ਆ ਰਹੀ ਗਰਮੀ ’ਚ ਸ਼ਹਿਰ ਵਾਸੀਆਂ ’ਤੇ ਮੰਡਰਾਅ ਰਿਹੈ ਡਾਇਰੀਆ ਅਤੇ ਹੋਰ ਬੀਮਾਰੀਆਂ ਦਾ ਖ਼ਤਰਾ

03/18/2021 1:00:18 PM

ਮੋਗਾ (ਸੰਦੀਪ ਸ਼ਰਮਾ) - ਪਿਛਲੇ ਲਗਭਗ 1 ਸਾਲ ਤੋਂ ਵਿਸ਼ਵ ਭਰ ਵਿਚ ਕੋਰੋਨਾ ਮਹਾਮਾਰੀ ਨੇ ਪੈਰ ਪਸਾਰ ਰੱਖੇ ਹਨ। ਜੇਕਰ ਮੋਗਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਕੋਰੋਨਾ ਮਰੀਜ਼ਾਂ ਦੀ ਗਿਣਤੀ 3000 ਤੋਂ ਉਪਰ ਹੋ ਚੁੱਕੀ ਹੈ ਅਤੇ 95 ਕੋਰੋਨਾ ਪਾਜ਼ੇਟਿਵ ਮਰੀਜ਼ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ। ਆਉਣ ਵਾਲੇ ਗਰਮੀ ਦੇ ਮੌਸਮ ’ਚ ਸ਼ਹਿਰ ਵਾਸੀਆਂ ਤੇ ਕੋਰੋਨਾ ਹੀ ਨਹੀਂ ਸਗੋਂ ਪੀਲੀਆ, ਡਾਇਰੀਆ ਅਤੇ ਹੈਜਾ ਸਮੇਤ ਹੋਰ ਢਿੱਡ ਨਾਲ ਸਬੰਧਤ ਬੀਮਾਰੀਆਂ ਦਾ ਖ਼ਤਰਾ ਮੰਡਰਾਅ ਰਿਹਾ ਹੈ, ਜਿਸ ਦਾ ਕਾਰਣ ਸ਼ਹਿਰ ਵਿਚ ਨਗਰ ਨਿਗਮ ਵਲੋਂ ਘਰ-ਘਰ ਵਿਚ ਹੋ ਰਹੀ ਨਾ ਪੀਣਯੋਗ ਪਾਣੀ ਦੀ ਸਪਲਾਈ ਹੈ। 

ਇਸ ਦਾ ਖ਼ੁਲਾਸਾ ਬੀਤੇ ਹਫ਼ਤੇ ਸਿਹਤ ਵਿਭਾਗ ਦੀ ਟੀਮ ਵਲੋਂ ਸ਼ਹਿਰ ਦੇ ਵੱਖ-ਵੱਖ ਸੰਵੇਦਨਸ਼ੀਲ ਖੇਤਰਾਂ, ਜਿਨ੍ਹਾਂ ਵਿਚ ਪਹਿਲਾਂ ਵੀ ਅਜਿਹੀ ਬੀਮਾਰੀਆਂ ਫੇਲ ਹੋ ਚੁੱਕੀਆਂ ਹਨ, ਨਾਲ ਪੀਣ ਦੇ ਪਾਣੀ ਦੇ ਸੈਂਪਲ ਲੈਣ ਅਤੇ ਇਸ ਦੀ ਸਾਹਮਣੇ ਆਈ ਰਿਪੋਰਟ ਤੋਂ ਹੋਇਆ ਹੈ। ਇਸ ਸਬੰਧ ’ਚ ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਅਤੇ ਸਹਾਇਕ ਸਿਵਲ ਸਰਜਨ ਡਾ. ਜਸਵੰਤ ਸਿੰਘ ਵਲੋਂ ਲਿਖਤੀ ਤੌਰ ’ਤੇ ਨਗਰ ਨਿਗਮ ਕਮਿਸ਼ਨਰ ਨੂੰ ਇਸ ਸਬੰਧੀ ਪੱਤਰ ਭੇਜਣ ਅਤੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਬੰਧਤ ਇਲਾਕਿਆਂ ਵਿਚ ਪੁਖਤਾ ਪ੍ਰਬੰਧ ਕਰਵਾਉਣ ਦੀ ਅਪੀਲ ਕੀਤੀ ਗਈ ਹੈ।

ਸਿਹਤ ਵਿਭਾਗ ਨੇ ਵੱਖ-ਵੱਖ ਇਲਾਕਿਆਂ ’ਚੋਂ ਲਏ ਸਨ ਪੀਣ ਵਾਲੇ ਪਾਣੀ ਦੇ 12 ਸੈਂਪਲ
ਆਉਣ ਵਾਲੇ ਦਿਨਾਂ ਵਿਚ ਗਰਮੀ ਦਾ ਪ੍ਰਕੋਪ ਵਧਣ ਦੀ ਸੰਭਾਵਨਾਂ ’ਤੇ ਪਿਛਲੇ ਕੁਝ ਸਾਲਾਂ ਦੇ ਮੌਸਮ ਵਿਚ ਲਗਾਤਾਰ ਡਾਇਰੀਆ ਅਤੇ ਹੈਜਾ ਦੇ ਫੈਲਣ ਨੂੰ ਦੇਖਣ ਨੂੰ ਮਿਲ ਰਿਹਾ ਹੈ। ਦੂਜੇ ਪਾਸੇ ਇਸ ਵਾਰ ਕੋਰੋਨਾ ਲਾਗ ਦੇ ਹਲਾਤ ਦੇ ਮੱਦੇਨਜ਼ਰ ਸਿਹਤ ਵਿਭਾਗ ਵਲੋਂ ਪਹਿਲਾਂ ਹੀ ਇਸ ਸਬੰਧੀ ਪੁਖਤਾ ਪ੍ਰਬੰਧ ਕਰਵਾਉਣ ਦੇ ਅਧੀਨ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਸਮੇਤ ਸ਼ਹਿਰ ਦੇ ਹੋਰ ਸੰਵੇਦਨਸ਼ੀਲ ਇਲਾਕਿਆਂ ਤੋਂ ਨਗਰ ਨਿਗਮ ਦੀ ਪੀਣ ਦੇ ਪਾਣੀ ਦੀ ਸਪਲਾਈ ਦੇ 12 ਸੈਂਪਲ ਲਏ ਗਏ ਸਨ। ਪਾਣੀ ਦੀ ਜਾਂਚ ਲਈ ਸੈਂਪਲਾਂ ਨੂੰ ਵਿਭਾਗੀ ਲੈਬਾਰਟਰੀ ’ਚ ਭਿਜਵਾਇਆ ਗਿਆ ਸੀ, ਜਿਸਦੀ ਰਿਪੋਰਟ ਨੇ ਸਿਹਤ ਵਿਭਾਗ ਨੂੰ ਹੈਰਾਨ ਕਰ ਦਿੱਤਾ। ਰਿਪੋਰਟ ਅਨੁਸਾਰ ਇਨ੍ਹਾਂ 12 ਸੈਂਪਲਾਂ ਵਿਚੋਂ ਸਿਵਲ ਹਸਪਤਾਲ ਮੋਗਾ ਮਟਾਂ ਵਾਲਾ ਵਿਹੜਾ, ਇਕ ਹੋਰ ਸੈਂਪਲ ਨੂੰ ਛੱਡ ਬਾਕੀ 9 ਸੈਂਪਲ ਫੇਲ ਹੋਣ ਦਾ ਖੁਲਾਸਾ ਹੋਇਆ ਹੈ।

ਹੇਠ ਲਿਖੇ ਇਲਾਕਿਆਂ ਦੇ ਲਏ ਗਏ ਸਨ ਸੈਂਪਲ
ਸਿਵਲ ਹਸਪਤਾਲ ਮੋਗਾ, ਬਸਤੀ ਬਹਾਦਰ ਸਿੰਘ, ਨਿਗਾਹਾ ਰੋਡ, ਬਸਤੀ ਮੋਹਨ ਸਿੰਘ, ਗਲੀ ਜੀਵਨ ਸਿੰਘ, ਗਲੀ ਮਰਾਸੀਆਂ ਵਾਲੀ, ਗਲੀ ਹਜ਼ਾਰਾਂ ਸਿੰਘ, ਮਟਾਂਵਾਲਾ ਵਿਹੜਾ, ਸਰਦਾਰ ਨਗਰ, ਪ੍ਰੇਮ ਨਗਰ। ਸਿਹਤ ਅਧਿਕਾਰੀਆਂ ਅਨੁਸਾਰ ਸਿਵਲ ਹਸਪਤਾਲ, ਹਜ਼ਾਰਾਂ ਸਿੰਘ ਨਗਰ ਅਤੇ ਮਟਾਂਵਾਲਾ ਵਿਹੜਾ ਨੂੰ ਛੱਡ ਬਾਕੀ ਸਾਰੇ ਇਲਾਕਿਆਂ ਦੇ ਪੀਣ ਵਾਲੇ ਪਾਣੀ ਦੇ ਸੈਂਪਲ ਨਾ ਪੀਣਯੋਗ ਅਤੇ ਫੇਲ ਆਏ ਹਨ।

ਸ਼ਹਿਰ ਦੇ ਹਾਲਾਤ ਗੰਭੀਰ, ਨਗਰ ਨਿਗਮ ਨੂੰ ਲਿਖਤੀ ਤੌਰ ’ਤੇ ਦਿੱਤੀ ਸੂਚਨਾ
ਪੀਣ ਵਾਲੇ ਪਾਣੀ ਦੇ ਸੈਂਪਲ ਦੀ ਰਿਪੋਰਟ ਸਬੰਧੀ ਪੁਸ਼ਟੀ ਕਰਦੇ ਹੋਏ ਸਿਵਲ ਸਰਜਨ ਡਾ. ਅਮ੍ਰਿਤ ਕੌਰ ਬਾਜਵਾ, ਸਹਾਇਕ ਸਿਵਲ ਸਰਜਨ ਡਾ. ਜਸਵੰਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵਲੋਂ ਲਏ ਗਏ 12 ਸੈਂਪਲਾਂ ਵਿਚੋਂ ਸਿਰਫ਼ 3 ਸੈਂਪਲ ਪਾਸ ਹੋਏ ਹਨ। ਬਾਕੀ ਦੇ ਸੈਂਪਲ ਫੇਲ ਹੋਣ ਕਰਕੇ ਉਨ੍ਹਾਂ ਵਲੋਂ ਨਗਰ ਨਿਗਮ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਨੂੰ ਇਸ ਸਬੰਧੀ ਲਿਖਤੀ ਤੌਰ ’ਤੇ ਸੂਚਨਾ ਦੇ ਦਿੱਤੀ ਗਈ ਹੈ। ਤੁਰੰਤ ਪ੍ਰਭਾਵਿਤ ਇਲਾਕਿਆਂ ਨੂੰ ਪੀਣ ਵਾਲੇ ਪਾਣੀ ਦੇ ਟੈਂਕਰ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ।

ਕੀ ਕਹਿਣੈ ਨਗਰ ਨਿਗਮ ਕਮਿਸ਼ਨਰ ਦਾ
ਇਸ ਮਾਮਲੇ ਸਬੰਧੀ ਜਦ ਨਗਰ ਨਿਗਮ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਭੇਜੇ ਗਏ ਪੱਤਰ ਦੇ ਆਧਾਰ ’ਤੇ ਪ੍ਰਭਾਵਿਤ ਇਲਾਕਿਆਂ ਵਿਚ ਸਬੰਧਤ ਟੈਂਕੀਆਂ ਦੀ ਕਲੋਰੀਨੇਸ਼ਨ ਅਤੇ ਘਰਾਂ ਵਿਚ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਉਹ ਆਉਣ ਵਾਲੇ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਇਸ ਸਬੰਧੀ ਪੁਖਤਾ ਪ੍ਰਬੰਧ ਕਰਵਾਏ ਜਾਣਗੇ ਤਾਂ ਕਿ ਗਰਮੀ ਦੇ ਮੌਸਮ ਵਿਚ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਨਾਲ ਉਨ੍ਹਾਂ ਦੀ ਸਿਹਤ ਦਾ ਕੋਈ ਨੁਕਸਾਨ ਨਾ ਹੋਵੇ।

rajwinder kaur

This news is Content Editor rajwinder kaur