ਸਨ ਸਕੈਨ ਸੈਂਟਰ ''ਚ ਹੋ ਰਹੇ ਸਨ ਲਿੰਗ ਨਿਰਧਾਰਨ ਟੈਸਟ, ਰੇਕੀ ਕਰਕੇ ਮਾਰਿਆ ਛਾਪਾ  (ਵੀਡੀਓ)

11/15/2018 2:11:43 PM

ਗੜ੍ਹਸ਼ੰਕਰ (ਸ਼ੋਰੀ)— ਗੜਸ਼ੰਕਰ-ਬੰਗਾ ਰੋਡ 'ਤੇ ਸਥਿਤ ਗੈਰ-ਕਾਨੂੰਨੀ ਤੌਰ 'ਤੇ ਲਿੰਗ ਨਿਰਧਾਰਨ ਟੈਸਟ ਕਰਦੇ ਹਸਪਤਾਲ ਦੇ ਪ੍ਰਮੁੱਖ ਡਾ. ਜਾਵੇਦ ਆਲਮ ਨੂੰ ਚੰਡੀਗਡ੍ਹ ਤੋਂ ਆਈ ਟੀਮ ਨੇ ਰੰਗੇ ਹੱਥੀਂ ਕਾਬੂ ਕਰ ਲਿਆ। ਕਾਰਵਾਈ 'ਚ ਚੰਡੀਗੜ੍ਹ ਦੀ ਟੀਮ ਦੇ ਨਾਲ ਹੁਸ਼ਿਆਰਪੁਰ ਸਿਹਤ ਟੀਮ ਵੀ ਸੀ। ਟੀਮ ਨੇ ਗਰਭਵਤੀ ਮਹਿਲਾ ਨੂੰ ਗਾਹਕ ਬਣਾ ਕੇ ਭੇਜ ਕੇ ਛਾਪਾ ਮਾਰਿਆ। ਮਿਲੀ ਜਾਣਕਾਰੀ ਮੁਤਾਬਕ ਸਿਹਤ ਵਿਭਾਗ ਪੰਜਾਬ ਚੰਡੀਗੜ੍ਹ ਦੀ ਪੀ. ਐੱਨ. ਡੀ. ਟੀ. ਸ਼ਾਖਾ ਤੋਂ ਡਾ. ਰਾਜੇਸ਼ ਭਾਸਕਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਰੇਣੂ ਸੂਦ ਦੀ ਅਗਵਾਈ 'ਚ ਇਕ ਟੀਮ ਨੇ ਸਨ ਸਕੈਨ ਸੈਂਟਰ 'ਚ ਪਹਿਲਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਛਾਪੇਮਾਰੀ ਕਰਕੇ ਲਿੰਗ ਨਿਰਧਾਰਨ ਟੈਸਟ ਕਰਨ ਦੇ ਦੋਸ਼ 'ਚ ਇਸ ਸਕੈਨ ਸੈਂਟਰ ਨੂੰ ਸੀਲ ਕਰ ਦਿੱਤਾ ਅਤੇ ਪੀ.ਐੱਨ. ਡੀ. ਟੀ. ਐਕਟ ਅਧੀਨ ਕਾਰਵਾਈ ਆਰੰਭ ਦਿੱਤੀ।


ਸਿਹਤ ਵਿਭਾਗ ਨੇ ਇਹ ਕਾਰਵਾਈ ਇਕ ਨਿੱਜੀ ਕੰਪਨੀ ਸਪੀਡ ਨੈੱਟਵਰਕ ਚੰਡੀਗੜ੍ਹ ਦੇ ਸਹਿਯੋਗ ਨਾਲ ਸਟਿੰਗ ਆਪਰੇਸ਼ਨ ਉਪਰੰਤ ਕੀਤੀ। ਸਪੀਡ ਨੈੱਟਵਰਕ ਕੰਪਨੀ ਦੇ ਡਾਇਰੈਕਟਰ ਰਮੇਸ਼ ਦੱਤ ਨੇ ਦੱਸਿਆ ਕਿ ਉਨ੍ਹਾਂ ਇਕ ਫਰਜ਼ੀ ਗਾਹਕ ਇਸ ਸਕੈਨ ਸੈਂਟਰ 'ਚ ਭੇਜਿਆ, ਜਿਸ ਦਾ ਇਸ ਸੈਂਟਰ ਦੇ ਡਾ. ਜਾਵੇਦ ਆਲਮ ਭੱਟੀ ਨੇ 20 ਹਜ਼ਾਰ ਰੁਪਏ 'ਚ ਲਿੰਗ ਨਿਰਧਾਰਨ ਟੈਸਟ ਕੀਤਾ ਅਤੇ ਆਪਣੇ ਰਜਿਸਟਰ 'ਚ ਮਰੀਜ਼ ਦੀ ਸਕੈਨ ਸਬੰਧੀ ਕੋਈ ਐਂਟਰੀ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪਹਿਲਾਂ ਤੋਂ ਕੀਤੀ ਤਿਆਰੀ ਅਤੇ ਮੁਸਤੈਦੀ ਦੀ ਬਦੌਲਤ ਸਬੰਧਤ ਡਾਕਟਰ ਨੂੰ ਸਕੈਨ ਰੂਮ 'ਚ ਫਰਜ਼ੀ ਮਰੀਜ਼ ਦੀ ਸਕੈਨ ਬੈੱਡ ਉੱਪਰ ਲਿਟਾ ਕੇ ਸਕੈਨ ਕਰਦਿਆਂ ਦੇਖਿਆ ਗਿਆ। ਰਜਿਸਟਰ ਉੱਪਰ ਐਂਟਰੀ ਨਾ ਹੋਣ ਅਤੇ ਫਰਜ਼ੀ ਮਰੀਜ਼ ਵੱਲੋਂ ਦਿੱਤੇ ਨੋਟ ਡਾਕਟਰ ਦੀ ਕੈਬਨਿਟ 'ਚੋਂ ਬਰਾਮਦ ਹੋਣ ਦੇ  ਬਾਵਜੂਦ ਉਸ ਵੱਲੋਂ ਕੋਈ ਤਸੱਲੀਬਖਸ਼ ਉੱਤਰ ਨਾ ਦੇਣ 'ਤੇ ਸਿਹਤ ਵਿਭਾਗ ਵੱਲੋਂ ਇਹ ਸਕੈਨ ਸੈਂਟਰ ਸੀਲ ਕਰਨ ਦੀ ਕਾਰਵਾਈ ਕੀਤੀ ਗਈ। ਜਾਵੇਦ ਆਲਮ ਨੇ ਮਹਿਲਾ ਕੋਲੋਂ 25 ਹਜ਼ਾਰ ਮੰਗੇ ਸਨ ਪਰ ਸੌਦਾ 20 ਹਜ਼ਾਰ 'ਚ ਤੈਅ ਹੋਇਆ ਸੀ। ਡਾਕਟਰ ਦੇ ਕੋਲ ਮਹਿਲਾ ਨੂੰ ਦਿੱਤੇ ਗਏ 20 ਹਜ਼ਾਰ ਰੁਪਏ ਵੀ ਬਰਾਮਦ ਕਰ ਲਏ ਹਨ। ਟੀਮ ਨੇ ਸਕੈਨਿੰਗ ਮਸ਼ੀਨ ਸੀਲ ਕਰ ਦਿੱਤੀ ਹੈ। ਰਮੇਸ਼ ਦੱਤ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਕੰਪਨੀ ਵੱਲੋਂ 15 ਦਿਨਾਂ ਤੋਂ ਹਸਪਤਾਲ ਦੀ ਰੇਕੀ ਕੀਤੀ ਜਾ ਰਹੀ ਸੀ ਅਤੇ ਹੁਣ ਸਭ ਕੁਝ ਫਾਈਨਲ ਹੋਣ ਤੋਂ ਬਾਅਦ ਹਸਪਤਾਲ 'ਚ ਛਾਪਾ ਮਾਰਿਆ ਗਿਆ। 
ਇਸ ਕਾਰਵਾਈ ਦੌਰਾਨ ਡਾ. ਰਾਜਵੀਰ ਰਾਜ ਜ਼ਿਲਾ ਫੈਮਿਲੀ ਪਲਾਨਿੰਗ ਅਧਿਕਾਰੀ ਅਤੇ ਡਾ. ਟੇਕ ਚੰਦ ਭਾਟੀਆ ਐੱਸ. ਐੱਮ. ਓ. ਗੜ੍ਹਸ਼ੰਕਰ ਵੀ ਹਾਜ਼ਰ ਸਨ। ਪੂਰੀ ਕਾਰਵਾਈ ਦੌਰਾਨ ਪੁਲਸ ਫੋਰਸ ਵੀ ਤਾਇਨਾਤ ਰਹੀ। ਸਿਹਤ ਵਿਭਾਗ ਵੱਲੋਂ ਇਸ ਸਕੈਨ ਸੈਂਟਰ ਦਾ ਰਿਕਾਰਡ ਅਤੇ ਸੀ. ਸੀ. ਟੀ. ਵੀ. ਕੈਮਰੇ ਦਾ ਡੀ. ਵੀ. ਆਰ. ਆਪਣੇ ਕਬਜ਼ੇ 'ਚ ਲੈ ਲਿਆ ਗਿਆ ਸੀ।

ਕੀ ਕਹਿਣਾ ਹੈ ਸਕੈਨ ਸੈਂਟਰ ਦੇ ਮਾਲਕ ਦਾ
ਸਕੈਨ ਸੈਂਟਰ ਦੇ ਡਾ. ਜਾਵੇਦ ਆਲਮ ਭੱਟੀ ਨੇ ਇਸ ਕਾਰਵਾਈ ਨੂੰ ਉਨ੍ਹਾਂ ਨੂੰ ਸਾਜ਼ਿਸ਼ ਤਹਿਤ ਫਸਾਉਣ ਵਾਲੀ ਕਿਹਾ ਅਤੇ ਦੱਸਿਆ ਕਿ ਮਰੀਜ਼ ਤੇਜ਼ ਦਰਦ ਹੋਣ ਦਾ ਹਵਾਲਾ ਦੇ ਰਿਹਾ ਸੀ। ਇਸੇ ਕਰਕੇ ਸਕੈਨਿੰਗ ਕਰਨ ਤੋਂ ਪਹਿਲਾਂ ਉਨ੍ਹਾਂ ਵੱਲੋਂ ਐਂਟਰੀ ਨਹੀਂ ਕੀਤੀ ਗਈ। ਉਨ੍ਹਾਂ ਮਰੀਜ਼ ਤੋਂ ਕੋਈ ਪੈਸੇ ਨਹੀਂ ਲਏ। ਉਕਤ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਵਾਲੇ ਹਨ।

shivani attri

This news is Content Editor shivani attri