ਸੂਰਜ ਦੀ ਗਰਮੀ ਨਾਲ ਤਾਪਮਾਨ ਵਧਿਆ

01/11/2020 5:37:50 PM

ਜਲੰਧਰ (ਰਾਹੁਲ) : ਸਵੇਰ ਦੇ ਸਮੇਂ ਕੁਝ ਬਾਹਰੀ ਇਲਾਕਿਆਂ 'ਚ ਛਾਈ ਧੁੰਦ ਤੋਂ ਬਾਅਦ ਸੂਰਜ ਨੇ ਆਮ ਦਿਨਾਂ ਮੁਕਾਬਲੇ ਕੁਝ ਜਲਦੀ ਅਤੇ ਲਗਭਗ ਖੁੱਲ੍ਹ ਕੇ ਦਰਸ਼ਨ ਦਿੱਤੇ, ਜਿਸ ਕਾਰਨ ਜਲੰਧਰ ਵਾਸੀਆਂ ਨੂੰ ਕੁਝ ਰਾਹਤ ਮਿਲੀ। ਸਕੂਲਾਂ, ਕਾਲਜਾਂ ਅਤੇ ਸਰਕਾਰੀ ਦਫਤਰਾਂ 'ਚ ਵੀ ਵਿਸ਼ੇਸ਼ ਚਹਿਲ-ਪਹਿਲ ਦੁਪਹਿਰ ਦੇ ਭੋਜਨ ਸਮੇਂ ਕੁਝ ਜ਼ਿਆਦਾ ਦੇਖਣ ਨੂੰ ਮਿਲੀ ਕਿਉਂਕਿ ਇਸ ਦੌਰਾਨ ਜ਼ਿਆਦਾਤਰ ਲੋਕਾਂ ਨੇ ਬੰਦ ਕਮਰੇ 'ਚ ਲੱਗੇ ਹੀਟਰ/ਬਲੋਅਰ ਦਾ ਤਿਆਗ ਕਰ ਕੇ ਖੁੱਲ੍ਹੇ 'ਚ ਧੁੱਪ ਸੇਕਦੇ ਹੋਏ ਗੱਲਾਂ ਕਰਨ ਜਾਂ ਮੂੰਗਫਲੀ ਆਦਿ ਖਾਣ ਨੂੰ ਜ਼ਿਆਦਾ ਪਹਿਲ ਦਿੱਤੀ। ਧੁੱਪ ਦੇ ਨਾਲ ਚੱਲਣ ਵਾਲੀਆਂ ਠੰਡੀਆਂ ਹਵਾਵਾਂ ਕਾਰਣ ਠੰਡ ਦਾ ਕਹਿਰ ਵੀ ਜਲੰਧਰ ਦੇ ਲੋਕਾਂ ਨੂੰ ਝੱਲਣਾ ਪਿਆ।

ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ 24 ਘੰਟਿਆਂ ਦੌਰਾਨ ਵੀ ਜਲੰਧਰ 'ਚ ਅਜਿਹਾ ਹੀ ਮੌਸਮ ਬਣਿਆ ਰਹਿ ਸਕਦਾ ਹੈ। ਜਲੰਧਰ ਦਾ ਘੱਟੋ-ਘੱਟ ਤਾਪਮਾਨ ਸ਼ੁੱਕਰਵਾਰ ਨੂੰ 4.0 ਤੋਂ ਘਟ ਕੇ 2.4 ਡਿਗਰੀ ਸੈਲਸੀਅਸ ਤੱਕ ਜਾ ਪਹੁੰਚਿਆ, ਉਥੇ ਹੀ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 14.2 ਤੋਂ ਵਧ ਕੇ 15.0 ਡਿਗਰੀ ਸੈਲਸੀਅਸ ਤੱਕ ਜਾ ਪਹੁੰਚਿਆ ਹੈ। ਦੋਵਾਂ ਤਾਪਮਾਨਾਂ 'ਚ ਫਰਕ ਵਧ ਕੇ 12.6 ਡਿਗਰੀ ਸੈਲਸੀਅਸ ਤੱਕ ਜਾ ਪਹੁੰਚਿਆ ਹੈ। ਠੰਡੀਆਂ ਹਵਾਵਾਂ ਦੀ ਰਫਤਾਰ ਉੱਤਰ ਦੱਖਣ ਵੱਲੋਂ ਸਵੇਰ ਦੇ ਸਮੇਂ 7 ਤੋਂ 22 ਅਤੇ ਰਾਤ ਦੇ ਸਮੇਂ ਵੀ ਇਸ ਦਿਸ਼ਾ 'ਚ 7 ਤੋਂ 9 ਕਿਲੋਮੀਟਰ ਪ੍ਰਤੀ ਘੰਟਿਆਂ ਦੇ ਆਲੇ-ਦੁਆਲੇ ਦਰਜ ਕੀਤੀ ਗਈ ਹੈ।

ਮੌਸਮ ਮਾਹਿਰਾਂ ਅਨੁਸਾਰ 11 ਜਨਵਰੀ ਨੂੰ ਆਸਮਾਨ 'ਚ ਬੱਦਲਾਂ ਦੀ ਘੇਰਾਬੰਦੀ ਮਜ਼ਬੂਤ ਹੋਣ ਅਤੇ ਦਿਨ ਦੇ ਸਮੇਂ ਹਲਕੀ ਧੁੱਪ ਹੋਣ ਦੀ ਭਵਿੱਖਬਾਣੀ ਮੌਸਮ ਵਿਭਾਗ ਵਲੋਂ ਕੀਤੀ ਗਈ ਹੈ, ਜਦਕਿ 12 ਜਨਵਰੀ ਨੂੰ ਆਸਮਾਨ 'ਚ ਬੱਦਲ ਛਾਏ ਰਹਿਣ ਅਤੇ ਦਿਨ 'ਚ ਇਕ ਦੋ ਵਾਰ ਬਿਜਲੀ ਚਮਕਣ ਦੇ ਨਾਲ ਮੀਂਹ ਪੈਣ ਦੀ ਉਮੀਦ ਜਤਾਈ ਗਈ ਹੈ। 13 ਜਨਵਰੀ ਨੂੰ ਵੀ ਆਸਮਾਨ 'ਚ ਬੱਦਲ ਛਾਏ ਰਹਿਣਗੇ, ਉਥੇ ਸੂਰਜ ਅਤੇ ਬੱਦਲਾਂ ਦੀ ਲੁਕਣ-ਮੀਟੀ ਅਤੇ ਮੀਂਹ ਦੀ ਵੀ ਸੰਭਾਵਨਾ ਬਣੀ ਰਹੇਗੀ। 14 ਜਨਵਰੀ ਦਿਨ ਦੀ ਸ਼ੁਰੂਆਤ ਧੁੰਦ ਦੇ ਨਾਲ ਹੋਣ ਅਤੇ ਦਿਨ ਚੜ੍ਹਨ ਦੇ ਨਾਲ-ਨਾਲ ਧੁੱਪ ਖਿੜਨ ਸਬੰਧੀ ਭਵਿੱਖਬਾਣੀ ਮੌਸਮ ਮਾਹਿਰਾਂ ਵਲੋਂ ਕੀਤੀ ਗਈ ਹੈ। 15 ਜਨਵਰੀ ਨੂੰ ਬੱਦਲਾਂ ਦੇ 'ਚ ਸੂਰਜ ਲੁਕੇ ਰਹਿਣ ਦੀ ਉਮੀਦ ਜਤਾਈ ਗਈ ਹੈ। 16 ਜਨਵਰੀ ਨੂੰ ਵੀ ਆਸਮਾਨ 'ਚ ਬੱਦਲ ਤਾਂ ਛਾਏ ਰਹਿ ਸਕਦੇ ਹਨ ਪਰ ਸੂਰਜ ਦੀ ਗਰਮਾਹਟ ਵਧਣ ਦੇ ਨਾਲ-ਨਾਲ ਉਸ ਦੀ ਬੱਦਲਾਂ ਨਾਲ ਲੁਕਣ-ਮੀਟੀ ਵੀ ਬਣੀ ਰਹਿ ਸਕਦੀ ਹੈ। ਅਗਲੇ ਦਿਨਾਂ ਦੌਰਾਨ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 14 ਤੋਂ 16 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਅਤੇ ਘੱਟ ਤੋਂ ਘੱਟ ਤਾਪਮਾਨ 3 ਤੋਂ 7 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਰਹਿਣ ਦੀ ਉਮੀਦ ਜਤਾਈ ਗਈ ਹੈ।

Anuradha

This news is Content Editor Anuradha