਨ ਅਤੇ 66 ਕੇ.ਵੀ. ਸਾਧੂ ਆਸ਼ਰਮ ਸਬ-ਸਟੇਸ਼ਨ ਨੂੰ ਆਪਸ 'ਚ ਜੋੜਿਆ ਗਿਆ ਹੈ, ਤਾਂ ਜੋ ਕਿਸੇ ਵੀ ਸਬ-ਸਟੇਸ਼ਨ 'ਤੇ ਖਰਾਬੀ ਆਉਣ 'ਤੇ ਸਪਲਾਈ ਦੂਜੇ ਪਾਸਿਓਂ ਚਲਾਈ ਜਾ ਸਕੇ ਅਤੇ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਸਕੇ।

ਅਰੋੜਾ ਨੇ ਕਿਹਾ ਕਿ ਇਸ ਸਬ-ਸਟੇਸ਼ਨ ਦੇ ਸ਼ੁਰੂ ਹੋਣ ਨਾਲ ਹੁਸ਼ਿਆਰਪੁਰ ਸ਼ਹਿਰ ਦੇ 56,155 ਖਪਤਕਾਰਾਂ, ਦੁਕਾਨਦਾਰਾਂ, ਵਪਾਰਕ ਸੰਸਥਾਵਾਂ ਨੂੰ ਵਧੀਆ ਬਿਜਲੀ ਸਪਲਾਈ ਮਿਲੇਗੀ ਅਤੇ ਫਾਲਟ ਆਉਣ 'ਤੇ ਫੀਡਰ ਨਵੇਂ ਅਤੇ ਛੋਟੇ ਹੋਣ ਕਾਰਨ ਸਪਲਾਈ ਤੁਰੰਤ ਬਹਾਲ ਕੀਤੀ ਜਾ ਸਕੇਗੀ। ਇਸ ਦੌਰਾਨ ਉਨ੍ਹਾਂ ਪੰਜਾਬ ਪਾਵਰ ਕਾਰਪੋਰੇਸ਼ਨ ਦੇ ਸੀ. ਐੱਮ. ਡੀ. ਇੰਜੀਨੀਅਰ ਬਲਦੇਵ ਸਰਾਂ, ਉਨ੍ਹਾਂ ਦੀ ਪੂਰੀ ਟੀਮ ਅਤੇ ਨਿਰਮਾਣ ਸੰਸਥਾ ਗਰਿੱਡ ਦਾ ਧੰਨਵਾਦ ਕੀਤਾ, ਜਿਨ੍ਹਾਂ ਦਿਨ-ਰਾਤ ਮਿਹਨਤ ਕਰਕੇ ਇਸ ਗਰਮੀ ਦੇ ਸੀਜ਼ਨ ਵਿਚ ਇਹ ਅੰਡਰ ਗਰਾਉਂਡ 66 ਕੇ.ਵੀ. ਸਿਸਟਮ, ਬਿਜਲੀ ਘਰ ਅਤੇ ਇਲਾਕੇ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਪੂਰਾ ਕਰਵਾਇਆ।

ਪਾਵਰ ਕਾਰਪੋਰੇਸ਼ਨ ਹੁਸ਼ਿਆਰਪੁਰ ਦੇ ਐੱਸ. ਈ. ਪੀ. ਐੱਸ. ਖਾਂਬਾ ਨੇ ਦੱਸਿਆ ਕਿ ਇਸ ਸਬ ਸਟੇਸ਼ਨ ਦੇ ਚਾਲੂ ਹੋਣ ਤੋਂ ਪਹਿਲਾਂ ਕਰੀਬ 22,500 ਖਪਤਕਾਰ ਨੂੰ ਇਕ ਫੀਡਰ ਰਾਹੀਂ 66 ਕੇ.ਵੀ. ਸਾਧੂ ਆਸ਼ਰਮ ਤੋਂ ਸਪਲਾਈ ਮਿਲਦੀ ਸੀ ਅਤੇ ਖਰਾਬੀ ਆਉਣ ਜਾਂ ਬੰਦ ਹੋਣ 'ਤੇ ਕਰੀਬ ਅੱਧੇ ਹੁਸ਼ਿਆਰਪੁਰ ਦੀ ਬਿਜਲੀ ਬੰਦ ਹੋ ਜਾਂਦੀ ਸੀ, ਪਰ ਇਸ ਬਿਜਲੀ ਘਰ ਤੋਂ 5 ਨਵੇਂ ਫੀਡਰ ਚਾਲੂ ਕੀਤੇ ਗਏ ਹਨ, ਜਿਸ ਨਾਲ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਮਿਲੇਗੀ। ਇਸ ਮੌਕੇ ਐਕਸੀਅਨ ਸਿਟੀ ਇੰਜੀ. ਮਨਰੂਪ ਸਿੰਘ, ਐਕਸੀਅਨ ਸਬ-ਸਟੇਸ਼ਨ ਇੰਜੀ. ਜਸਵਿੰਦਰ ਸਿੰਘ ਵਿਰਦੀ, ਪਾਵਰ ਕਾਰਪੋਰੇਸ਼ਨ ਦੇ ਹੋਰ ਅਧਿਕਾਰੀਆਂ ਤੋਂ ਇਲਾਵਾ ਸ਼ਾਦੀ ਲਾਲ, ਸੁਰਿੰਦਰ ਪਾਲ ਸਿੱਧੂ, ਦੀਪਕ ਪੁਰੀ, ਗੁਲਸ਼ਨ ਰਾਏ ਵੀ ਮੌਜੂਦ ਸਨ।


shivani attri

Content Editor

Related News